Close
Menu

ਰਾਹੁਲ ਵਲੋਂ ਤਿਲੰਗਾਨਾ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਵਾਅਦਾ

-- 22 October,2018

ਭੈਂਸਾ (ਤਿਲੰਗਾਨਾ), ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਵਿਚ ਜਿੱਤ ਹਾਸਲ ਕਰਦੀ ਹੈ ਤਾਂ ਉਹ ਰਾਜ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਇੱਕੋ ਵਾਰ ਵਿਚ ਮੁਆਫ਼ ਕਰ ਦੇਣਗੇ। ਸ੍ਰੀ ਗਾਂਧੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਦੇ ਮੁੱਖ ਮੰਤਰੀ ਤੇ ਤਿਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐੱਸ) ਦੇ ਮੁਖੀ ਕੇ. ਚੰਦਰਾਸ਼ੇਖਰ ਰਾਓ (ਕੇਸੀਆਰ) ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ’ਤੇ ਝੂਠੇ ਵਾਅਦੇ ਕਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਤਿਲੰਗਾਨਾ ਵਿਚ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਿਰਮਲ ਜ਼ਿਲ੍ਹੇ ਵਿਚ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਪ੍ਰਧਾਨ ਨੇ ਸੂਬੇ ਦੇ ਮੁੱਖ ਮੰਤਰੀ ’ਤੇ ਇਕ ਪ੍ਰਾਜੈਕਟ ਦਾ ਨਾਂ ਬਦਲ ਕੇ ਡਾ. ਬੀ.ਆਰ. ਅੰਬੇਡਕਰ ਦਾ ਨਿਰਾਦਰ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਤਿਲੰਗਾਨਾ ਵਿਚ ਟੀਆਰਐੱਸ ਦੇ ਦਿਨ ਪੁੱਗ ਗਏ ਹਨ ਤੇ ਇਸੇ ਤਰ੍ਹਾਂ ਕੇਂਦਰ ਵਿਚ ਵੀ ਭਾਜਪਾ ਸਰਕਾਰ ਦਾ ਸਫ਼ਾਇਆ ਹੋ ਜਾਵੇਗਾ। ਸ੍ਰੀ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜੀਵ ਸਾਗਰ ਤੇ ਇੰਦਰਾ ਸਾਗਰ ਡੈਮਾਂ ਦੇ ਅੰਦਾਜ਼ਨ ਖ਼ਰਚ ਵਿਚ ਕਥਿਤ ਹੇਰ-ਫੇਰ ਕਰਕੇ ਇਨ੍ਹਾਂ ਨੂੰ ਵਧਾ ਦਿੱਤਾ ਹੈ ਤੇ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੇਂਦਰ ਤੇ ਸੂਬੇ ਵਿਚ ਸਰਕਾਰ ਬਣਾਉਣ ਦੀ ਸੂਰਤ ’ਚ ਅਦਿਵਾਸੀ ਤੇ ਜੰਗਲਾਤ ਹੱਕਾਂ ਬਾਰੇ ਕਾਨੂੰਨ ਨੂੰ ਵੀ ਲਾਗੂ ਕਰੇਗੀ। ਵਿਰੋਧੀ ਪਾਰਟੀਆਂ ਨੇ ਰਾਹੁਲ ’ਤੇ ਕੂੜ ਪ੍ਰਚਾਰ ਕਰਨ ਦਾ ਦੋਸ਼ ਲਾਇਆ ਹੈ।

Facebook Comment
Project by : XtremeStudioz