Close
Menu

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ ’ਚ ਹਲਾਕ

-- 29 November,2018

ਸ੍ਰੀਨਗਰ, 29 ਨਵੰਬਰ- ਪਾਕਿਸਤਾਨ ’ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ ’ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ ’ਚ ਹਿਰਾਸਤ ’ਚੋਂ ਫ਼ਰਾਰ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ ’ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ।
ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਲਸ਼ਕਰ ਦਹਿਸ਼ਤਗਰਦ ਪਾਕਿਸਤਾਨੀ ਸੀ ਅਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਜਾਵੇਗਾ ਕਿ ਉਹ ਪਾਕਿਸਤਾਨ ਨੂੰ ਉਸ ਦੀ ਲਾਸ਼ ਲੈ ਕੇ ਜਾਣ ਲਈ ਆਖਣ। ਜੱਟ ਉਰਫ਼ ਹੰਜ਼ਾਲਾ ਨਾਲ ਮੁਕਾਬਲਾ ਬੁੱਧਵਾਰ ਤੜਕੇ ਸ਼ੁਰੂ ਹੋਇਆ ਜਦੋਂ ਦਹਿਸ਼ਤਗਰਦਾਂ ਦੇ ਕੁਠਪੋਰਾ ਛਾਤਰਗਾਮ ਇਲਾਕੇ ਦੇ ਇਕ ਮਕਾਨ ’ਚ ਛਿਪੇ ਹੋਣ ਦੀ ਪੁਖ਼ਤਾ ਸੂਹ ਮਿਲੀ ਸੀ। ਦਹਿਸ਼ਤਗਰਦ ਇਕ ਘਰ ਤੋਂ ਹੁੰਦੇ ਹੋਏ ਦੂਜੇ ’ਚ ਦਾਖ਼ਲ ਹੁੰਦੇ ਜਾ ਰਹੇ ਸਨ। ਅਪਰੇਸ਼ਨ ਨੂੰ ਕੁਝ ਦੇਰ ਲਈ ਉਸ ਸਮੇਂ ਰੋਕਣਾ ਪਿਆ ਜਦੋਂ ਇਕ ਘਰ ’ਚ ਰਹਿੰਦੇ ਲੋਕਾਂ ਨੇ ਸੁਰੱਖਿਆ ਬਲਾਂ ਨੂੰ ਬਚਾਅ ਲਈ ਫਰਿਆਦ ਕੀਤੀ। ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਸ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ ਜਿਸ ਨਾਲ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਦਿਨ ਚੜ੍ਹਨ ’ਤੇ ਦੋਵੇਂ ਦਹਿਸ਼ਤਗਰਦ ਮਾਰੇ ਗਏ।
ਡੀਜੀਪੀ ਨੇ ਕਿਹਾ ਕਿ ਜੱਟ ਛੇ ਵਾਰ ਵੱਖ ਵੱਖ ਮੁਕਾਬਲਿਆਂ ’ਚ ਸੁਰੱਖਿਆ ਬਲਾਂ ਨੂੰ ਝਕਾਨੀ ਦੇਣ ’ਚ ਕਾਮਯਾਬ ਰਿਹਾ ਸੀ ਪਰ ਅੱਜ ਜਵਾਨਾਂ ਨੇ ਉਸ ਨੂੰ ਮਾਰ ਮੁਕਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮੁਲਤਾਨ ’ਚ ਜੰਮਿਆ ਜੱਟ ਮਦਰੱਸੇ ’ਚ ਕਸਾਬ ਦੇ ਗਰੁੱਪ ’ਚ ਸ਼ਾਮਲ ਸੀ ਜਿਥੇ ਉਸ ਨੇ ਹਥਿਆਰਾਂ ਦੀ ਸਿਖਲਾਈ ਲਈ ਸੀ।

Facebook Comment
Project by : XtremeStudioz