Close
Menu

ਰਾਹੁਲ ਨੇ ਵੀ ਕੀਤਾ ਸੀ ਮਨਮੋਹਨ ਦਾ ‘ਅਪਮਾਨ’, ਕੀ ਉਹ ਭੁੱਲ ਗਏ- ਅਨੁਪਮ

-- 10 February,2017

ਨਵੀਂ ਦਿੱਲੀ— ਮਸ਼ਹੂਰ ਅਭਿਨੇਤਾ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸੰਬੰਧ ‘ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਣ ਵਾਲੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਹੀ ਸਾਬਕਾ ਪ੍ਰਧਾਨ ਮੰਤਰੀ ਨੂੰ ਸਭ ਤੋਂ ਵਧ ਬੇਇੱਜ਼ਤ ਕੀਤਾ ਹੈ। ਅਨੁਪਮ ਖੇਰ ਨੇ ਟਵੀਟ ਕੀਤਾ ਕਿ ਮੁਆਫ਼ ਕਰਨਾ, ਤੁਹਾਡੇ ਨਾਲੋਂ ਜ਼ਿਆਦਾ ਕਿਸੇ ਨੇ ਵੀ (ਸਾਬਕਾ) ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਨਹੀਂ ਕੀਤੀ ਹੈ। ਪੱਤਰਕਾਰ ਸੰਮੇਲਨ ‘ਚ ਆਰਡੀਨੈਂਸ ਪਾੜਨਾ ਯਾਦ ਹੈ। ਗਾਂਧੀ ਨੇ 28 ਸਤੰਬਰ 2013 ਨੂੰ ਮਨਮੋਹਨ ਸਿੰਘ ਕੈਬਨਿਟ ਵੱਲੋਂ ਪਾਸ ਇਕ ਆਰਡੀਨੈਂਸ ਪਾੜ ਦਿੱਤਾ ਸੀ। ਗਾਂਧੀ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਕ ਪੋਸਟ ਕੀਤਾ ਸੀ, ਜਦੋਂ ਇਕ ਪ੍ਰਧਾਨ ਮੰਤਰੀ ਆਪਣੇ ਸਾਬਕਾ ਅਧਿਕਾਰੀ ਦਾ ਮਜ਼ਾਕ ਉਡਾਉਣ ਲਈ ਹੇਠਲੇ ਪੱਧਰ ਤੱਕ ਖੁਦ ਨੂੰ ਲਿਜਾਂਦੇ ਹਨ, ਉਦੋਂ ਉਹ ਸੰਸਦ ਅਤੇ ਰਾਸ਼ਟਰ ਦੇ ਮਾਣ ਨੂੰ ਸੱਟ ਪਹੁੰਚਾਉਂਦੇ ਹਨ। ਗਾਂਧੀ ਦੀ ਟਿੱਪਣੀ ਖੇਰ ਨੂੰ ਗਲਤ ਲੱਗੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ।
ਜ਼ਿਕਰਯੋਗ ਹੈ ਕਿ ਮੋਦੀ ਨੇ ਨੋਟਬੰਦੀ ਦਾ ਵਿਰੋਧ ਕਰਨ ਲਈ ਮਨਮੋਹਨ ਸਿੰਘ ‘ਤੇ ਵਾਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ‘ਚ ਘੁਟਾਲੇ ‘ਤੇ ਘੁਟਾਲੇ ਹੁੰਦੇ ਰਹੇ ਪਰ ਉਨ੍ਹਾਂ ਨੇ ਆਪਣੇ ਉੱਪਰ ਦਾਗ਼ ਨਹੀਂ ਲੱਗਣ ਦਿੱਤਾ, ਕਿਉਂਕਿ ਬਾਥਰੂਮ ‘ਚ ਰੇਨਕੋਟ ਪਾ ਕੇ ਨਹਾਉਣਾ ਉਹੀ ਜਾਣਦੇ ਹਨ। ਮੋਦੀ ਨੇ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵੀਰਵਾਰ ਨੂੰ ਜਦੋਂ ਇਹ ਟਿੱਪਣੀ ਕੀਤੀ ਤਾਂ ਕਾਂਗਰਸ ਦੇ ਮੈਂਬਰ ਭੜਕ ਗਏ ਅਤੇ ਆਪਣੀਆਂ ਥਾਂਵਾਂ ‘ਤੋਂ ਉੱਠ ਕੇ ਸਦਨ ‘ਚ ਅੱਗੇ ਆ ਗਏ ਅਤੇ ਰੌਲਾ ਪਾਉਣ ਲੱਗੇ। ਕਾਂਗਰਸ ਦੇ ਮੈਂਬਰਾਂ ਨੇ ਇਸ ਦੇ ਵਿਰੋਧ ‘ਚ ਸਦਨ ਤੋਂ ਬਾਈਕਾਟ ਦਾ ਫੈਸਲਾ ਲਿਆ।

Facebook Comment
Project by : XtremeStudioz