Close
Menu

ਰੋਮਾਂਚਕ ਮੁਕਾਬਲੇ ਵਿੱਚ ਨਿਊੂਜ਼ੀਲੈਂਡ ਨੇ ਆਸਟਰੇਲੀਆ ਨੂੰ ਦਿੱਤੀ ਮਾਤ

-- 28 February,2015

ਆਕਲੈਂਡ, ਨਿਊਜ਼ੀਲੈਂਡ ਨੇ ਅੱਜ ਇਥੇ ਰੋਮਾਂਚਿਕ ਮੁਕਾਬਲੇ  ਵਿੱਚ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਵਿਸ਼ਵ ਕੱਪ ਵਿੱਚ ਉਸ ਦੇ ਦੂਸਰੇ ਸਭ ਤੋਂ ਘਟ ਸਕੋਰ ‘ਤੇ ਰੋਕਣ ਤੋਂ ਬਾਅਦ ਇਕ ਵਿਕਟ ਨਾਲ ਜਿੱਤ ਦਰਜ ਕਰਕੇ  ਵਿਸ਼ਵ ਕੱਪ 2015 ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਮੈਚ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ। ਨਿਊਜ਼ੀਲੈਂਡ ਨੇ ਪਹਿਲਾਂ ਟਰੈਂਟ ਬੋਲਟ (27 ਦੌੜਾਂ ‘ਤੇ ਪੰਜ ਵਿਕਟਾਂ) ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਦੀ ਮਦਦ ਨਾਲ ਆਸਟਰੇਲੀਆ ਨੂੰ ਈਡਨ ਪਾਰਕ ਦੇ ਗਰਾਊੂਂਡ ਵਿੱਚ 32.2 ਓਵਰਾਂ ਵਿੱਚ 151 ਦੌੜਾਂ ‘ਤੇ ਢੇਰ ਕਰ ਦਿੱਤਾ। ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਬਰੈਂਡਨ ਮੈਕੂਲਮ ਨੇ ਸਿਰਫ਼ 24 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਮੈਕੂਲਮ ਨੂੰ ਮਿਸ਼ੇਲ ਜੌਨਸਨ ਦੀ ਬਾਊੂਂਸਰ ਕਾਰਨ ਬਾਂਹ ‘ਤੇ ਸੱਟ ਵੀ ਲੱਗੀ ਪਰ ਫੇਰ ਵੀ ਉਸ ਨੇ ਖੇਡਣਾ ਜਾਰੀ ਰੱਖਿਆ।
ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (28 ਦੌੜਾਂ ‘ਤੇ 6 ਵਿਕਟ) ਨੇ ਹਾਲਾਂਕਿ ਆਪਣੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਮੱਧ ਅਤੇ ਹੇਠਲੇ ਕ੍ਰਮ ਨੂੰ ਤਹਿਸ-ਨਹਿਸ ਕਰਕੇ ਮੇਜ਼ਬਾਨ ਟੀਮ ਦਾ ਸਕੋਰ 9 ਵਿਕਟਾਂ ‘ਤੇ 140 ਦੌੜਾਂ ਕਰ ਦਿੱਤਾ। ਇਸ ਸਮੇਂ ਨਿਊਜ਼ੀਲੈਂਡ ਨੂੰ ਜਿੱਤ ਲਈ 6 ਦੌੜਾਂ ਦੀ ਜ਼ਰੂਰਤ ਸੀ ਜਦੋਂਕਿ ਉਸ ਦਾ ਸਿਰਫ਼ ਇਕ ਵਿਕਟ ਬਚਿਆ ਸੀ। ਅਜਿਹੇ ਵਿੱਚ ਕੇਨ ਵਿਲੀਅਮਸਨ (42 ਗੇਂਦਾਂ ‘ਤੇ ਨਾਬਾਦ 45 ਦੌੜਾਂ) ਨੇ ਪੈਟ ਕਮਿੰਗ (38 ਦੌੜਾਂ ‘ਤੇ ਦੋ ਵਿਕਟ) ਦੀ ਗੇਂਦ ‘ਤੇ ਛੱਕਾ ਮਾਰ ਕੇ 23.1 ਓਵਰਾਂ ਟੀਮ ਦਾ ਸਕੋਰ 9 ਵਿਕਟਾਂ ‘ਤੇ 152 ਦੌੜਾਂ ਤਕ ਪਹੁੰਚ ਕੇ ਨਿਊਜ਼ੀਲੈਂਡ ਨੂੰ ਲਗਾਤਾਰ ਚੌਥੀ ਜਿੱਤ ਦਰਜ ਦਿਵਾਈ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ ਅੰਕ ਸਾਰਣੀ ਵਿੱਚ ਸਿਖਰਲਾ ਸਥਾਨ ਪ੍ਰਾਪਤ ਕਰਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਸਟਾਰਕ ਦਾ ਇਹ ਪ੍ਰਦਰਸ਼ਨ ਵਿਸ਼ਵ ਕੱਪ ਵਿਚ ਦੂਸਰਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਮੌਜੂਦਾ ਵਿਸ਼ਵ ਕੱਪ ਵਿੱਚ ਹੀ ਨਿਊਜ਼ੀਲੈਂਡ ਦੇ ਟਿਮ ਸਾਊੂਥੀ ਨੇ ਇੰਗਲੈਂਡ ਦੇ ਖ਼ਿਲਾਫ਼ 33 ਦੌੜਾਂ ਦੇ ਕੇ ਸੱਤ ਖਿਡਾਰੀ ਆਊੂੂਟ ਕੀਤੇ ਸਨ।
ਟੀਚੇ ਦਾ ਪਿੱਛਾ ਕਰਨ ਉਤਰੇ ਨਿਊਜ਼ੀਲੈਂਡ ਦੇ ਮੈਕੂਲਮ ਨੇ ਇਕ ਵਾਰ ਫੇਰ ਟੀਮ ਨੂੰ ਤੂਫ਼ਾਨੀ ਸ਼ੁਰੂਆਤ ਦਿਵਾਈ। ਨਿਊਜ਼ੀਲੈਂਡ ਨੇ ਮਾਰਟਿਨ ਗੁਪਤਿਬ (11) ਦਾ ਵਿਕਟ ਜਲਦੀ ਗਵਾ ਦਿੱਤਾ। ਉਸ ਨੂੰ ਸਟਾਰਕ ਨੇ ਪੈਵੀਨੀਅਮ ਪਹੁੰਚਾਇਆ।
ਮੈਕੂਲਮ ਨੇ ਹਮਲਾਵਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਪਣੀ ਪਾਰੀ ਵਿੱਚ ਸੱਤ ਚੌਕੇ ਤੇ ਤਿੰਨ ਛੱਕੇ ਮਾਰੇ। ਉਸ ਨੇ ਜੌਨਸਨ ਦੀ ਪਾਰੀ ਦੇ ਸੱਤਵੇਂ ਓਵਰ ਵਿੱਚ ਦੋ ਚੌਕੇ ਤੇ ਇਕ ਛੱਕਾ ਜੜਿਆ। ਉਸ ਨੇ ਟੂਰਨਾਮੈਂਟ ਵਿੱਚ ਅਵਪਣਾ ਤੀਸਰਾ ਅਰਧ-ਸੈਂਕੜਾ ਸਿਰਫ 21 ਗੇਂਦਾਂ ਵਿੱਚ ਪੂਰਾ ਕੀਤਾ ਜੋ ਇਕ ਰੋਜ਼ਾ ਮੈਚ ਵਿੱਚ ਉਸ ਦਾ ਪੰਜਵਾਂ ਸਭ ਤੋਂ ਤੇਜ਼ ਅਰਧ-ਸੈਂਕੜਾ ਹੈ। ਉਸ ਨੂੰ ਸਟਾਰਕ ਨੇ ਮਿਡ ਆਫ ‘ਤੇ ਕਮਿੰਗ ਦੀ ਗੇਂਦ ‘ਤੇ ਕੈਚ ਕੀਤਾ।
ਸਟਾਰਕ ਨੇ ਇਸ ਤੋਂ ਬਾਅਦ ਰੋਸ ਟੇਲਰ (1) ਅਤੇ ਗ੍ਰਾਂਟ ਈਲੀਅਟ (0) ਨੂੰ ਲਗਾਤਾਰ ਗੇਂਦਾਂ ‘ਤੇ ਬਾਊਲਡ ਕਰਕੇ ਨਿਊਜ਼ੀਲੈਂਡ ਦਾ ਸਕੋਰ ਚਾਰ ਵਿਕਟਾਂ ‘ਤੇ 79 ਦੌੜਾਂ ਕੀਤਾ। ਵਿਲੀਅਮਸਨ ਅਤੇ ਕੋਰੇ ਐਡਰਸਨ (26) ਨੇ ਪੰਜਵੇਂ ਵਿਕਟ ਲਈ 52 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਗਲੈਨ ਮੈਕਸਵੈਲ ਨੇ ਐਂਡਰਸਨ ਨੂੰ ਆਊੂੂਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਨਿਊਜ਼ੀਲੈਂਡ ਨੇ 15 ਦੌੜਾਂ ਵਿੱਚ ਪੰਜ ਵਿਕਟ ਗਵਾਏ ਜਿਸ ਨਾਲ ਉਸ ਦਾ ਸਕੋਰ 9 ਵਿਕਟਾਂ ‘ਤੇ 146 ਦੌੜਾਂ ਹੋ ਗਿਆ ਪਰ ਵਿਲੀਅਮਸਨ ਨੇ ਟੀਮ ਨੂੰ ਜਿੱਤ ਦਿਵਾ ਦਿੱਤੀ।

Facebook Comment
Project by : XtremeStudioz