Close
Menu

ਰੇਅ ਦੀ ਸਲਾਹ ’ਤੇ ਲਗਾਈ ਗਈ ਸੀ ਐਮਰਜੈਂਸੀ

-- 11 December,2014

ਨਵੀਂ ਦਿੱਲੀ, 1975 ਵਿੱਚ ਲਗਾਈ ਗਈ ਐਮਰਜੈਂਸੀ ਸ਼ਾਇਦ ਟਾਲੀ ਜਾ ਸਕਦੀ ਸੀ ਅਤੇ ਇਸ ‘ਦੁਸਾਹਸ’ ਦੀ ਕਾਂਗਰਸ ਪਾਰਟੀ ਅਤੇ ਇੰਦਰਾ ਗਾਂਧੀ ਨੂੰ ਭਾਰੀ ਕੀਮਤ ਅਦਾ ਕਰਨੀ ਪਈ ਕਿਉਂਕਿ ਬੁਨਿਆਦੀ ਹੱਕਾਂ ਅਤੇ ਸਿਆਸੀ ਸਰਗਰਮੀਆਂ ’ਤੇ ਰੋਕ ਲਾਉਣ, ਵੱਡੇ ਪੱਧਰ ’ਤੇ ਗ੍ਰਿਫਤਾਰੀਆਂ ਅਤੇ ਅਖਬਾਰਾਂ ’ਤੇ ਪਾਬੰਦੀ ਲੱਗਣ ਕਾਰਨ ਲੋਕਾਂ ’ਤੇ ਉਲਟ ਪ੍ਰਭਾਵ ਪਿਆ। ਇਹ ਗੱਲ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ‘ਦਿ ਡਰਾਮੈਟਿਕ ਡੀਕੇਡ: ਦਿ ਇੰਦਰਾ ਗਾਂਧੀ ਯੀਅਰਜ਼’ ਵਿੱਚ ਦਰਜ ਕੀਤੀ ਹੈ ਜਿਸ ਵਿੱਚ ਉਨ੍ਹਾਂ ਆਜ਼ਾਦ ਭਾਰਤ ਦੇ ਉਨ੍ਹਾਂ ਨਾਜ਼ੁਕ ਦੌਰ ਦਾ ਲੇਖਾ-ਜੋਖਾ ਕੀਤਾ ਹੈ।
ਸ੍ਰੀ ਮੁਖਰਜੀ ਉਸ ਵੇਲੇ ਇੰਦਰਾ ਹਕੂਮਤ ਵਿੱਚ ਜੂਨੀਅਰ ਮੰਤਰੀ ਸਨ। ਉਨ੍ਹਾਂ ਇਸ ਕਿਤਾਬ ਵਿੱਚ ਮਰਹੂਮ ਆਗੂ ਜੈਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਵਿਰੋਧੀ ਧਿਰ ਨੂੰ ਵੀ ਕਰਾਰੇ ਹੱਥੀਂ ਲਿਆ ਅਤੇ ਉਸ ਲਹਿਰ ਨੂੰ ‘ਦਿਸ਼ਾਹੀਣ’ ਕਰਾਰ ਦਿੱਤਾ। ਸ੍ਰੀ ਮੁਖਰਜੀ ਨੇ ਖੁਲਾਸਾ ਕੀਤਾ ਕਿ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਾਗੂ ਕਰਨ ਬਾਰੇ ਸੰਵਿਧਾਨਕ ਧਾਰਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ, ਸਗੋਂ ਇਹ ਕੰਮ ਸਿਧਾਰਥ ਸ਼ੰਕਰ ਰੇਅ ਨੇ ਕਰਵਾਇਆ ਸੀ। ਰੇਅ ਉਸ ਵੇਲੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸਨ ਅਤੇ ਸਿਤਮ ਦੀ ਗੱਲ ਇਹ ਹੈ ਕਿ ਐਮਰਜੈਂਸੀ ਸਬੰਧੀ ਜਾਂਚ ਕਰਨ ਲਈ ਬਣੇ ਸ਼ਾਹ ਕਮਿਸ਼ਨ ਸਾਹਮਣੇ ਰੇਅ ਮੁੱਕਰ ਗਏ ਸਨ। ਸ੍ਰੀ ਮੁਖਰਜੀ, ਜਿਨ੍ਹਾਂ ਅੱਜ ਆਪਣਾ 79ਵਾਂ ਜਨਮ ਦਿਨ ਮਨਾਇਆ, ਨੇ ਲਿਖਿਆ ਹੈ ਕਿ ਇਹ ਕਿਤਾਬ ਤਿੰਨ ਲੜੀਆਂ ਦੀ ਪਹਿਲੀ ਕਿਸ਼ਤ ਹੈ ਜਿਸ ਵਿੱਚ ਉਨ੍ਹਾਂ 1969 ਤੋਂ 1980 ਤੱਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਦੂਜੀ ਕਿਤਾਬ ਵਿੱਚ ਉਹ 1980 ਤੋਂ 1998 ਤੱਕ ਦੇ ਅਰਸੇ ਦਾ ਲੇਖਾ-ਜੋਖਾ ਕਰਨਗੇ ਅਤੇ ਇਸ ਤੋਂ ਆਖਰੀ ਕਿਸ਼ਤ ਵਿੱਚ 1998 ਤੋਂ 2012 ਤੱਕ ਦੇ ਅਰਸੇ ਦੀ ਪੜਚੋਲ ਕਰਨਗੇ।  321 ਸਫਿਆਂ ਦੀ ਇਸ ਕਿਤਾਬ ਵਿੱਚ ਬੰਗਲਾਦੇਸ਼ ਦੀ ਆਜ਼ਾਦੀ, ਜੇਪੀ ਲਹਿਰ, 1977 ਦੀਆਂ ਚੋਣਾਂ ’ਚ ਹਾਰ ਤੇ ਫਿਰ ਕਾਂਗਰਸ ਵਿੱਚ ਫੁੱਟ ਅਤੇ 1980 ਦੀਆਂ ਚੋਣਾਂ ਵਿੱਚ ਵਾਪਸੀ ਜਿਹੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਸ੍ਰੀ ਮੁਖਰਜੀ ਨੇ ਲਿਖਿਆ ਕਿ ਬਿਨਾਂ ਸ਼ੱਕ ਐਮਰਜੈਂਸੀ ਕਾਰਨ ਜਨਤਕ ਜੀਵਨ ਵਿੱਚ ਅਨੁਸ਼ਾਸਨ ਆਇਆ, ਅਰਥਚਾਰਾ ਵਧਿਆ-ਫੁੱਲਿਆ, ਮਹਿੰਗਾਈ ਨੂੰ ਲਗਾਮ ਲੱਗੀ ਅਤੇ ਵਪਾਰ ਘਾਟੇ ਨੂੰ ਪਹਿਲੀ ਵਾਰ ਮੋੜਾ ਪਿਆ। ਵਿਕਾਸ ਖਰਚ ਵਧਿਆ ਅਤੇ ਟੈਕਸ ਚੋਰੀ ਤੇ ਤਸਕਰੀ ਨੂੰ ਠੱਲ੍ਹ ਪਈ ਪਰ ਇਸ ਦੇ ਬਾਵਜੂਦ ਐਮਰਜੈਂਸੀ ਇਕ ਟਾਲਣਯੋਗ ਘਟਨਾ ਸੀ। ਉਨ੍ਹਾਂ ਲਿਖਿਆ ਕਿ ਐਮਰਜੈਂਸੀ ਲਾਉਣ ਦੀ ਸਲਾਹ ਰੇਅ ਨੇ ਦਿੱਤੀ ਸੀ। ਉਨ੍ਹਾਂ ਲਿਖਿਆ, ‘‘ਇੰਦਰਾ ਗਾਂਧੀ ਨੇ ਬਾਅਦ ਵਿੱਚ ਮੈਨੂੰ ਦੱਸਿਆ ਸੀ ਕਿ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਸੰਵਿਧਾਨ ’ਚ ਐਮਰਜੈਂਸੀ ਲਾਉਣ ਬਾਰੇ ਕੋਈ ਵਿਵਸਥਾ ਹੈ ਕਿਉਂਕਿ ਇਸ ਤੋਂ ਪਹਿਲਾਂ 1971 ਦੀ ਭਾਰਤ-ਪਾਕਿ ਜੰਗ ਵੇਲੇ ਅਜਿਹੇ ਹਾਲਾਤ ਸਨ।’’ ਰੇਅ ਉਸ ਵੇਲੇ ਕਾਂਗਰਸ ਵਰਕਿੰਗ ਕਮੇਟੀ ਅਤੇ ਕੇਂਦਰੀ ਪਾਰਲੀਮਾਨੀ ਬੋਰਡ ਦਾ ਮੈਂਬਰ ਸੀ ਅਤੇ ਇੰਦਰਾ ਗਾਂਧੀ ਦੇ ਸਭ ਤੋਂ ਵੱਡੇ ਸਲਾਹਕਾਰਾਂ ’ਚੋਂ ਇਕ ਸੀ ਅਤੇ ਇੰਦਰਾ ਵੱਖ-ਵੱਖ ਮੁੱਦਿਆਂ ’ਤੇ ਉਸ ਤੋਂ ਸਲਾਹ ਲੈਂਦੀ ਸੀ। ਮਜ਼ੇ ਦੀ ਗੱਲ ਸੀ ਕਿ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਕਈ ਹੋਰ ਆਗੂ ਵੀ ਇਸ ਦਾ ‘ਸਿਹਰਾ’ ਲੈਣ ਲੱਗ ਪਏ। ਉਂਜ ਜਦੋਂ ਸ਼ਾਹ ਕਮਿਸ਼ਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਹੀ ਲੋਕ ਮੁੱਕਰ ਗਏ। ਸਿਧਾਰਥ ਬਾਬੂ ਜਦੋਂ ਸ਼ਾਹ ਕਮਿਸ਼ਨ ਕੋਲ ਪੇਸ਼ ਹੋਣ ਸਮੇਂ ਇੰਦਰਾ ਗਾਂਧੀ ਨਾਲ ਉਸ ਦੀ ਟੱਕਰ ਹੋਈ ਤਾਂ ਉਨ੍ਹਾਂ ਆਖਿਆ, ‘‘ਤੁਸੀਂ ਅੱਜ ਬਹੁਤ ਫੱਬਦੇ ਹੋ?’’ ਇਸ ’ਤੇ ਇੰਦਰਾ ਨੇ ਜਵਾਬ ਦਿੱਤਾ, ‘‘ਹਾਂ ਤੁਹਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ।’’

Facebook Comment
Project by : XtremeStudioz