Close
Menu

ਰਾਹੁਲ ਗਾਂਧੀ ਮੁਲਕ ਦੀਆਂ ਅਸਲ ਹਕੀਕਤਾਂ ਤੋਂ ਅਣਜਾਨ ‑ਸੁਖਬੀਰ ਬਾਦਲ

-- 19 September,2013

18-9-13-fdk-Dy-CM-5

ਗੁਰੂ ਕੀ ਢਾਬ ( ਜੈਤੋ ) 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਮੁਲਕ ਦੀਆਂ ਅਸਲ ਹਕੀਕਤਾਂ ਤੋਂ ਅਣਜਾਨ ਹਨ ਤੇ ਉਹ ਲੋਕਾਂ ਨਾਲ ਜੁੜੇ ਹੋਏ ਆਗੂ ਨਹੀਂ ਹਨ ਅਤੇ ਉਨ੍ਹਾਂ ਨੂੰ ਕੇਵਲ ਸਟੇਜਾਂ ਤੇ ਹੀ ਗਰੀਬਾਂ ਦੀ ਚਿੰਤਾ ਆਉਂਦੀ ਹੈ।

ਅੱਜ ਗੁਰੂ ਕੀ ਢਾਬ ( ਜੈਤੋ) ਵਿਖੇ ਵੱਡੀ ਸਿਆਸੀ ਕਾਨਫਰੰਸ ਤੋਂ ਬਾਅਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੂੰ 65 ਸਾਲਾਂ ਦੀ ਦੇਰੀ ਨਾਲ ਗਰੀਬਾਂ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਅਜਾਦੀ ਦੇ ਇੰਨ੍ਹੇ ਸਾਲ ਬਾਅਦ ਵੀ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਵੀ ਪੁਰੀਆਂ ਨਹੀਂ ਹੋਈਆਂ ਹਨ।

ਸ: ਬਾਦਲ ਨੇ ਕਿਹਾ ਕਿ ਕਾਂਗਰਸ ਨੇ ਧਰਮ ਨਿਰੱਪਖਤਾ ਦਾ ਨਕਾਬ ਪਾਇਆ ਹੋਇਆ ਹੈ ਜਦ ਕਿ ਕਾਂਗਰਸ ਸਭ ਤੋਂ ਵਧੇਰੇ ਫਿਰਕੂ ਪਾਰਟੀ ਹੈ ਜੋ ਕਿ ਆਪਣੇ ਸੌੜੇ ਸਿਆਸੀ ਹਿੱਤਾ ਦੀ ਪੂਰਤੀ ਲਈ ਦੇਸ ਵਿਚ ਵੰਡੀਆਂ ਪਾਉਣ ਤੋਂ ਵੀ ਗੁਰੇਜ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਵੀ ਕਾਂਗਰਸ ਨੇ ਸਜਾਵਾਂ ਨਹੀਂ ਦਿੱਤੀਆਂ ਹਨ।

ਇਕ ਹੋਰ ਸਵਾਲ ਦੇ ਉੱਤਰ ਵਿਚ ਸ: ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਸੇਮ ਦੀ ਸਮੱਸਿਆ ਲਈ ਕੇਂਦਰ ਦੀ ਮਦਦ ਅਤੇ ਸੂਬੇ ਦੀ ਆਰਥਿਕ ਹਾਲਤ ਬਾਰੇ ਤੱਥਾਂ ਅਤੇ ਆਂਕੜਿਆਂ ਤੋਂ ਰਹਿਤ ਗੁਮਰਾਹਕੁਨ ਅਤੇ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਪੁਰੀ ਤਰਾਂ ਨਾਲ ਮਜਬੂਤ ਹੈ। ਉਨ੍ਹਾਂ ਕੇਂਹਾ ਕਿ ਕੇਂਦਰ ਸਰਕਾਰ ਰਾਜ ਵਿਚ ਸੇਮ ਦੀ ਸਮੱਸਿਆ ਦੇ ਹੱਲ ਲਈ ਮਦਦ ਨਹੀਂ ਕਰ ਰਹੀ ਹੈ। ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮੁਕਾਬਲੇ ਕਿਤੇ ਜਿਆਦਾ ਕਰਜ ਹੈ ਅਤੇ ਅੱਜ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਤਬਾਹੀ ਦੇ ਕੰਡੇ ਤੇ ਪੁੱਜ ਚੁੱਕੀ ਹੈ।

ਰੇਤੇ ਦੀਆਂ ਕੀਮਤਾਂ ਸਬੰਧੀ ਸ: ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਰੇਤੇ ਦੀਆਂ ਖਾਨਾਂ ਨੂੰ ਵਾਤਾਵਰਨ ਸਬੰਧੀ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ ਜਿਸ ਕਾਰਨ ਸੂਬੇ ਵਿਚ ਰੇਤੇ ਦੀ ਖਾਨਾਂ ਬੰਦ ਪਈਆਂ ਹਨ। ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ 108 ਐਂਬੁਲੈਂਸ ਸੇਵਾ ਲਈ ਫੰਡ ਰੋਕੇ ਜਾਣ ਨੁੰ ਮੰਦਭਾਗਾ ਕਰਾਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਵਿਚ ਸੁਬਾ ਸਰਕਾਰ ਪਹਿਲਾਂ ਹੀ 80 ਫੀਸਦੀ ਹਿੱਸੇਦਾਰੀ ਪਾ ਰਹੀ ਹੈ ਅਤੇ ਫੰਡ ਰੋਕ ਕੇ ਕਾਂਗਰਸ ਨੇ ਆਪਣੀ ਸੌੜੀ ਸਿਆਸਤ ਦਾ ਹੀ ਪ੍ਰਗਟਾਵਾ ਕੀਤਾ ਹੈ।

ਇਸ ਤੋਂ ਪਹਿਲਾਂ ਵੱਡੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿਚ ਹੀ ਬਿਜਲੀ ਸਰਪਲੱਸ ਸੂਬਾ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨਾਲ ਹੀ ਸੂਬੇ ਵਿਚ ਵਿਕਾਸ ਲਈ ਮਹੌਲ ਬਣਦਾ ਹੈ। ਇਸੇ ਲਈ ਆਉਣ ਵਾਲੇ 3 ਸਾਲਾਂ ਵਿਚ 14 ਹਜਾਰ ਕਰੋੜ ਰੁਪਏ ਖਰਚ ਕਰਕੇ ਰਾਜ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਚੋਹੁੰ ਅਤੇ ਛੇ ਮਾਰਗੀ ਕੀਤਾ ਜਾਵੇਗਾ। ਉਨ੍ਹਾਂ ਐਲਾਣ ਕੀਤਾ ਕਿ ਇਸ ਸਾਲ 1000 ਹੋਰ ਪਿੰਡਾਂ ਵਿਚ ਪੀਣ ਵਾਲੇ ਪਾਣੀ ਲਈ ਆਰ.ਓ. ਪਲਾਂਟ ਲਗਾਏ ਜਾਣਗੇ ਅਤੇ 2 ਸਾਲਾਂ ਵਿਚ ਸਾਰੇ ਪਿੰਡਾਂ ਨੂੰ ਆਰ.ਓ. ਪਲਾਂਟ ਦੀ ਸਹੁਲਤ ਉਪਲਬੱਧ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਨੀਲੇ ਕਾਰਡ ਧਾਰਕਾਂ ਦੀ ਗਿਣਤੀ ਦੁੱਗਣੀ ਕਰਕੇ 30 ਲੱਖ ਪਰਿਵਾਰਾਂ ਨੂੰ ਆਟਾ ਦਾਲ ਯੋਜਨਾਂ ਦਾ ਲਾਭ ਦਿੱਤਾ ਜਾਵੇਗਾ।

ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਆਪਣੇ ਸਕੰਲਪ ਨੂੰ ਦਹਿਰਾਉਂਦਿਆਂ ਸ: ਬਾਦਲ ਨੇ ਕਿਹਾ ਕਿ ਪਿਛਲੇ 15 ਦਿਨਾਂ ਵਿਚ ਹੀ ਰਾਜ ਵਿਚ 900 ਨਸ਼ਾ ਤਸਕਰ ਕਾਬੂ ਕੀਤੇ ਹਨ।

ਇਸ ਮੌਕੇ ਲੋਕਾਂ ਨੂੰ ਦੇਸ਼ ਵਿਚ ਐਨ.ਡੀ.ਏ. ਦੀ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਸ੍ਰੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਈਆਂ ਜਾਣਗੀਆਂ ਤਾਂ ਜੋ ਕੇਂਦਰ ਵਿਚ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਬਣਨ ਤੇ ਰਾਜ ਦੇ ਵਿਕਾਸ ਲਈ ਕੇਂਦਰ ਤੋਂ ਵੱਡੀਆਂ ਗ੍ਰਾਂਟਾ ਪ੍ਰਾਪਤ ਹੋ ਸਕਣ।

ਇਸ ਮੌਕੇ ਸ੍ਰ. ਬਲਵਿੰਦਰ ਸਿੰਘ ਭੂੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸ੍ਰੀ ਕਮਲ ਸ਼ਰਮਾ ਪ੍ਰਧਾਨ ਬੀ ਜੇ ਪੀ ਪੰਜਾਬ, ਸ੍ਰ. ਬਲਵੰਤ ਸਿਘ ਰਾਮੂਵਾਲੀਆ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ, ਬੀਬੀ ਗੁਰਚਰਨ ਕੌਰ ਪੰਜਗਰਾਂਈ ਸਾਬਕਾ ਮੈਂਬਰ ਰਾਜ ਸਭਾ, ਸ੍ਰ. ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਸ੍ਰੀ ਦੀਪ ਮਲਹੋਤਰਾ ਐਮ ਐਲ ਏ ਫਰੀਦਕੋਟ, ਬੀਬੀ ਕੁਲਵਿੰਦਰ ਕੌਰ ਮੈਂਬਰ ਐਸ ਜੀ ਪੀ ਸੀ, ਸ੍ਰ. ਸੂਬਾ ਸਿੰਘ ਬਾਦਲ, ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਜੱਥੇਦਾਰ ਲਖਮੀਰ ਸਿੰਘ ਅਰਾਈਆਂਵਾਲਾ, ਸ: ਕੁਲਤਾਰ ਸਿੰਘ ਬਰਾੜ ਚੇਅਰਮੈਨ ਜਿਲ੍ਹਾ ਪ੍ਰਧਾਨ, ਸ: ਮੱਖਣ ਸਿੰਘ ਨੰਗਲ, ਸ: ਸੁਖਦੇਵ ਸਿੰਘ ਬਾਠ ਮੈਂਬਰ ਐਸ.ਜੀ.ਪੀ.ਸੀ. ਆਦਿ ਵੀ ਹਾਜਰ ਸਨ।

Facebook Comment
Project by : XtremeStudioz