Close
Menu

ਰੂਸ ਤੇ ਭਾਰਤ ਵਿਚਾਲੇ 20 ਸਮਝੌਤੇ ਸਹੀਬੰਦ

-- 11 December,2014

ਨਵੀਂ ਦਿੱਲੀ, ਭਾਰਤ ਅਤੇ ਰੂਸ ਨੇ ਆਪਣੀ ਰਣਨੀਤਕ ਸਾਂਝ ਪੀਢੀ ਕਰਨ ਲਈ ਤੇਲ, ਗੈਸ, ਰੱਖਿਆ ਨਿਵੇਸ਼ ਅਤੇ ਕਈ ਹੋਰ ਖੇਤਰਾਂ ਵਿੱਚ 20 ਸਮਝੌਤੇ ਸਹੀਬੰਦ ਕੀਤੇ ਹਨ ਜਿਨ੍ਹਾਂ ਤਹਿਤ ਰੂਸ ਵੱਲੋਂ 2035 ਤੱਕ ਭਾਰਤ ਵਿੱਚ  ਘੱਟੋ-ਘੱਟ 12 ਪਰਮਾਣੂ ਰਿਐਕਟਰਾਂ ਦਾ ਨਿਰਮਾਣ ਕੀਤਾ ਜਾਵੇਗਾ ਜਦਕਿ ਅਤਿਆਧੁਨਿਕ ਹੈਲੀਕਾਪਟਰਾਂ ਦੇ ਨਿਰਮਾਣ ਦੀ ਵੀ ਹਾਮੀ ਭਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ  ਵਲਾਦੀਮੀਰ ਪੂਤਿਨ ਨੇ ਆਪਣੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੁਵੱਲੇ ਸਬੰਧਾਂ ਨੂੰ  ਨਵੇਂ ਪੱਧਰ ’ਤੇ ਲਿਜਾਣ ਦਾ  ਅਹਿਦ ਕੀਤਾ ਜਦਕਿ ਦੋਵਾਂ ਦੇਸ਼ਾਂ ਨੇ ਪਰਮਾਣੂ ਊਰਜਾ ਸਹਿਯੋਗ ਲਈ ਨਵੇਂ ਦ੍ਰਿਸ਼ਟੀਕੋਣ ਦਾ  ਖਾਕਾ ਪੇਸ਼ ਕੀਤਾ। ਰੂਸ ਨੂੰ ਭਾਰਤ ਦੀ ਸ਼ਕਤੀ ਦਾ ਇੱਕ ਸਤੰਭ ਦੱਸਦਿਆਂ ਸ੍ਰੀ ਮੋਦੀ ਨੇ ਆਖਿਆ ਕਿ ਰੂਸ ਭਾਰਤ ਦਾ ਸਭ ਤੋਂ ਅਹਿਮ ਰੱਖਿਆ ਭਿਆਲ ਬਣਿਆ ਰਹੇਗਾ।
ਸ੍ਰੀ ਪੂਤਿਨ  ਨਾਲ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਉਨ੍ਹਾਂ ਸਾਂਝੇ ਤੌਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ‘‘ਰਾਸ਼ਟਰਪਤੀ ਪੂਤਿਨ ਅਤੇ ਮੈਂ ਕਈ ਨਵੇਂ ਰੱਖਿਆ ਪ੍ਰਾਜੈਕਟਾਂ ’ਤੇ ਚਰਚਾ ਕੀਤੀ ਹੈ। ਅਸੀਂ ਆਪਣੇ ਰੱਖਿਆ ਸਬੰਧਾਂ ਨੂੰ ਭਾਰਤ ਦੀਆਂ ਤਰਜੀਹਾਂ ਤਹਿਤ ਢਾਲਣ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਰੂਸ ਨੇ ਆਪਣੇ ਸਭ ਤੋਂ ਨਵੀਨਤਮ ਹੈਲੀਕਾਪਟਰ ਦੇ ਭਾਰਤ ਵਿੱਚ ਨਿਰਮਾਣ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਵਿੱਚ ਭਾਰਤ ਤੋਂ ਬਰਾਮਦਾਂ ਦੀ ਸੰਭਾਵਨਾ ਵੀ ਸ਼ਾਮਲ ਹੈ। ਇਹ ਹੈਲੀਕਾਪਟਰ ਫੌਜੀ ਤੇ ਸਿਵਲੀਅਨ ਮੰਤਵਾਂ ਲਈ ਵਰਤਿਆ ਜਾ ਸਕੇਗਾ। ਅਸੀਂ ਇਸ ’ਤੇ ਤੇਜ਼ੀ ਨਾਲ ਕਾਰਵਾਈ ਕਰਨਾ ਚਾਹਾਂਗੇ।’’
ਪਰਮਾਣੂ  ਖੇਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਦੋਵਾਂ ਧਿਰਾਂ ਨੇ ਪਰਮਾਣੂ  ਊਰਜਾ ਬਾਰੇ ਇੱਕ ਭਰਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਜਿਸ ਤਹਿਤ ਘੱਟੋ-ਘੱਟ ਦਸ ਹੋਰ ਪਰਮਾਣੂ  ਰਿਐਕਟਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਹਿਤ ਭਾਰਤ ਵਿੱਚ ਸਾਜ਼ੋ-ਸਾਮਾਨ ਤਿਆਰ ਕੀਤਾ  ਜਾਵੇਗਾ ਅਤੇ ਇਸ ਨਾਲ ਸਾਡੀ ‘ਮੇਕ ਇਨ ਇੰਡੀਆ’ ਨੀਤੀ ਨੂੰ ਵੀ ਮਦਦ ਮਿਲੇਗੀ। ਪਰਮਾਣੂ ਸਹਿਯੋਗ ਬਾਰੇ ਰਣਨੀਤਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਨੇ ਪ੍ਰਵਾਨਤ ਪਰਮਾਣੂ ਪ੍ਰਾਜੈਕਟਾਂ ’ਤੇ ਅਮਲ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ।
ਦੋਵਾਂ ਦੇਸ਼ਾਂ ਨੇ ਪਰਮਾਣੂ  ਊਰਜਾ, ਤੇਲ ਤੇ ਗੈਸ, ਸਿਹਤ, ਨਿਵੇਸ਼, ਖਣਨ, ਮੀਡੀਆ ਅਤੇ ਵਾਯੂ ਊਰਜਾ ਸਬੰਧੀ 20 ਸਮਝੌਤੇ ਸਹੀਬੰਦ ਕੀਤੇ ਹਨ।
ਸ੍ਰੀ ਪੂਤਿਨ ਨੇ ਵਾਰਤਾ ਨੂੰ ਨਿੱਗਰ ਕਰਾਰ ਦਿੰਦਿਆਂ ਕਿਹਾ ਕਿ ਰੂਸ ਸਾਂਝੇ ਉੱਚ ਤਕਨੀਕੀ ਪ੍ਰਾਜੈਕਟਾਂ ਲਈ ਪੂਰੀ ਮਦਦ ਦੇਵੇਗਾ ਅਤੇ ਭਾਰਤੀ ਮੋਬਾਈਲ ਸੰਚਾਰ ਕੰਪਨੀਆਂ ਲਈ ਵੀ ਰਾਹ ਪੱਧਰਾ ਕਰੇਗਾ।

Facebook Comment
Project by : XtremeStudioz