Close
Menu

ਰੋਡ ਸ਼ੋਅ ਦੀ ਥਾਂ ਦਲਿਤਾਂ ਦੇ ਵਿਹੜਿਆਂ ਵਿੱਚ ਜਾਣਗੇ ਕੈਪਟਨ

-- 02 July,2015

ਬਠਿੰਡਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਕੀਂ ਮਾਲਵਾ ਖੇਤਰ ਵਿੱਚ ਰੋਡ ਸ਼ੋਅ ਨਹੀਂ ਕਰਨਗੇ। ਰੋਡ ਸ਼ੋਅ ਦੀ ਥਾਂ ੳੁਹ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਤੱਕ ਪੁੱਜਣਗੇ। ਜੁਲਾਈ ਦੇ ਅੱਧ ਤੋਂ ਕੈਪਟਨ ਮਾਲਵਾ ਖੇਤਰ ਦਾ ਦੌਰਾ ਸ਼ੁਰੂ ਕਰ ਰਹੇ ਹਨ ਅਤੇ ਭਲਕੇ ਪਹਿਲੀ ਜੁਲਾਈ ਨੂੰ ਮਾਲਵਾ ਖਿੱਤੇ ਦਾ ਸੰਪਰਕ ਪ੍ਰੋਗਰਾਮ ਤੈਅ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਸੰਪਰਕ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਿੰਡਾਂ ਦੇ ਦਲਿਤ ਵਿਹੜਿਆਂ ਤੱਕ ਲਿਜਾਣ ਦਾ ਪ੍ਰੋਗਰਾਮ ਬਣਾੲਿਅਾ ਜਾ ਰਿਹਾ ਹੈ। ੳੁਹ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਬੈਠਣਗੇ। ਸੂਤਰਾਂ ਅਨੁਸਾਰ 15 ਜੁਲਾਈ ਤੋਂ ਮਾਲਵਾ ਇਲਾਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੰਪਰਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ। ਕੈਪਟਨ ਦੀ ਅਗਵਾਈ ਵਾਲੀ ਜਾਟ ਸਭਾ ਨੂੰ ਵੀ ਹੁਣ ਮਾਲਵੇ ਵਿੱਚ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਜਾਟ ਸਭਾ ਦੇ ਨਵੇਂ ਅਹੁਦੇਦਾਰਾਂ ਦੀਆਂ ਸੂਚੀਆਂ ਵੀ ਜਾਰੀ ਕੀਤੀਆਂ ਗਈਆਂ ਹਨ।
ਜਾਟ ਸਭਾ ਫਰੀਦਕੋਟ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਬਾਬਾ ਦਾ ਕਹਿਣਾ ਹੈ ਕਿ ਜਾਟ ਸਭਾ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ ਅਤੇ ਕੈਪਟਨ ਨੂੰ ਕਿਸਾਨਾਂ ਦੇ ਘਰਾਂ ਵਿੱਚ ਲਿਜਾਇਆ ਜਾਵੇਗਾ। ਅੱਜ ਕੈਪਟਨ ਧੜੇ ਨਾਲ ਸਬੰਧਤ ਵਿਧਾਇਕ ਅਤੇ ਸਾਬਕਾ ਵਿਧਾਇਕ ਵੀ ਸਰਗਰਮ ਨਜ਼ਰ ਅਾੲੇ। ਸੂਤਰਾਂ ਨੇ ਦੱਸਿਆ ਕਿ ਮਾਲਵਾ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਹਾਕਮ ਧਿਰ ਤੋਂ ਪੀੜਤ ਲੋਕਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਅਮਰਿੰਦਰ ਸਿੰਘ ਪੀੜਤ ਲੋਕਾਂ ਦੇ ਘਰਾਂ ਵਿੱਚ ਜਾਣਗੇ। ਹਰ ਹਲਕੇ ਵਿੱਚ ਵੱਡੀ ਰੈਲੀ ਰੱਖਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਅਤੇ ਉਸ ਮਗਰੋਂ ਕੈਪਟਨ ਪੂਰਾ ਦਿਨ ਉਸ ਹਲਕੇ ਵਿੱਚ ਗੁਜ਼ਾਰਨਗੇ।
ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਲੋਕਾਂ ਦੇ ਨੇੜੇ ਕਰਨ ਲਈ ਰਣਨੀਤੀ ਬਣਾਈ ਜਾ ਰਹੀ ਹੈ। ਹਰ ਅਸੈਂਬਲੀ ਹਲਕੇ ਦੇ ਸ਼ਹਿਰੀ ਖਿੱਤੇ ਦੇ ਮੋਹਤਬਾਰ ਲੋਕਾਂ ਨਾਲ ਦੁਪਹਿਰ ਦਾ ਖਾਣਾ ਰੱਖਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜਿਸ ਵਿੱਚ ਕੈਪਟਨ ਸ਼ਾਮਲ ਹੋਣਗੇ। ਸੂਬੇ ਦੇ ਮੁੱਦਿਆਂ ਤੋਂ ਇਲਾਵਾ ਹਰ ਹਲਕੇ ਦੇ ਸਥਾਨਕ ਮੁੱਦਿਆਂ ਦੀ ਵੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਕੈਪਟਨ ਸਥਾਨਕ ਮੁੱਦਿਆਂ ਵੱਲ ਵੀ ਧਿਅਾਨ ਦੇਣਗੇ।
ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ 13 ਜੁਲਾਈ ਤੋਂ ਮਗਰੋਂ ਹੀ ਕੈਪਟਨ ਅਮਰਿੰਦਰ ਸਿੰਘ ਮਾਲਵੇ ਵਿੱਚ ਦਾਖਲ ਹੋਣਗੇ ਅਤੇ ਹਰ ਹਲਕੇ ਵਿੱਚ ਉਹ ਪੂਰਾ ਇੱਕ ਦਿਨ ਲਾਉਣਗੇ। ਹਕੂਮਤ ਤੋਂ ਪੀੜਤ ਲੋਕਾਂ ਦੇ ਘਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਣਗੇ। ਪਹਿਲੀ ਜੁਲਾਈ ਨੂੰ ਉਹ ਮਾਲਵੇ ਦੇ ਦੌਰੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ।

ਕੋਈ ਫਾਇਦਾ ਨਹੀਂ: ਮਲੂਕਾ ਸ਼੍ੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਕੈਪਟਨ ਨੂੰ ਹੁਣ ਪਿੰਡਾਂ ਵਿੱਚ ਲਿਜਾਣ ਨਾਲ ਕੋਈ ਸਿਆਸੀ ਫਾਇਦਾ ਨਹੀਂ ਹੋਣਾ ਹੈ ਕਿਉਂਕਿ ਲੋਕਾਂ ਨੇ ਤਾਂ ਕੰਮ ਦੇਖ ਕੇ ਵੋਟਾਂ ਪਾਉਣੀਆਂ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਭਾਵੇਂ ਪਹਾੜਾਂ ਤੋਂ ਉਤਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਮ ਲੋਕਾਂ ਵਿੱਚ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ ਪ੍ਰੰਤੂ ਇਸ ਨਾਲ ਅਾਖਰੀ ਸਾਹ ਲੈ ਰਹੀ ਕਾਂਗਰਸ ਵਿੱਚ ਜਾਨ ਨਹੀਂ ਪੈਣੀ।

Facebook Comment
Project by : XtremeStudioz