Close
Menu

ਰੁਪਿਆ ਛੇਤੀ ਹੀ ਆਪਣਾ ਸਹੀ ਮੁਕਾਮ ਬਣਾ ਲਵੇਗਾ: ਚਿਦੰਬਰਮ

-- 06 September,2013

P Chidambaram in Lok Sabha

ਨਵੀਂ ਦਿੱਲੀ, 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਿਰਾਸਤਾ ਦਾ ਪਰਛਾਵਾਂ ਹਟਾਉਣ ਦੀ ਕੋਸ਼ਿਸ਼ ਕਰਦਿਆਂ, ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਲੋਕ ਸਭਾ ਵਿਚ ਆਖਿਆ ਕਿ ਰੁਪਈਆ ਆਪਣਾ ਸਹੀ ਮੁਕਾਮ ਪਾ ਲਵੇਗਾ ਅਤੇ ਆਰਥਿਕ ਵਿਕਾਸ ਆਪਣੀ ਲੀਹ  ’ਤੇ ਵਾਪਸ ਆ ਜਾਵੇਗਾ। ਪਹਿਲੇ ਪੜਾਅ ਦੀਆਂ ਪੂਰਕ ਮੰਗਾਂ ’ਤੇ ਬਹਿਸ ਸਮੇਟਦਿਆਂ ਉਨ੍ਹਾਂ ਕਿਹਾ, ‘‘ਰੁਪਏ ਦੀ ਕੀਮਤ ਵਾਕਈ ਚਿੰਤਾ ਦਾ ਵਿਸ਼ਾ ਹੈ…ਰੁਪਈਆ ਆਪਣਾ ਮੁਕਾਮ ਬਣਾ ਲਵੇਗਾ… ਸਾਡਾ ਖਿਆਲ ਹੈ ਕਿ ਇਸ ਦੀ ਕੀਮਤ ਬੇਲੋੜੀ ਘਟੀ ਹੈ। ਰੁਪਏ ਦੀ ਦਰੁਸਤੀ ਨੂੰ ਕੁਝ ਸਮਾਂ ਲੱਗੇਗਾ।’’ ਬਾਅਦ ਵਿਚ ਜ਼ੁਬਾਨੀ ਵੋਟਾਂ ਰਾਹੀਂ ਪੂਰਕ ਮੰਗਾਂ ਪਾਸ ਕਰ ਦਿੱਤੀਆਂ ਗਈਆਂ। ਵਿੱਤ ਮੰਤਰੀ ਨੇ ਮੰਨਿਆ ਅਰਥਚਾਰਾ ਦਬਾਅ ’ਚੋਂ ਲੰਘ ਰਿਹਾ ਹੈ ਅਤੇ ਸਰਕਾਰ ਰੁਪਏ ਦੀ ਕੀਮਤ ਨੂੰ ਠੁੰਮਣਾ ਦੇਣ ਲਈ ਦਰੁਸਤੀ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਰੁਪਏ ਦੀ ਕੀਮਤ ਮਾਲੀ ਘਾਟੇ, ਚਾਲੂ ਖਾਤਾ ਘਾਟਾ ਅਤੇ ਮਹਿੰਗਾਈ ਕਰ ਜਿਹੇ ਵੱਡ-ਆਰਥਿਕ ਕਾਰਨਾਂ ਉੱਤੇ ਨਿਰਭਰ ਕਰਦੀ ਹੈ।
ਅਰਥਚਾਰੇ ਦੀ ਦਸ਼ਾ ਸੁਧਾਰਨ ਲਈ ਸਰਕਾਰ ਵੱਲੋਂ ਲੋੜੀਂਦੇ ਕਦਮ ਨਾ ਚੁੱਕੇ ਜਾਣ ਦੀ ਵਿਰੋਧੀ ਧਿਰ ਵੱਲੋਂ ਕੀਤੀ ਗਈ ਆਲੋਚਨਾ ਦਾ ਜੁਆਬ ਦਿੰਦਿਆਂ ਸ੍ਰੀ ਚਿਦੰਬਰਮ ਨੇ ਕਿਹਾ, ‘‘ਭਾਰਤੀ ਅਰਥਚਾਰੇ ਵਿਚ ਭਰੋਸਾ ਬਹਾਲ ਤੇ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ।’’ ਸਿਰਫ ਦੋ ਰਾਜਾਂ ਵਿਚ ਹੀ ਕੁੱਲ ਘਰੇਲੂ ਪੈਦਾਵਾਰ ਵਿੱਚ ਵਾਧੇ ਦੀ ਦਰ 5 ਫੀਸਦ ਤੋਂ ਘੱਟ ਹੈ। ਬਾਕੀ ਸਾਰੇ ਰਾਜਾਂ ਵਿਚ ਇਹ ਦਰ 5 ਫੀਸਦ ਤੋਂ ਵੱਧ ਹੈ…ਹਾਲਾਂਕਿ ਰਾਜਾਂ ਤੋਂ ਉੱਚੀਆਂ ਵਿਕਾਸ ਦਰਾਂ ਦੀਆਂ ਰਿਪੋਰਟਾਂ ਮਿਲੀਆਂ ਹਨ ਜਦਕਿ ਕੇਂਦਰੀ ਅੰਕੜਾ ਅਦਾਰੇ ਨੇ 5 ਫੀਸਦ ਵਿਕਾਸ ਦਰ ਦੀ ਰਿਪੋਰਟ ਦਿੱਤੀ ਹੈ । ਉਨ੍ਹਾਂ ਇਹ ਗੱਲ ਦੁਹਰਾਈ ਕਿ ਵਿੱਤੀ ਘਾਟੇ ਦਾ ਟੀਚਾ 4.8 ਫੀਸਦ ਹੈ ਅਤੇ ਇਹ ਲਾਲ ਰੇਖਾ ਉਲੰਘੀ ਨਹੀਂ ਜਾਵੇਗੀ। ਸਰਕਾਰ ਨੇ ਪਿਛਲੇ ਮਹੀਨੇ 7500 ਕਰੋੜ ਦੇ ਵਾਧੂ ਖਰਚ ਲਈ ਪਾਰਲੀਮੈਂਟ ਤੋਂ ਪ੍ਰਵਾਨਗੀ ਮੰਗੀ ਸੀ ਜਿਨ੍ਹਾਂ ਵਿਚ ਔਰਤਾਂ ਦੀ ਸੁਰੱਖਿਆ ਲਈ 1000 ਕਰੋੜ ਨਾਲ ‘ਨਿਰਭੈ ਫੰਡ’ ਅਤੇ ਇੰਨੀ ਹੀ ਰਕਮ ਨਾਲ ਮਹਿਲਾ ਬੈਂਕ ਕਾਇਮ ਕਰਨ ਦੇ ਪ੍ਰਸਤਾਵ ਸ਼ਾਮਲ ਹਨ।  ਖੁਰਾਕ ਸੁਰੱਖਿਆ ਬਿੱਲ ਲਈ ਫੰਡਾਂ ਬਾਰੇ ਖਦਸ਼ਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ ਦੇ ਬਜਟ ਵਿਚ ਇਸ ਲਈ ਚੋਖੇ ਫੰਡ ਹਨ। ਉਨ੍ਹਾਂ ਕੇਦਾਰਨਾਥ ਮੰਦਰ ’ਚੋਂ ਮਲਬੇ ਦੀ ਸਫ਼ਾਈ ਲਈ 2 ਕਰੋੜ ਰੁਪਏ ਜਾਰੀ ਕਰਨ ਬਾਰੇ ਦੱਸਿਆ ਤਾਂ ਜੋ 11 ਸਤੰਬਰ ਤੋਂ ਪੂਜਾ ਸ਼ੁਰੂ ਹੋ ਸਕੇ।
ਪਹਿਲਾਂ ਲੋਕ ਸਭਾ ’ਚ ਪੂਰਕ ਮੰਗਾਂ ਬਾਰੇ ਬਹਿਸ ਸ਼ੁਰੂ ਕਰਦਿਆਂ ਭਾਜਪਾ ਦੇ ਅਨੰਤ ਕੁਮਾਰ ਨੇ ਸ੍ਰੀ ਚਿਦੰਬਰਮ ਨੂੰ ‘ਅਨਰਥ ਸ਼ਾਸਤਰੀ’ ਕਰਾਰ ਦਿੰਦਿਆਂ ਅਰਥਚਾਰੇ ਦੀ ਤਬਾਹੀ ਲਈ ਕਸੂਰਵਾਰ ਠਹਿਰਾਇਆ। ਉੇਨ੍ਹਾਂ ਕਿਹਾ, ‘‘ਇਸ ਸਰਕਾਰ ਦੀ ਅਣਗਹਿਲੀ ਕਾਰਨ ਇਕ ਮਜ਼ਬੂਤ ਅਤੇ ਖੁਸ਼ਹਾਲ ਅਰਥਚਾਰੇ ਦਾ ਲੋਕਾਂ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।  ਯੂਪੀਏ ਪਹਿਲਾਂ ਰੁਜ਼ਗਾਰ ਰਹਿਤ ਵਿਕਾਸ ਪੈਦਾ ਕਰ ਰਹੀ ਸੀ। ਹੁਣ ਰੁਜ਼ਗਾਰ ਦੇ ਨਾਲ-ਨਾਲ ਵਿਕਾਸ ਵੀ ਨਹੀਂ ਰਿਹਾ। ਸਮਾਜਵਾਦੀ ਪਾਰਟੀ ਦੇ ਸ਼ੈਲੇਂਦਰ ਕੁਮਾਰ ਨੇ ਪੂਰਕ ਮੰਗਾਂ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਮਹਿੰਗਾਈ ਨੂੰ ਠੱਲ੍ਹ ਪਾਉਣ, ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਤੇ ਨੌਕਰੀਆਂ ਪੈਦਾ ਕਰਨ ’ਤੇ ਜ਼ੋਰ ਦਿੱਤਾ। ਕਾਂਗਰਸ ਦੇ ਮਧੂ ਗੌੜ ਯਾਕਸ਼ੀ ਨੇ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ, ‘‘ਇਕ ਪਾਸੇ ਉਹ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਰ ਰਹੇ ਹਨ ਅਤੇ ਦੂਜੇ ਪਾਸੇ ਪੁੱਛ ਰਹੇ ਹਨ ਕਿ ਵਿਦੇਸ਼ੀ ਨਿਵੇਸ਼ ਕਿਉਂ ਘਟ ਰਿਹਾ ਹੈ।’’

Facebook Comment
Project by : XtremeStudioz