Close
Menu

ਰਾਹੁਲ ਕੇਰਲ ਤੋਂ ਵੀ ਚੋਣ ਲੜਨਗੇ

-- 01 April,2019

ਨਵੀਂ ਦਿੱਲੀ, ਦੱਖਣੀ ਭਾਰਤ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਆਪਣੇ ਰਵਾਇਤੀ ਹਲਕੇ ਅਤੇ ਕਾਂਗਰਸ ਦੇ ਗੜ੍ਹ ਅਮੇਠੀ (ਯੂਪੀ) ਤੋਂ ਵੀ ਉਹ ਚੋਣ ਲੜਨਗੇ। ਇਸ ਦਾ ਐਲਾਨ ਸਾਬਕਾ ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਕੀਤਾ। ਐਂਟਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਸੂਬਾਈ ਇਕਾਈ ਨੇ ਚੋਣ ਲੜਨ ਦੀ ਬੇਨਤੀ ਕੀਤੀ ਜੋ ਉਨ੍ਹਾਂ ਸਵੀਕਾਰ ਲਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਦੱਖਣੀ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਮੇਠੀ ਨੂੰ ਉਹ ਕਦੇ ਨਹੀਂ ਛੱਡਣਗੇ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੂੰ ਖੱਬੇ ਪੱਖੀਆਂ ਖ਼ਿਲਾਫ਼ ਜੰਗ ਗਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਭਾਜਪਾ ਖ਼ਿਲਾਫ਼ ਸਾਂਝੇ ਸੰਘਰਸ਼ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿਚ ਸਿੱਧਾ ਮੁਕਾਬਲਾ ਐੱਲਡੀਐੱਫ ਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐੱਫ ਵਿਚਾਲੇ ਹੈ, ਪਰ ਕਾਂਗਰਸ ਪ੍ਰਧਾਨ ਦੇ ਚੋਣ ਲੜਨ ਨੂੰ ਉਹ ਕੋਈ ਅਹਿਮੀਅਤ ਨਹੀਂ ਦਿੰਦੇ।

ਰਾਹੁਲ ਨੂੰ ਹਰਾਵਾਂਗੇ: ਕਰਤ
ਨਵੀਂ ਦਿੱਲੀ: ਕਾਂਗਰਸ ਦੇ ਇਸ ਐਲਾਨ ’ਤੇ ਟਿੱਪਣੀ ਕਰਦਿਆਂ ਸੀਪੀਆਈ (ਐਮ) ਦੇ ਪੋਲਿਟ ਬਿਊਰੋ ਮੈਂਬਰ ਪ੍ਰਕਾਸ਼ ਕਰਤ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਕੇਰਲ ਵਿਚ ਖੱਬੇ ਪੱਖੀਆਂ ਦਾ ਮੁਕਾਬਲਾ ਕਰਨਾ ਚਾਹੁੰਦੀ ਹੈ ਜਦਕਿ ਇਹ ਭਾਜਪਾ ਖ਼ਿਲਾਫ਼ ਉਸ ਦੇ ਸੰਘਰਸ਼ ਦੀ ਵਚਨਬੱਧਤਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਚੋਣ ਲੜਨ ’ਤੇ ਪਾਰਟੀ ਉਸ ਨੂੰ ਹਰਾਉਣ ਲਈ ਪੂਰੀ ਤਾਕਤ ਲਗਾ ਦੇਵੇਗੀ।

Facebook Comment
Project by : XtremeStudioz