Close
Menu

ਰਾਹੁਲ ਲਈ ਭਾਰਤ ਅਤੇ ਇਸ ਦੇ ਲੋਕਾਂ ਨੂੰ ਸਮਝਣਾ ਅਜੇ ਬਾਕੀ ਹੈ-ਸੁਖਬੀਰ ਸਿੰਘ ਬਾਦਲ

-- 07 August,2013

Sukhbir-Singh-Badal

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਵੱਲੋਂ ਗਰੀਬਾਂ ਦੀ ਮੌਜੂਦਾ ਹਾਲਤ ਲਈ ਉਨ੍ਹਾਂ ਦੀ ਸੋਚ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਉਨ੍ਹਾਂ ਦੀ ਸੋਚ ਦੇ ਦਿਵਾਲੀਏਪਨ ਨੂੰ ਦਰਸ਼ਾਉਂਦੀ ਹੈ ਜਿਸ ਨੂੰ ਕਿ ਹਾਲੇ ਤੱਕ ਭਾਰਤ ਤੇ ਇਸ ਦੇ ਲੋਕਾਂ ਦੀ ਪੂਰੀ ਸਮਝ ਨਹੀਂ ਆਈ। ਸ. ਬਾਦਲ ਨੇ ਕਿਹਾ ਕਿ ਸਮਾਜ ਦੇ ਆਰਥਕ ਪੱਖੋਂ ਪਿਛੜੇ ਵਰਗ ਦੇ ਲੋਕਾਂ ਦੇ ਵੀ ਸੁਪਨੇ ਹਨ ਅਤੇ ਉਹ ਵੀ ਜਿੰਦਗੀ ‘ਚ ਤਰੱਕੀ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਰਾਹੁਲ ਨੂੰ ਲੋਕਾਂ ਦੀ ਇਸ ਭਾਵਨਾ ਦੀ ਸਮਝ ਹੀ ਨਹੀਂ ਹੈ ਅਤੇ ਉਹ ਇਸ ਪੱਖ ਤੋਂ ਅਨਜਾਣ ਬਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਗਾਂਧੀ ਪਰਿਵਾਰ ਹੈ ਜਿਸ ਨੇ ਦੇਸ਼ ਨੂੰ ਗਰੀਬੀ, ਭ੍ਰਸ਼ਿਟਾਚਾਰ ਅਤੇ ਆਰਥਕ ਅਸਥਿਰਤਾ ਦੇ ਮਕੜ ਜਾਲ ‘ਚ ਫਸਾਇਆ ਹੋਇਆ ਹੈ।
ਦੇਸ਼ ਦੇ ਕੁਦਰਤੀ ਸੋਮਿਆਂ ਅਤੇ ਟੈਕਸ ਦੇਣ ਵਾਲੇ ਮਿਹਨਤਕਸ਼ ਲੋਕਾਂ ਦੀ ਹੱਡ ਭੰਨਵੀ ਕਮਾਈ ਦੀ ਲੁੱਟ ਵਾਸਤੇ ਨਹਿਰੂ-ਗਾਂਧੀ ਪਰਿਵਾਰ ‘ਤੇ ਸਿੱਧਾ ਹਮਲਾ ਬੋਲਦਿਆਂ ਸ. ਬਾਦਲ ਨੇ ਗਾਂਧੀ ਪਰਿਵਾਰ ਨੂੰ ਸਾਰਿਆਂ ਘੁਟਾਲਿਆਂ ਦੀ ਜੜ੍ਹ ਐਲਾਨਦਿਆਂ ਕਿਹਾ ਕਿ ਇਹ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅਪਣਾਈਆਂ ਗਈਆਂ ਕਾਂਗਰਸ ਦੀਆਂ ਭ੍ਰਿਸ਼ਟ ਨੀਤੀਆਂ ਦਾ ਹੀ ਸਿੱਟਾ ਹੈ ਕਿ ਦੇਸ਼ ਅਜੇ ਵੀ ਗਰੀਬੀ ਦਾ ਸਾਹਮਣਾ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਪਰਿਵਾਰ ਨੇ ਸ੍ਰੀ ਨਹਿਰੂ ਦੇ ਸਮੇਂ ਤੋਂ ਹੀ ਦੇਸ਼ ਦੇ ਖਜ਼ਾਨੇ ਨੂੰ ਲੁੱਟਣ, ਲੁੱਟੀ ਕਮਾਈ ਵਿਦੇਸ਼ੀ ਬੈਂਕਾਂ ‘ਚ  ਜਮ੍ਹਾ ਕਰਵਾਉਣ ਅਤੇ ਫਿਰ ‘ਕਾਂਗਰਸ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਤੋਂ ਕਲੀਨ ਚਿੱਟ ਲੈਣ ਦੀ ਕਲਾ ‘ਚ ਮੁਹਾਰਤ ਹਾਸਿਲ ਕੀਤੀ ਹੋਈ ਹੈ।
ਸ. ਬਾਦਲ ਨੇ ਕਿਹਾ ਕਿ ਸ੍ਰੀ ਨਹਿਰੂ ਦੇ ਸਮੇਂ ਵੀ ਮੁੰਦਰਾ ਅਤੇ ਜੀਪ ਘੁਟਾਲੇ ਨੂੰ ਸੀ.ਬੀ.ਆਈ ਵੱਲੋਂ ਬੁੱਕਲ ‘ਚ  ਲੁਕੋ ਲਿਆ ਗਿਆ ਸੀ ਅਤੇ ਬੋਫੋਰਸ ਘੁਟਾਲੇ ਦੇ ਮਾਮਲੇ ‘ਚ ਵੀ ਕੁਆਤਰੋਚੀ ਨੂੰ ਸੀ.ਬੀ.ਆਈ. ਤੋਂ ਕਲੀਨ ਚਿੱਟ ਦਵਾ ਦਿੱਤੀ ਗਈ ਤਾਂ ਕਿ ਇਸ ਘੁਟਾਲੇ ਦੀਆਂ 10 ਜਨਪਥ ਨਾਲ ਜੁੜਦੀਆਂ ਤਾਰਾਂ ਨੂੰ ਹਨ੍ਹੇਰੇ ‘ਚ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ 2ਜੀ ਘੁਟਾਲਾ ਤੇ ਕੋਲਾ ਘੁਟਾਲਾ ਦੀ ਜਾਂਚ ਵੀ ਸੀ.ਬੀ.ਆਈ. ਨੂੰ ਇਸੇ ਲਈ ਦਿੱਤੀ ਗਈ ਤਾਂ ਕਿ ਗਾਂਧੀ ਪਰਿਵਾਰ ਦੀ ਖਲੜੀ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਦੇਸ਼ ਨੂੰ ਬਚਾਉਣ ਖਾਤਰ ਇੰਨ੍ਹਾਂ ਘੁਟਾਲਿਆਂ ‘ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਨੂੰ ਜੱਗ ਜਾਹਿਰ ਕੀਤਾ ਜਾਵੇ।

Facebook Comment
Project by : XtremeStudioz