Close
Menu

ਰੌਜਰਜ਼ ਕੱਪ: ਰਾਫੇਲ ਨਡਾਲ ਤੇ ਸਿਮੋਨਾ ਹਾਲੇਪ ਬਣੇ ਚੈਂਪੀਅਨ

-- 14 August,2018

ਟੋਰਾਂਟੋ, ਵਿਸ਼ਵ ਦੇ ਅੱਵਲ ਨੰਬਰ ਟੈਨਿਸ ਖਿਡਾਰੀ ਸਪੇਨ ਦੇ ਰਾਫ਼ੇਲ ਨਡਾਲ ਨੇ ਗ੍ਰੀਸ ਦੇ ਸਟੈਫਾਨੋਸ ਸਿਤਸਿਪਾਸ ਨੂੰ ਹਰਾ ਕੇ ਟੋਰਾਂਟੋ ਮਾਸਟਰਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਸਪੈਨਿਸ਼ ਖਿਡਾਰੀ ਦੇ ਕਰੀਅਰ ਦੀ ਇਹ 80ਵੀਂ ਖ਼ਿਤਾਬੀ ਜਿੱਤ ਹੈ। ਉਧਰ ਮਹਿਲਾ ਵਰਗ ਵਿੱਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਫਰੈਂਚ ਓਪਨ ਫਾਈਨਲ ਨੂੰ ਮੁੜ ਦੁਹਰਾਉਂਦਿਆਂ ਅਮਰੀਕਾ ਦੀ ਸਲੋਨ ਸਟੀਫਨਜ਼ ਨੂੰ ਸ਼ਿਕਸਤ ਦਿੱਤੀ।

ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਨੇ ਦੂਜੇ ਸੈੱਟ ਵਿੱਚ ਗ੍ਰੀਕ ਖਿਡਾਰੀ ਦੀ ਵਾਪਸੀ ਦੇ ਬਾਵਜੂਦ ਇਸ ਨੌਜਵਾਨ ਖਿਡਾਰੀ ਨੂੰ ਇਕ ਘੰਟੇ ਤੇ 45 ਮਿੰਟ ਤਕ ਚੱਲੇ ਮੁਕਾਬਲੇ ’ਚ 6-2, 7-6(7/4) ਦੀ ਸ਼ਿਕਸਤ ਦਿੱਤੀ। 32 ਸਾਲਾ ਸਪੈਨਿਸ਼ ਖਿਡਾਰੀ ਦਾ ਇਲੀਟ ਮਾਸਟਰਜ਼ ਪੱਧਰ ਦਾ ਇਹ 33ਵਾਂ ਖਿਤਾਬ ਹੈ ਤੇ ਉਸ ਨੇ ਆਪਣੇ ਰਿਕਾਰਡ ਵਿੱਚ ਸੁਧਾਰ ਕੀਤਾ ਹੈ। ਗ੍ਰੀਕ ਖਿਡਾਰੀ ਨੇ ਹਾਲਾਂਕਿ ਖ਼ਿਤਾਬੀ ਮੁਕਾਬਲੇ ’ਚ ਚੰਗੀ ਸ਼ੁਰੂਆਤ ਕਰਦਿਆਂ ਪਹਿਲਾ ਗੇਮ ਸਿਫ਼ਰ ’ਤੇ ਜਿੱਤ ਲਿਆ ਸੀ, ਪਰ ਫਿਰ ਨਡਾਲ ਨੇ ਮਗਰੋਂ ਗ੍ਰੀਕ ਖਿਡਾਰੀ ਦੀ ਦੋ ਵਾਰ ਸਰਵਿਸ ਤੋੜ ਕੇ ਪਹਿਲਾ ਸੈੱਟ 34 ਮਿੰਟਾਂ ਵਿੱਚ ਜਿੱਤ ਲਿਆ। ਨਡਾਲ ਨੇ ਦੂਜਾ ਸੈੱਟ ਟਾਈਬ੍ਰੇਕ ਵਿੱਚ ਜਿੱਤ ਕੇ ਗ੍ਰੀਕ ਖਿਡਾਰੀ ਦੇ ਪ੍ਰਸ਼ੰਸਕਾ ਨੂੰ ਮਾਯੂਸ ਕਰ ਦਿੱਤਾ। ਨਡਾਲ ਨੇ ਇਹ ਸੈੱਟ 7-4 ਨਾਲ ਜਿੱਤਿਆ। 32 ਸਾਲਾ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਤੇ 2013 ਵਿੱਚ ਇਥੇ ਖਿਤਾਬੀ ਜਿੱਤ ਦਰਜ ਕੀਤੀ ਸੀ।
ਮਹਿਲਾ ਵਰਗ ਵਿੱਚ ਰੋਮਾਨਿਆਈ ਖਿਡਾਰੀ ਸਿਮੋਨਾ ਹਾਲੇਪ ਨੇ ਅਮਰੀਕੀ ਖਿਡਾਰਨ ਸਲੋਨ ਸਟੀਫਨਜ਼ ਖ਼ਿਲਾਫ਼ 7-6, 3-6, 6-4 ਦੀ ਜਿੱਤ ਦਰਜ ਕਰਦਿਆਂ ਰੌਜਰਜ਼ ਕੱਪ ਮਹਿਲਾ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਹਾਲੇਪ ਨੇ ਜੂਨ ਵਿੱਚ ਪੈਰਿਸ ’ਚ ਹੋਏ ਫਰੈਂਚ ਓਪਨ ਗਰੈਂਡ ਸਲੈਮ ਵਿੱਚ ਵੀ ਅਮਰੀਕੀ ਖਿਡਾਰਨ ਨੂੰ ਖਿਤਾਬੀ ਮੁਕਾਬਲੇ ’ਚ ਮਾਤ ਦਿੱਤੀ ਸੀ। ਪਿਛਲੇ ਤਿੰਨ ਸਾਲਾਂ ’ਚ ਹਾਲੇਪ ਦਾ ਇਹ ਦੂਜਾ ਰੌਜਰਜ਼ ਕੱਪ ਹੈ। ਸਾਲ 2018 ਸੀਜ਼ਨ ਦਾ ਇਹ ਉਹਦਾ ਤੀਜਾ ਖ਼ਿਤਾਬ ਹੈ।

Facebook Comment
Project by : XtremeStudioz