Close
Menu

ਲਹਿੰਦੇ ਪੰਜਾਬ ਦੇ ਮੰਤਰੀ ਨੂੰ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਅਹੁਦੇ ਤੋਂ ਹਟਾਇਆ

-- 06 March,2019

ਲਾਹੌਰ, 6 ਮਾਰਚ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸੂਚਨਾ ਅਤੇ ਸਭਿਆਚਾਰ ਬਾਰੇ ਮੰਤਰੀ ਫ਼ੈਯਾਜ਼ੁਲ ਹਸਨ ਚੌਹਾਨ ਵਲੋਂ ਕੀਤੀਆਂ ਗਈਆਂ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਅੱਜ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚੌਹਾਨ ਦੀਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੂੰ ਮੰਤਰੀ ਚੌਹਾਨ ਨੂੰ ਹਟਾਉਣ ਦੀ ਹਦਾਇਤ ਕੀਤੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਟਵੀਟਰ ਅਕਾਊਂਟ ’ਤੇ ਕੀਤੇ ਗਏ ਟਵੀਟ ਅਨੁਸਾਰ ‘ਪੰਜਾਬ ਸਰਕਾਰ ਨੇ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਬਾਰੇ ਮੰਤਰੀ ਫ਼ੈਯਾਜ਼ੁਲ ਹਸਨ ਚੌਹਾਨ ਵੱਲੋਂ ਕੀਤੀਆਂ ਗਈਆ ਹਿੰਦੂ ਵਿਰੋਧੀ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਬੁਲਾਰੇ ਅਨੁਸਾਰ ਚੌਹਾਨ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਦਿੱਤਾ, ਜਿਸ ਨੂੰ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਅਨੁਸਾਰ ਚੌਹਾਨ ਵੱਲੋਂ ਅੱਜ ਸਵੇਰੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ ’ਤੇ ਮੁੱਖ ਮੰਤਰੀ ਨੇ ਭਾਵੇਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨੇ ਬੁਜ਼ਦਾਰ ਨੂੰ ਤੁਰੰਤ ਚੌਹਾਨ ਨੂੰ ਹਟਾਉਣ ਦੀ ਹਦਾਇਤ ਜਾਰੀ ਕੀਤੀ ਸੀ। ਮੰਤਰੀ ਚੌਹਾਨ ਵੱਲੋਂ ਕੀਤੀਆਂ ਟਿੱਪਣੀਆਂ ਲਈ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਘੱਟ ਗਿਣਤੀ ਭਾਈਚਾਰੇ ਵਲੋਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਟਵਿੱਟਰ ’ਤੇ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਸਰਕਾਰ ’ਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਤੋਂ ਪਹਿਲਾਂ ਸਵੇਰ ਵੇਲੇ ਚੌਹਾਨ ਨੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਫੌਜੀ ਬਲਾਂ ਅਤੇ ਉੱਥੋਂ ਦੇ ਮੀਡੀਆ ਦੀ ਗੱਲ ਕਰ ਰਿਹਾ ਸੀ, ਨਾ ਕਿ ਪਾਕਿਸਤਾਨ ਵਿਚਲੇ ਹਿੰਦੂ ਭਾਈਚਾਰੇ ਦੀ।’’ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਪਾਕਿਸਤਾਨ ਦੇ ਹਿੰਦੂੁ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

Facebook Comment
Project by : XtremeStudioz