Close
Menu

ਰਾਸ਼ਟਰਪਤੀ ਸਿਰੀਸੇਨਾ ਨੂੰ ਮਾਰਨ ਦੀ ਸਾਜ਼ਿਸ਼ ਘੜਨ ਸਬੰਧੀ ਰਿਪੋਰਟਾਂ ਖਾਰਜ

-- 18 October,2018

ਕੋਲੰਬੋ, 18 ਅਕਤੂਬਰ
ਸ੍ਰੀਲੰਕਾ ਸਰਕਾਰ ਨੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਆਈਆਂ ਉਨ੍ਹਾਂ ਰਿਪੋਰਟਾਂ ਨੂੰ ‘ਝੂਠ ਦਾ ਪੁਲੰਦਾ’ ਦਸਦਿਆਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਵੱਲੋਂ ਭਾਰਤ ਦੀ ਖੁਫ਼ੀਆ ਏਜੰਸੀ ਰਾਅ (ਰਿਸਰਚ ਤੇ ਅਨੈਲੇਸਿਸ ਵਿੰਗ) ’ਤੇ ਉਨ੍ਹਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ ਸੀ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਸਿਰੀਸੇਨਾ ਨੇ ਭਾਰਤ ਨੂੰ ਬੰਦਰਗਾਹ ਨਾਲ ਸਬੰਧਤ ਅਹਿਮ ਪ੍ਰਾਜੈਕਟ ਦੇਣ ਦਾ ਵਿਰੋਧ ਕੀਤਾ ਸੀ। ਇਹ ਮੀਡੀਆ ਰਿਪੋਰਟਾਂ ਅਜਿਹੇ ਸਮੇਂ ਆਈਆਂ ਹਨ ਜਦੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਵੀਂ ਦਿੱਲੀ ਦੀ ਫੇਰੀ ਪਾਉਣ ਦੀ ਤਿਆਰੀ ਖਿੱਚੀ ਬੈਠੇ ਹਨ। ਆਪਣੀ ਇਸ ਫੇਰੀ ਦੌਰਾਨ ਸ੍ਰੀ ਵਿਕਰਮਸਿੰਘੇ ਭਾਰਤ ਦੀ ਹਮਾਇਤ ਵਾਲੇ ਪ੍ਰਾਜੈਕਟਾਂ, ਜਿਨ੍ਹਾਂ ਵਿੱਚ ਇਸ ਟਾਪੂ ਮੁਲਕ ਵਿਚਲਾ ਪੂਰਬੀ ਟਰਮੀਨਲ ਪ੍ਰਾਜੈਕਟ ਵੀ ਸ਼ੁਮਾਰ ਹੈ, ਨੂੰ ਰਫ਼ਤਾਰ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦਿ ਇਕਾਨੋਮੀਨੈਕਸਟ ਡਾਟ ਕਾਮ ਨੇ ਮੰਗਲਵਾਰ ਨੂੰ ਕੈਬਨਿਟ ਦੀ ਹੰਗਾਮਾਖੇਜ ਮੀਟਿੰਗ ਉਪਰੰਤ ਮੰਤਰਾਲੇ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਿਰੀਸੇਨਾ ਨੇ ਆਪਣੇ ਸੀਨੀਅਰ ਭਾਈਵਾਲ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ’ਤੇ ਦੋਸ਼ ਲਾਇਆ ਹੈ ਕਿ ਉਹ ਉਸ (ਰਾਸ਼ਟਰਪਤੀ) ਅਤੇ ਰੱਖਿਆ ਮੰਤਰਾਲੇ ਵਿੱਚ ਸਾਬਕਾ ਸਕੱਤਰ ਗੋਤਾਭਾਇਆ ਰਾਜਪਕਸੇ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ। ਮੰਤਰੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਰੀ ਸਾਜ਼ਿਸ਼ ਪਿੱਛੇ ਭਾਰਤ ਦੀ ਖੁਫ਼ੀਆ ਏਜੰਸੀ ਰਾਅ ਦਾ ਹੱਥ ਹੈ।
ਇਸ ਦੌਰਾਨ ਕੈਬਨਿਟ ਦੇ ਤਰਜਮਾਨ ਰਜੀਤਾ ਸੇਨਾਰਤਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ। ਸੇਨਾਰਤਨੇ, ਜੋ ਸਰਕਾਰ ਵਿੱਚ ਸਿਹਤ ਮੰਤਰੀ ਵੀ ਹਨ, ਨੇ ਕੈਬਨਿਟ ਸਕੱਤਰ ਐਸ.ਅਭੇਸਿੰਘੇ ਵੱਲੋਂ ਜਾਰੀ ਬਿਆਨ ਪੜ੍ਹਦਿਆਂ ਕਿਹਾ ਕਿ ਰਾਸ਼ਟਰਪਤੀ ਨੇ ‘ਰਾਅ’ ਵੱਲੋਂ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਘੜਨ ਸਬੰਧੀ ਕੋਈ ਗੱਲ ਨਹੀਂ ਕੀਤੀ। ਕੈਬਨਿਟ ਸਕੱਤਰ ਨੇ ਕਿਹਾ, ‘ਕੈਬਨਿਟ ਮੰਤਰੀਆਂ ਦਾ ਮੁਖੀ ਹੋਣ ਦੇ ਨਾਤੇ ਕੈਬਨਿਟ ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਆਈਆਂ ਖ਼ਬਰਾਂ ਦਾ ਨੋਟਿਸ ਜ਼ਰੂਰ ਲਿਆ ਸੀ, ਪਰ ਇਨ੍ਹਾਂ ਖ਼ਬਰਾਂ ਵਿੱਚ ਭੋਰਾ ਵੀ ਸੱਚਾਈ ਨਹੀਂ। ਇਹੀ ਨਹੀਂ ਭਾਰਤ ਸਰਕਾਰ ਜਾਂ ਭਾਰਤੀ ਕੰਪਨੀਆਂ ਦੀ ਹਮਾਇਤ ਨਾਲ ਸ੍ਰੀਲੰਕਾ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਕੋਈ ਵੀ ਦਸਤਾਵੇਜ਼ ਕੈਬਨਿਟ ਮੀਟਿੰਗ ਦੇ ਏਜੰਡੇ ਦਾ ਹਿੱਸਾ ਨਹੀਂ ਸੀ।’ ਰਾਸ਼ਟਰਪਤੀ ਸਿਰੀਸੇਨਾ ਨੇ ਇਸ ਪੂਰੀ ਸਾਜ਼ਿਸ਼ ਦੀ ਸੀਆਈਡੀ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਨਾਖੁ਼ਸ਼ੀ ਜ਼ਾਹਿਰ ਕਰਦਿਆਂ ਮਾਮਲੇ ਦੀ ਜਾਂਚ ਵਿੱਚ ਵਰਤੀ ਜਾ ਰਹੀ ਢਿੱਲ ਲਈ ਅਮਨ ਤੇ ਕਾਨੂੰਨ ਮੰਤਰੀ ਨੂੰ ਕਸੂਰਵਾਰ ਦੱਸਿਆ ਹੈ। ਰਿਪੋਰਟ ਵਿੱਚ ਹਾਲਾਂਕਿ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਕਤਲ ਦੀ ਸਾਜ਼ਿਸ਼ ਘੜਨ ਪਿੱਛੇ ਭਾਰਤ ਦਾ ਹੱਥ ਕਿਵੇਂ ਹੋਣ ਸਬੰਧੀ ਤਫ਼ਸੀਲ ਨਹੀਂ ਦਿੱਤੀ। ਰਾਸ਼ਟਰਪਤੀ ਦੇ ਕਥਿਤ ਕਤਲ ਦੀ ਸਾਜ਼ਿਸ਼ ਘੜਨ ਸਬੰਧੀ ਪਲਾਟ ਦਾ ਖੁਲਾਸਾ ਨਾਮਲ ਕੁਮਾਰਾ ਨਾਂ ਦੇ ਸ਼ਖ਼ਸ ਨੇ ਪਿਛਲੇ ਮਹੀਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀ। ਕੁਮਾਰਾ, ਜੋ ਖ਼ੁਦ ਨੂੰ ਭ੍ਰਿਸ਼ਟਾਚਾਰ ਵਿਰੋਧੀ ਫੋਰਸ ਦਾ ਨੁਮਾਇੰਦਾ ਦੱਸਦਾ ਹੈ, ਪੁਲੀਸ ਦੇ ਇਨਫਾਰਮਰ ਵਜੋਂ ਕੰਮ ਕਰ ਚੁੱਕਾ ਹੈ।

Facebook Comment
Project by : XtremeStudioz