Close
Menu

ਰਾਹੁਲ ਗਾਂਧੀ ਦੀ ‘ਛੁੱਟੀ’ ਨਾਲ ਬਾਜਵਾ ਨੂੰ ‘ਬੁਖਾਰ

-- 27 February,2015

ਚੰਡੀਗੜ੍,  ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਚਾਨਕ ਛੁੱਟੀ ‘ਤੇ ਜਾਣ ਨਾਲ ਜਿੱਥੇ ਦਿੱਲੀ ਵਿਚ ਪਾਰਟੀ ਮੁੱਖ ਦਫ਼ਤਰ ਵਿਚ ਉਨ੍ਹਾਂ ਦੇ ਇਰਾਦਿਆਂ, ਮਕਸਦ ਤੇ ਮਨਸ਼ਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ, ਉੱਥੇ ਹੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਜਗ ਜ਼ਾਹਿਰ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਨਤਕ ਤੌਰ ‘ਤੇ ਵਾਰ-ਵਾਰ ਵਿਰੋਧ ਜਤਾਏ ਜਾਣ ਦੇ ਬਾਵਜੂਦ ਇਸ ਮਹੱਤਵਪੂਰਨ ਅਹੁਦੇ ‘ਤੇ ਬਾਜਵਾ ਨੂੰ ਰਾਹੁਲ ਗਾਂਧੀ ਨੇ ਹੀ ਨਿਯੁਕਤ ਕੀਤਾ ਹੈ।

ਪ੍ਰਦੇਸ਼ ਕਾਂਗਰਸ ਲੰਬੇ ਸਮੇਂ ਤੋਂ ਧੜੇਬਾਜ਼ੀ ਦਾ ਸ਼ਿਕਾਰ ਹੋਈ ਪਰ ਬਾਜਵਾ ਦੀ ਨਿਯੁਕਤੀ ਮਗਰੋਂ ਇਸ ਵਿਚ ਇਕਜੁੱਟਤਾ ਦੀ ਬਜਾਏ ਅੰਦਰੂਨੀ ਕਲੇਸ਼ ਹੋਰ ਵੀ ਵਧ ਗਿਆ। ਮਈ, 2014 ਵਿਚ ਲੋਕ ਸਭਾ ਚੋਣਾਂ ਹਾਰਨ ਮਗਰੋਂ ਕੇਂਦਰ ਵਿਚ ਸੱਤਾ ਪਰਿਵਰਤਨ ਮਗਰੋਂ ਪੰਜਾਬ ਵਿਚ ਬਾਜਵਾ ਦੇ ਵਿਰੁੱਧ ਬਾਗੀ ਸੁਰ ਹੋਰ ਬੁਲੰਦ ਹੋ ਗਏ। ਬਾਜਵਾ ਖੁਦ ਵੀ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਹਾਰ ਚੁੱਕੇ ਹਨ। ਜਦਕਿ ਅਮਰਿੰਦਰ ਅੰਮ੍ਰਿਤਸਰ ਤੋਂ ਭਾਜਪਾ ਦੇ ਦਿੱਗਜ਼ ਅਰੁਣ ਜੇਤਲੀ ਨੂੰ ਹਰਾ ਕੇ ਪਾਰਲੀਮੈਂਟ ਵਿਚ ਦਾਖਲ ਹੋਣ ਵਿਚ ਕਾਮਯਾਬ ਰਹੇ। ਇਸ ਮਗਰੋਂ ਬਾਜਵਾ ਦੀ ਕਮਾਨ ‘ਚ ਲੜੀ ਤਲਵੰਡੀ ਸਾਬੋ ਵਿਧਾਨ ਸਭਾ ਉਪ ਚੋਣ ਵਿਚ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਅਮਰਿੰਦਰ ਦੀ ਧਰਮਪਤਨੀ ਪ੍ਰਨੀਤ ਕੌਰ  ਪਟਿਆਲਾ ਉਪ-ਚੋਣ ਵਿਚ ਜੇਤੂ ਰਹੀ।

ਤਰਸਯੋਗ ਕਾਰਗੁਜ਼ਾਰੀ : ਰਹੀ ਸਹੀ ਕਸਰ ਹੁਣ ਸਥਾਨਕ ਸਰਕਾਰਾਂ ਚੋਣਾਂ ਵਿਚ ਪਾਰਟੀ ਦੀ ਤਰਸਯੋਗ ਕਾਰਗੁਜ਼ਾਰੀ ਨੇ ਪੂਰੀ ਕਰ ਦਿੱਤੀ ਹੈ। ਜਿੱਥੇ ਜ਼ਿਆਦਾਤਰ ਥਾਵਾਂ ‘ਤੇ ਇਸਦੇ ਹੱਥ ਕੁੱਝ ਨਹੀਂ ਲੱਗਾ। ਕਾਂਗਰਸ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਨੂੰ ਹਟਾ ਕੇ ਕਾਂਗਰਸ ਦੀ ਵਾਗਡੋਰ ਮੁੜ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਫੜਾਉਣ ਦੇ ਪੱਖ ਵਿਚ ਹਨ। ਇਸ ਸਿਲਸਿਲੇ ਵਿਚ ਉਹ ਦਿੱਲੀ ਵਿਚ ਰਾਹੁਲ ਗਾਂਧੀ ਦੇ ਸਾਹਮਣੇ ਪੇਸ਼ ਹੋ ਕੇ ਵੀ ਆਪਣੀ ਗੱਲ ਕਹਿ ਚੁੱਕੇ ਹਨ।

ਰੈਲੀ ਬਨਾਮ ਰੈਲੀ : ਅਮਰਿੰਦਰ ਨੇ ਜਨਵਰੀ ਵਿਚ ਅੰਮ੍ਰਿਤਸਰ ਵਿਚ ਇਕ ਵਿਸ਼ਾਲ ਲਲਕਾਰ ਰੈਲੀ ਆਯੋਜਿਤ ਕਰਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ। ਜਿਸਦੇ ਜਵਾਬ ਵਿਚ ਬਾਜਵਾ ਨੇ ਮਾਰਚ ਮਹੀਨੇ ਵਿਚ ਮੋਗਾ ਵਿਚ ਭੋਂ ਪ੍ਰਾਪਤੀ ਬਿੱਲ ਦੇ ਮੁੱਦੇ ‘ਤੇ ਆਪਣੀ ਰੈਲੀ ਆਯੋਜਿਤ ਕਰਨ ਦਾ ਐਲਾਨ ਕੀਤਾ ਜਿਸ ਵਿਚ ਰਾਹੁਲ ਗਾਂਧੀ ਨੂੰ ਸੱਦਾ ਦਿੱਤਾ ਗਿਆ ਸੀ ਪਰ ਹੁਣ ਰਾਹੁਲ ਗਾਂਧੀ ਦੇ ਅਚਾਨਕ ਛੁੱਟੀ ‘ਤੇ ਚਲੇ ਜਾਣ ਨਾਲ ਇਸ ਰੈਲੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਹ ਰੈਲੀ 29 ਮਾਰਚ ਨੂੰ ਆਯੋਜਿਤ ਹੋਣੀ ਸੀ ਪਰ ਹੁਣ ਪਾਰਟੀ ਸੂਤਰ ਕਹਿ ਰਹੇ ਹਨ ਕਿ ਇਸ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ।

ਕਦੋਂ ਪਰਤਣਗੇ? : ਦਿੱਲੀ ਤੋਂ ਮਿਲਣ ਵਾਲੀਆਂ ਖ਼ਬਰਾਂ ਅਨੁਸਾਰ ਰਾਹੁਲ ਗਾਂਧੀ ਛੁੱਟੀ ‘ਤੇ ਆਪਣੇ ਨਾਲ 8 ਸੂਟਕੇਸ, 2 ਨਜ਼ਦੀਕੀ ਸਾਥੀ ਤੇ ਇਕ ਐੱਨ. ਐੱਸ. ਜੀ. ਗਾਰਡ ਲੈ ਕੇ ਗਏ ਹਨ। ਉਹ ਕਦੋਂ ਪਰਤਣਗੇ ਇਸ ਵਿਸ਼ੇ ‘ਤੇ ਕੋਈ ਵੀ ਪੱਕੇ ਤੌਰ ‘ਤੇ ਬੋਲਣ ਲਈ ਤਿਆਰ ਨਹੀਂ ਹੈ। ਇੱਥੋਂ ਤੱਕ ਕਿ ਇਹ ਵੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਹ ਛੁੱਟੀ ‘ਤੇ ਵਿਦੇਸ਼ ਗਏ ਹਨ ਜਾਂ ਫਿਰ ਦੇਸ਼ ਵਿਚ ਹੀ ਕਿਤੇ ਆਤਮਮੰਥਨ ਕਰ ਰਹੇ ਹਨ।

ਤਰੀਕ ਵਿਚ ਬਦਲਾਅ : ਬਾਜਵਾ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਰਾਹੁਲ ਗਾਂਧੀ 29 ਮਾਰਚ ਤੋਂ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਆ ਜਾਣਗੇ ਤੇ ਮੋਗਾ ਰੈਲੀ ਵਿਚ ਹਿੱਸਾ ਵੀ ਲੈਣਗੇ। ਪਰ ਅਜੇ ਪੱਕੇ ਤੌਰ ‘ਤੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਜ਼ਮੀਨ ਅਕਵਾਇਰ ਐਕਟ ‘ਚ ਮੋਦੀ ਸਰਕਾਰ ਵਲੋਂ ਪ੍ਰਸਤਾਵਿਤ ਸੋਧ ਦਾ ਮੁੱਦਾ ਵੀ ਨਜ਼ਦੀਕੀ ਭਵਿੱਖ ਵਿਚ ਠੰਢਾ ਨਹੀਂ ਹੋਣ ਵਾਲਾ ਹੈ। ਇਸ ਲਈ ਰੈਲੀ ਲਾਜ਼ਮੀ ਆਯੋਜਿਤ ਹੋਵੇਗੀ।

ਅਮਰਿੰਦਰ ਦੀ ਵਾਪਸੀ : ਇਹ ਦਿਲਚਸਪ ਗੱਲ ਹੈ ਕਿ ਅਮਰਿੰਦਰ ਨੇ ਬਾਜਵਾ ਦੇ ਮੁੱਦੇ ‘ਤੇ ਹਾਈਕਮਾਨ ਨਾਲ ਆਪਣੀ ਨਾਰਾਜ਼ਗੀ ਜਤਾਉਣ ਲਈ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਤੋਂ ਦੂਰੀ ਬਣਾਏ ਰੱਖੀ ਪਰ ਬਜਟ ਸੈਸ਼ਨ ਵਿਚ ਮੁੜ ਵਾਪਸ ਆਏ ਹਨ ਤੇ ਇਸਦੀ ਕਾਰਵਾਈ ਵਿਚ ਬਾਕਾਇਦਾ ਹਿੱਸਾ ਲੈ ਰਹੇ ਹਨ।

Facebook Comment
Project by : XtremeStudioz