Close
Menu

ਰਾਹੁਲ ਦੇ ਰੋਡ ਸ਼ੋਅ ਦੌਰਾਨ ਸੁਰੱਖਿਆ ’ਚ ਕੋਤਾਹੀ ਦਾ ਦੋਸ਼

-- 12 April,2019

ਨਵੀਂ ਦਿੱਲੀ, 12 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬੁੱਧਵਾਰ ਨੂੰ ਅਮੇਠੀ ’ਚ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਚਿਹਰੇ ’ਤੇ ਹਰੀ ਲੇਜ਼ਰ ਲਾਈਟ ਪੈਂਦੀ ਰਹੀ ਜਿਸ ਕਾਰਨ ਖ਼ੌਫ਼ ਦਾ ਮਾਹੌਲ ਬਣ ਗਿਆ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਰਾਹੁਲ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ’ਚ ਕੋਤਾਹੀ ਉਸ ਸਮੇਂ ਸਾਹਮਣੇ ਆਈ ਜਦੋਂ ਰੋਡ ਸ਼ੋਅ ਦੌਰਾਨ ਰਾਹੁਲ ਦੇ ਸਿਰ ’ਤੇ ਲੇਜ਼ਰ ਲਾਈਟ ਨਜ਼ਰ ਪਈ। ਇਸ ਨਾਲ ਕਾਂਗਰਸ ਪਾਰਟੀ ’ਚ ਸੁਰੱਖਿਆ ਨੂੰ ਲੈ ਕੇ ਖ਼ਦਸ਼ੇ ਪੈਦਾ ਹੋ ਗਏ ਪਰ ਬਾਅਦ ’ਚ ਪਤਾ ਲੱਗਾ ਕਿ ਇਹ ਲਾਈਟ ਮੋਬਾਈਲ ਫੋਨ ਤੋਂ ਪੈ ਰਹੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਵਿਸ਼ੇਸ਼ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੇ ਡਾਇਰੈਕਟਰ ਨੂੰ ਅਸਲ ਸਥਿਤੀ ਦੀ ਪੜਤਾਲ ਕਰਨ ਲਈ ਕਿਹਾ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਵੀਡੀਓ ਕਲਿੱਪ ਰਾਹੀਂ ਘਟਨਾ ਦੀ ਤਹਿਕੀਕਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਕੁਲ ਹਿੰਦ ਕਾਂਗਰਸ ਕਮੇਟੀ ਦੇ ਫੋਟੋਗ੍ਰਾਫਰ ਵੱਲੋਂ ਵਰਤੇ ਜਾ ਰਹੇ ਮੋਬਾਈਲ ਫੋਨ ਤੋਂ ‘ਗਰੀਨ ਲਾਈਟ’ ਨਿਕਲ ਰਹੀ ਸੀ, ਜੋ ਰਾਹੁਲ ਗਾਂਧੀ ਦੀ ਮੀਡੀਆ ਨਾਲ ਵਾਰਤਾ ਦੀ ਵੀਡੀਓ ਬਣਾ ਰਿਹਾ ਸੀ। ਐਸਪੀਜੀ ਦੇ ਡਾਇਰੈਕਟਰ ਨੇ ਤਸਦੀਕ ਕੀਤੀ ਹੈ ਕਿ ਕਾਂਗਰਸ ਪ੍ਰਧਾਨ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਨੇ ਸੁਰੱਖਿਆ ’ਚ ਕੋਤਾਹੀ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਉਧਰ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਕੋਈ ਪੱਤਰ ਨਹੀਂ ਮਿਲਿਆ ਹੈ।

Facebook Comment
Project by : XtremeStudioz