Close
Menu

ਰਿਸੈਸ਼ਨ ਰਿਪੋਰਟ ਤੋਂ ਬਾਅਦ ਘਾਟੇ ਦੇ ਬੱਜਟ ਤੇ ਚਰਚਾ ਹੋਈ ਤੇਜ਼

-- 03 September,2015

ਟੋਰਾਂਟੋ : ਸਟੈਟਿਸਟਿਕ ਕੈਨੇਡਾ ਦੀ ਰਿਸੈਸ਼ਨ ਦੀ ਰਿਪੋਰਟ ਤੋਂ ਬਾਅਦ ਡੈਫਿਸਿਟ ਮੁੱਦੇ ਤੇ ਚਰਚਾ ਮੁੜ ਭੱਖ ਗਈ ਹੈ। ਕੱਲ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਕੈਨੇਡਾ ਟੈਕਨੀਕਲ ਤੌਰ ਤੇ ਰਿਸੈਸ਼ਨ ਵਿਚ ਹੈ।

ਬੁੱਧਵਾਰ ਦੀ ਆਪਣੀ ਚੋਣ ਮੁਹਿੰਮਾਂ ਵਿਚ ਤਿੰਨੇ ਪਾਰਟੀ ਆਗੂਆਂ ਵਲੋਂ ਇਸ ਆਰਥਿਕਤਾ ਨੂੰ ਸੰਕਟ ਵਿਚੋਂ ਕੱਢਣ ਦੇ ਅਲੱਗ ਅਲੱਗ ਉਪਾਅ ਸੁਝਾਏ ਗਏ ਅਤੇ ਡੈਫਿਸਿਟ ਇਸ ਵਿਚ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰੇਗਾ ਇਸ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।

ਸਟੀਫਨ ਹਾਰਪਰ ਨੇ ਕਿਹਾ ਕਿ ਦੋ ਕੁਆਟਰਾਂ ਵਿਚ ਜੀ ਡੀ ਪੀ ਦੀ ਮੰਦੀ ਦੇ ਬਾਵਜੂਦ ਕੈਨੇਡਾ ਜੀ ਡੀ ਪੀ ਦੀ ਜੂਨ ਮਹੀਨੇ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਹੋਰ ਬਿਹਤਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਡੀ ਪ੍ਰਾਥਮਿਕਤਾ ਸੰਤੁਲਿਤ ਬਜਟ ਪੇਸ਼ ਕਰਨ ਦੀ ਹੈ।

ਹਾਰਪਰ ਨੇ ਕਿਹਾ ਕਿ ਇਸ ਮੌਕੇ ਡੈਫਿਸਿਟ(ਘਾਟੇ) ਦੇ ਬਜੱਟ ਪੇਸ਼ ਕਰਕੇ ਕੈਨੇਡੀਅਨ ਆਰਥਿਕਤਾ ਨੂੰ ਪੱਕੇ ਤੌਰ ਤੇ ਮੰਦੀ ਵਿਚ ਧੱਕਣਾ ਹੋਵੇਗਾ। ਹਾਰਪਰ ਇਸ ਵੇਲੇ ਨਾਰਥ ਬੇਅ ਉਂਟੇਰੀਓ ਵਿਚ ਆਪਣੀ ਚੋਣ ਮੁਹਿੰਮ ਪ੍ਰਚਾਰ ਤੇ ਸਨ ਜਿਥੇ ਉਨ੍ਹਾਂ ਵਲੋਂ ਮਾਈਨਿੰਗ ਪ੍ਰੌਜੈਕਟਾਂ ਲਈ ਟੈਕਸ ਛੋਟਾਂ ਦਾ ਐਲਾਨ ਵੀ ਕੀਤਾ ਗਿਆ।

ਪੱਤਰਕਾਰਾਂ ਦੇ ਪਿਛਲੇ ਬਜੱਟਾਂ ਨੂੰ ਘਾਟੇ ਵਾਲਾ ਦਿਖਾਉਣ ਦੇ ਪ੍ਰਸ਼ਨਾਂ ਤੇ ਸਟੀਫਨ ਹਾਰਪਰ ਨੇ ਕਿਹਾ ਕਿ ਸਾਲ 2008 ਦੇ ਆਰਥਿਕ ਹਾਲਾਤ ਵਖਰੇ ਸਨ ਅਤੇ ਉਸ ਸਮੇਂ ਆਰਥਿਕਤਾ ਦੇ ਵਿਕਾਸ ਲਈ ਇਹ ਜਰੂਰੀ ਬਣ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਕ ਵਿਚ ਆਪਾਂ ਉਨ੍ਹਾਂ ਹਾਲਾਤਾਂ ਵਿਚ ਨਹੀਂ ਹਾਂ।

ਹਾਰਪਰ ਵਲੋਂ ਐਨ ਡੀ ਪੀ ਆਗੂ ਥੌਮਸ ਮਲਕੇਅਰ ਦੀ ਬਜੱਟ ਨੂੰ ਸੰਤੁਲਿਤ ਕਰਨ ਦੀ ਟਿਪਣੀ ਦੀ ਅਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮਲਕੇਅਰ ਵਲੋਂ ਚੋਣਾਂ ਵਿਚ ਇਸ ਤਰ੍ਹਾਂ ਦੇ ਖਰਚੀਲੇ ਵਾਅਦੇ ਕੀਤੇ ਗਏ ਹਨ ਜਿਸ ਨਾਲ ਬਗੈਰ ਟੈਕਸ ਵਧਾਏ ਬਜਟ ਨੂੰ ਸੰਤੁਲਿਤ ਹੀ ਨਹੀਂ ਕੀਤਾ ਜਾ ਸਕਦਾ।

ਕੈਬਕ ਵਿਚ ਬੋਲਦਿਆਂ ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਹਾਰਪਰ ਅਤੇ ਮਲਕੇਅਰ ਦੋਵਾਂ ਵਲੋਂ ਉਦੋਂ ਤੱਕ ਸੰਤੁਲਤ ਬਜੱਟ ਪੇਸ਼ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਆਪਣੀਆਂ ਯੋਜਨਾਵਾਂ ਵਿਚ ਕਟੌਤੀਆਂ ਨਾ ਕਰਨ। ਟਰੂਡੋ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਨ੍ਹਾਂ ਹੀ ਯੋਜਨਾਵਾਂ ਤੇ ਕੰਮ ਕਰੀ ਜਾਣਾ ਅਤੇ ਫੇਰ ਸੋਚਣਾ ਕਿ ਇਹ ਕੰਮ ਕਰਨਗੀਆਂ ਇੱਕ ਭੁੱਲੜ ਸੋਚ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਵਿਚ ਪੈਸਾ ਖਰਚ ਕੇ ਇਸ ਆਰਥਿਕਤਾ ਨੂੰ ਤੋਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਲੋਕਾਂ ਵਿਚ ਨਿਵੇਸ਼ ਜਰੂਰੀ ਹੈ। ਟਰੂਡੋ ਨੇ ਕਿਹਾ ਕਿ ਅਗਾਂਹਵਧੂ ਅਤੇ ਪੱਕੇ ਇਰਾਦੇ ਵਾਲੇ ਦੇਸ਼ ਭਵਿਖ ਵਿਚ ਨਿਵੇਸ਼ ਕਰਦੇ ਹਨ।

ਟਰੂਡੋ ਇਸ ਸਮੇਂ ਕੈਬਕ ਵਿਚ ਸਮਰਥਨ ਹਾਸਲ ਕਰਨ ਲਈ ਚੋਣ ਰੈਲੀਆਂ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਗ੍ਰੀਨ ਅਨਰਜੀ ਅਤੇ ਇਸ ਸੰਬੰਧੀ ਰੁਜ਼ਗਾਰਾਂ ਲਈ 6 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ।

ਮਲਕੇਅਰ ਨੇ ਆਪਣੇ ਚੁਣਾਵੀ ਪ੍ਰਚਾਰ ਵਿਚ ਡੈਫਿਸਿਟ ਵਾਲੇ ਬਜੱਟ ਪੇਸ਼ ਕਰਨ ਤੋਂ ਨਾ ਕੀਤੀ ਹੈ। ੳਨ੍ਹਾਂ ਕਿਹਾ ਕਿ ਐਨ ਡੀ ਪੀ ਆਪਣੇ ਵਾਅਦਿਆ ਤੇ ਕੰਮ ਕਰਕੇ ਅਤੇ ਕੰਸਰਵੇਟਿਵ ਸਰਕਾਰ ਵਲੋਂ ਚਲਾਈਆਂ ਗਈਆਂ ਕੁੱਝ ਯੋਜਨਾਵਾਂ ਵਿਚ ਕਟੌਤੀ ਕਰ ਕੇ ਵੀ ਸੰਤੁਲਤ ਬਜੱਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਘਰਾਂ ਅਤੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਨ ਦੀ ਹੈ। ਕੈਮਲੂਪਸ ਬੀ ਸੀ ਵਿਚ ਬੋਲਦਿਆਂ ਉਨ੍ਹਾਂ 28 ਮਿਲੀਅਨ ਡਾਲਰ ਦੀ ਫੰਡ ਰਾਸ਼ੀ ਬੱਚਿਆਂ ਅਤੇ ਨੌਜਵਾਨਾਂ ਲਈ ਰੱਖਣ ਦਾ ਵਾਅਦਾ ਕੀਤਾ ਜੋ ਕਿ ਟੀਮ ਸਪੋਰਟਸ ਅਤੇ ਖੇਡਾਂ ਨਾਲ ਜੁੜੇ ਹੋਣਗੇ।

Facebook Comment
Project by : XtremeStudioz