Close
Menu

ਰਾਹੁਲ ਵਲੋਂ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਨ ਤੇ ਰੁਜ਼ਗਾਰ ਦੇਣ ਦੇ ਵਾਅਦੇ

-- 27 November,2018

ਜੈਪੁਰ, 27 ਨਵੰਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਜਸਥਾਨ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਦਸ ਦਿਨਾਂ ਦੇ ਅੰਦਰ ਕਿਸਾਨ ਕਰਜ਼ਿਆਂ ’ਤੇ ਲੀਕ ਮਾਰ ਦੇਣਗੇ। ਰਾਹੁਲ ਨੇ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦਿਨ ਵਿੱਚ 18 ਘੰਟੇ ਕੰਮ ਕਰੇਗਾ। ਸ੍ਰੀ ਗਾਂਧੀ ਜੈਸਲਮੇਰ ਜ਼ਿਲ੍ਹੇ ਦੇ ਪੋਖਰਨ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਾਰੇ ਮੰਦੇ ਬੋਲਾਂ ਤੋਂ ਵੀ ਵਰਜਿਆ।
ਕਾਂਗਰਸੀ ਵਰਕਰਾਂ ਨੂੰ ‘ਸ਼ੇਰ’ ਤੇ ‘ਬੱਬਰ ਸ਼ੇਰ’ ਦਸਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ (ਵਰਕਰਾਂ) ਨੂੰ ਚੋਣ ਬੂਥਾਂ ’ਤੇ ਲੜਨਾ ਹੋਵੇਗਾ, ਪਰ ਨਿਮਰਤਾ ਨਾਲ।
ਰਾਹੁਲ ਨੇ ਕਿਹਾ, ‘ਤੁਸੀਂ ਲੋਕ ਹੀ ਰਾਜ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਓਗੇ। ਸਰਕਾਰ ਬਣਨ ਦੇ ਦਸ ਦਿਨਾਂ ਦੇ ਅੰਦਰ ਕਾਂਗਰਸ ਵੱਲੋਂ ਰਾਜ ਦੇ ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਮਾਰ ਦਿੱਤੀ ਜਾਵੇਗੀ।’ ਗਾਂਧੀ ਨੇ ਕਿਹਾ ਕਿ ਉਨ੍ਹਾਂ ਪੰਜਾਬ ਤੇ ਕਰਨਾਟਕ ਚੋਣਾਂ ਦੌਰਾਨ ਵੀ ਅਜਿਹਾ ਵਾਅਦਾ ਕੀਤਾ ਸੀ ਤੇ ਕਾਂਗਰਸ ਸਰਕਾਰਾਂ ਕਿਸਾਨੀ ਕਰਜ਼ੇ ਮੁਆਫ਼ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ 18 ਘੰਟੇ ਕੰਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਏਗਾ। ਰਾਹੁਲ ਨੇ ਕਿਹਾ ਕਿ ਉਹ ਸਿਰਫ਼ ਸੱਚ ਹੀ ਬੋਲਣਗੇ ਤੇ ਅਜਿਹਾ ਕੋਈ ਵਾਅਦਾ ਨਹੀਂ ਕਰਨਗੇ ਜਿਹੜਾ ਪੂਰਾ ਨਾ ਹੋ ਸਕੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਾਰੇ ਕੋਈ ਮੰਦਾ ਸ਼ਬਦ ਬੋਲਣ ਤੋਂ ਵਰਜਦਿਆਂ ਕਿਹਾ ਕਿ ਇਹ ਕੰਮ ਆਰਐਸਐਸ ਜਾਂ ਭਾਜਪਾ ਵਰਕਰਾਂ ਦਾ ਹੈ। ਇਸ ਤੋਂ ਪਹਿਲਾਂ ਸ੍ਰੀ ਗਾਂਧੀ ਅਜਮੇਰ ਦਰਗਾਹ ਤੇ ਪੁਸ਼ਕਰ ਦਾ ਵੀ ਦੌਰਾ ਕੀਤਾ ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕੀਤੀ। ਇਸ ਮੌਕੇ ਰਾਜਥਸਾਨ ਕਾਂਗਰਸ ਦੇ ਮੁਖੀ ਸਚਿਨ ਪਾਇਲਟ ਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਉਨ੍ਹਾਂ ਦੇ ਨਾਲ ਸਨ।

Facebook Comment
Project by : XtremeStudioz