Close
Menu

ਰੋਹਿੰਗੀਆ ਸ਼ਰਨਾਰਥੀਆਂ ਵੱਲੋਂ ਮਿਆਂਮਾਰ ਵਾਪਸੀ ਖਿਲਾਫ਼ ਪ੍ਰਦਰਸ਼ਨ

-- 15 November,2018

ਢਾਕਾ, 15 ਨਵੰਬਰ
ਬੰਗਲਾਦੇਸ਼ ਦੇ ਸੈਂਕੜੇ ਰੋਹਿੰਗੀਆ ਮੁਸਲਿਮ ਸ਼ਰਨਾਰਥੀਆਂ ਨੇ ਅੱਜ ‘ਜਲਦਬਾਜ਼ੀ’ ਵਿੱਚ ਮਿਆਂਮਾਰ ਵਾਪਸੀ ਦੀ ਯੋਜਨਾ ਖਿਲਾਫ਼ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਢਾਕਾ ਨੇ ਕਿਹਾ ਹੈ ਕਿ ਉਹ ਯੋਜਨਾ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦਾ ਸੰਯੁਕਤ ਰਾਸ਼ਟਰ ਅਤੇ ਮਦਦ ਕਰ ਰਹੀਆਂ ਏਜੰਸੀਆਂ ਨੇ ਵਿਰੋਧ ਕੀਤਾ ਹੈ।
ਬੀਤੇ ਵਰ੍ਹੇ ਅਗਸਤ ਤੋਂ ਸੱਤ ਲੱਖ ਤੋਂ ਵਧ ਰੋਹਿੰਗੀਆ ਸ਼ਰਨਾਰਥੀ ਮਿਆਂਮਾਰ ਦਾ ਰਖਾਈਨ ਖਿੱਤਾ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਜ਼ਾਲਮਾਨਾ ਫੌਜੀ ਕਾਰਵਾਈ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਨੇ ਇਸ ਨੂੰ ਨਸਲੀ ਖਾਤਮੇ ਦੀ ਮਿਸਾਲ ਦੱਸਿਆ ਸੀ। ਉਧਰ, ਕੌਮਾਂਤਰੀ ਮਨੁੱਖੀ ਅਧਿਕਾਰੀ ਸੰਗਠਨਾਂ ਨੇ ਇਸ ਨੂੰ ਕਤਲੇਆਮ ਕਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕੌਕਸ ਬਾਜ਼ਾਰ ਦੇ ਊਂਚੀਪਰਾਂਗ ਕੈਂਪ ਦੇ ਸਾਹਮਣੇ ਅੱਜ ਸਵੇਰੇ ਤਿੰਨ ਬੱਸਾਂ ਅਤੇ ਚਾਰ ਟਰੱਕ ਖੜੇ ਕੀਤੇ ਗਏ, ਜੋ ਉਨ੍ਹਾਂ ਸ਼ਰਨਾਰਥੀਆਂ ਨੂੰ ਲਿਜਾਣ ਲਈ ਤਿਆਰ ਸਨ ਪਰ ਉਨ੍ਹਾਂ ’ਤੇ ਚੜ੍ਹਨ ਨੂੰ ਕੋਈ ਤਿਆਰ ਨਹੀਂ ਹੈ। ਕਈ ਹਜ਼ਾਰ ਸ਼ਰਨਾਰਥੀਆਂ ਨੇ ਮਿਆਂਮਾਰ ਵਾਪਸ ਜਾਣ ਤੋਂ ਇਨਕਾਰ ਕਰਦਿਆਂ ਅੱਜ ਮੁਜ਼ਾਹਰਾ ਕੀਤਾ। ਬੰਗਲਾਦੇਸ਼ ਨੇ 2000 ਰੋਹਿੰਗੀਆ ਮੁਸਲਮਾਨਾਂ ਨੂੰ ਪਹਿਲੇ ਜਥੇ ਵਿੱਚ ਮਿਆਂਮਾਰ ਭੇਜਣ ਦੀ ਤਿਆਰੀ ਕੀਤੀ ਹੈ। ਰੋਹਿੰਗੀਆ ਮੁਜ਼ਾਹਰਾਕਾਰੀਆਂ ਨੇ ਇਕ ਨਿਜੀ ਟੀਵੀ ਚੈਨਲ ਨੂੰ ਦੱਸਿਆ,‘‘ ਅਸੀਂ ਆਪਣੀ ਸੁਰੱਖਿਆ ਅਤੇ ਮਾਣ ਚਾਹੁੰਦੇ ਹਾਂ, ਅਸੀਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ।’’
ਰੋਹਿੰਗੀਆ ਮੁਸਲਮਾਨਾਂ ਨੂੰ ਵਾਪਸ ਭੇਜਣ ਦਾ ਫੈਸਲਾ 30 ਅਕਤੂਬਰ ਨੂੰ ਮਿਆਂਮਾਰ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਕੀਤਾ ਗਿਆ ਸੀ। ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਮਿਆਂਮਾਰ ਨੂੰ ਹੁਣ ਤਕ 24000 ਰੋਹਿੰਗੀਆ ਦੀ ਸੂਚੀ ਸੌਂਪੀ ਹੈ ਜਦੋਂ ਕਿ ਮਿਆਂਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਵਿਚੋਂ 5 ਹਜ਼ਾਰ ਦੀ ਸ਼ਨਾਖਤ ਕੀਤੀ ਹੈ। 

Facebook Comment
Project by : XtremeStudioz