Close
Menu

ਰੂਸ ਨੇ ਰਸਾਇਣਕ ਹਥਿਆਰਾਂ ਬਾਰੇ ਸੀਰੀਆ ਨਾਲ ਗੱਲਬਾਤ ਚਲਾਈ

-- 10 September,2013

121204_barack_obama_ap_605

ਮਾਸਕੋ/ ਵਾਸ਼ਿੰਗਟਨ, 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਹੈ ਕਿ ਜੇ ਸੀਰੀਆ ਆਪਣੇ ਰਸਾਇਣਕ ਹਥਿਆਰ ਕੌਮਾਂਤਰੀ ਕੰਟਰੋਲ ਹੇਠ ਦੇ ਦੇਵੇ ਤਾਂ ਉਹ ਉਸ ’ਤੇ ਸੰਭਾਵੀ ਹਮਲੇ ਦੀ ਯੋਜਨਾ ਰੋਕ ਦੇਣਗੇ। ਇਸ ਦੌਰਾਨ ਰੂਸ ਵੱਲੋਂ ਇਸ ਮੁੱਦੇ ’ਤੇ ਠੋਸ ਯੋਜਨਾ ਉਲੀਕਣ ਲਈ ਸੀਰੀਆ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸੀਰੀਆ ਰਸਾਇਣਕ ਹਥਿਆਰ ਕੌਮਾਂਤਰੀ ਨਿਗਰਾਨੀ ਹੇਠ ਰੱਖਣ ਲਈ ਤਿਆਰ ਹੋ ਗਿਆ ਹੈ।
ਸ੍ਰੀ ਓਬਾਮਾ ਵੱਲੋਂ ਬਸ਼ਰ ਅਲ-ਅਸਦ ਸਰਕਾਰ ਨੂੰ ਆਪਣੇ ਰਸਾਇਣਕ ਹਥਿਆਰ ਕੌਮਾਂਤਰੀ ਕੰਟਰੋਲ ਹੇਠ ਸੌਂਪਣ ਦੀ ਰੂਸੀ ਪੇਸ਼ਕਸ਼ ਬਾਰੇ ਗੰਭੀਰਤਾ ਨਾਲ ਸੋਚਣ ਦੀ ਗੱਲ ਆਖਣ ਤੋਂ ਕੁਝ ਘੰਟਿਆਂ ਬਾਅਦ ਮਾਸਕੋ ਨੇ ਐਲਾਨ ਕੀਤਾ ਕਿ ਉਸ ਵੱਲੋਂ  ਘਾਤਕ ਹਥਿਆਰਾਂ ਦੇ ਤਬਾਦਲੇ ਦੀ ਇਕ ਅਮਲਯੋਗ ਤੇ ਠੋਸ ਯੋਜਨਾ ਤਿਆਰ ਕਰਨ ਲਈ ਦਮਸ਼ਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰਾਵ ਨੇ ਕਿਹਾ, ‘‘ਅਸੀਂ ਇਕ ਅਮਲਯੋਗ ਅਤੇ ਠੋਸ ਯੋਜਨਾ ਤਿਆਰ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਇਸ ਮੰਤਵ ਲਈ ਇਸ ਵੇਲੇ ਸੀਰੀਆਈ ਧਿਰ ਨਾਲ ਸੰਪਰਕ ਬਣਾਇਆ ਹੋਇਆ ਹੈ।’’
ਉਨ੍ਹਾਂ ਕਿਹਾ, ‘‘ਤੇ ਸਾਨੂੰ ਉਮੀਦ ਹੈ ਕਿ ਅਸੀਂ ਛੇਤੀ ਹੀ ਸਲਾਮਤੀ ਕੌਂਸਲ ਮੈਂਬਰਾਂ ਦੀ ਭਾਈਵਾਲੀ ਨਾਲ ਇਹ ਯੋਜਨਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਰਸਾਇਣਕ ਹਥਿਆਰਾਂ ਦੀ ਰੋਕਥਾਮ ਬਾਰੇ ਸੰਸਥਾਵਾਂ ਕੋਲ ਪੇਸ਼ ਕਰਨ ਦੇ ਸਮਰਥ ਹੋ ਜਾਵਾਂਗੇ।’’
ਇਸ ਦੌਰਾਨ ਸੀਰੀਆ ਨੇ ਰੂਸ ਦੇ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਦੀ ਐਟਮੀ ਸੰਸਥਾ ਨੂੰ ਉਸ ਦੇ ਪਰਮਾਣੂ ਕੇਂਦਰਾਂ ’ਤੇ ਫੌਜੀ ਹਮਲੇ ਦੇ ਖਤਰਿਆਂ ਬਾਰੇ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਕੌਮਾਂਤਰੀ ਐਟਮੀ ਊਰਜਾ ਏਜੰਸੀ ਵਿੱਚ ਸੀਰੀਆ ਦੇ ਦੂਤ ਬਾਸਮ ਅਲ ਸਬਾਗ ਨੇ ਅੱਜ ਇਹ ਟਿੱਪਣੀ ਕੀਤੀ ਹੈ। ਕੱਲ੍ਹ ਰੂਸ ਨੇ ਆਈਏਈਏ ਦੇ 35 ਮੈਂਬਰੀ ਬੋਰਡ ਨਾਲ ਮੁਲਾਕਾਤ ਕੀਤੀ ਸੀ।
ਪਹਿਲਾਂ ਸ੍ਰੀ ਓਬਾਮਾ ਨੇ ਛੇ ਅਮਰੀਕੀ ਚੈਨਲਾਂ Ðਨਾਲ ਕੀਤੀ ਇਕ ਮੁਲਾਕਾਤ ਵਿੱਚ ਕਿਹਾ, ‘‘ਜੇ ਸੀਰੀਆਈ ਰਾਸ਼ਟਰਪਤੀ ਆਪਣੇ ਰਸਾਇਣਕ ਹਥਿਆਰ ਤਜ ਦਿੰਦੇ ਹਨ ਤਾਂ ਫੌਜੀ ਹਮਲਾ ਬਿਲਕੁਲ ਰੋਕ ਦਿੱਤਾ ਜਾਵੇਗਾ। ਉਨ੍ਹਾਂ ਰੂਸ ਦੀ ਤਜਵੀਜ਼ ਨੂੰ ਸੰਭਾਵੀ ਤੌਰ ’ਤੇ ਇਕ ਵੱਡੀ ਪ੍ਰਗਤੀ ਕਰਾਰ ਦਿੱਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਅਸਦ ਆਪਣੇ ਰਸਾਇਣਕ ਹਥਿਆਰ ਕੌਮਾਂਤਰੀ ਕੰਟਰੋਲ ਹੇਠ ਦੇਣ ਲਈ ਤਿਆਰ ਹੋ ਜਾਂਦੇ ਹਨ ਤਾਂ ਕੀ ਫੌਜੀ ਕਾਰਵਾਈ ਰੋਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਬਿਲਕੁਲ ਪਰ ਜੇ ਇਹ ਹੁੰਦਾ ਹੈ ਤਾਂ ਇਹ ਸਾਡੇ ਕੌਮੀ ਹਿੱਤ ਵਿੱਚ ਹੋਵੇਗਾ। ਮੇਰੀ ਇਹ ਸਭ ਤੋਂ ਵੱਡੀ ਤਰਜੀਹ ਹੋਵੇਗੀ ਕਿ ਜੇ ਅਸੀਂ ਫੌਜੀ ਹਮਲੇ ਤੋਂ ਬਿਨਾਂ ਹੀ ਇਵੇਂ ਕਰ ਸਕਦੇ ਹਾਂ ਤੇ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇਹ ਫੌਰੀ ਕਰ ਸਕਦੇ ਹਾਂ?’’
ਉਨ੍ਹਾਂ ਨਿਸ਼ਚੇ ਨਾਲ ਆਖਿਆ ਕਿ ਉਹ ਹਮੇਸ਼ਾ ਸੀਰੀਆਈ ਸੰਕਟ ਦੇ ਕੂਟਨੀਤਕ ਹੱਲ ਦੇ ਹਾਮੀ ਰਹੇ ਹਨ। ਸੀਰੀਆ ਬਾਰੇ ਆਪਣੇ ਮਤੇ ਨੂੰ ਅਮਰੀਕੀ ਸੰਸਦ ਤੋਂ ਹਮਾਇਤ ਮਿਲਣ ਦੇ ਆਸਾਰ ਘੱਟ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਅਮਰੀਕੀ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਤੋਂ ਬਾਅਦ ਹੀ ਅੰਤਮ ਫੈਸਲਾ ਲੈਣਗੇ।’’

Facebook Comment
Project by : XtremeStudioz