Close
Menu

ਲਹਿੰਦੇ ਪੰਜਾਬ ਵੱਲੋਂ ਗਵਰਨਰ ਨੇ ਖੇਤੀਬਾੜੀ ਸੰਮੇਲਨ ਦਾ ਦੌਰਾ

-- 18 February,2014

2ਚੱਪੜਚਿੜੀ (ਐਸ.ਏ.ਐਸ.ਨਗਰ) ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹਮੰਦ ਸਰਵਰ ਨੇ ਅੱਜ ਇੱਥੇ ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ‑2014 ਮੌਕੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੱਖਾਂ ਕਿਸਾਨਾਂ ਦੀ ਹੋਣੀ ਨੂੰ ਬਦਲਣ ਲਈ ਕਰਵਾਏ ਗਏ ਇਸ ਵਿਲੱਖਣ ਸੰਮੇਲਨ ਲਈ ਵਧਾਈ ਦਿੱਤੀ।
ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨ ਜਨਾਬ ਮਨਸੂਰ ਖਾਨ ਦੇ ਨਾਲ ਸੰਮੇਲਨ ਵਿਚ ਸ਼ਮੂਲੀਅਤ ਕਰਦਿਆਂ ਇੱਥੇ ਲਗਾਈਆਂ ਗਈਆਂ ਵੱਖ‑ਵੱਖ ਪ੍ਰਦਰਸ਼ਨੀਆਂ ਨੂੰ ਵੇਖਣ ਤੋਂ ਬਾਅਦ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹਮੰਦ ਸਰਵਰ ਨੇ ਕਿਹਾ ਕਿ ਚੜਦੇ ਪੰਜਾਬ ਵਿਚ ਖੇਤੀ ਅਤੇ ਪਸ਼ੂ ਪਾਲਣ ਸਮੇਤ ਇਸ ਦੇ ਸਹਾਇਕ ਧੰਦਿਆਂ ਵਿਚ ਹੋਈ ਲਾਮਿਸਾਲ ਤਰੱਕੀ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਸਤੁੰਸ਼ਟੀ ਹੋਈ ਹੈ। ਉਨ੍ਹਾਂ ਆਖਿਆ ਕਿ ਦੋਹਾਂ ਪੰਜਾਬਾਂ ਵਿਚਕਾਰ ਖੇਤੀ ਖੇਤਰ ਵਿਚ ਆਪਸੀ ਤਾਲਮੇਲ ਦੀ ਲੋੜ ਹੈ ਤਾਂਕਿ ਤਜਰਬਿਆਂ ਅਤੇ ਮੁਹਾਰਤਾਂ ਨੂੰ ਸਾਂਝਾ ਕਰਕੇ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਅੱਗੇ ਆਖਿਆ ਕਿ ਕਿਸਾਨਾਂ, ਖੇਤੀ ਵਿਗਿਆਨੀਆਂ ਤੇ ਅਰਥ ਸ਼ਾਸ਼ਤਰੀਆਂ ਦੇ ਵਫਦਾਂ ਦਾ ਆਪਸੀ ਵਟਾਂਦਰਾ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਹੈ। ਜਨਾਬ ਸਰਵਰ ਨੇ ਆਖਿਆ ਕਿ ਚੜਦੇ ਪੰਜਾਬ ਵਾਂਗ ਲਹਿੰਦੇ ਪੰਜਾਬ ਦੀ ਵੀ ਕਪਾਹ, ਕਿਨੂੰ, ਕਣਕ ਅਤੇ ਬਾਸਮਤੀ ਵਰਗੀਆਂ ਫਸਲਾਂ ਵਿਚ ਸਰਦਾਰੀ ਹੈ।
ਗਵਰਨਰ ਨੇ ਖੇਤੀ ਉਤਪਾਦਨ ਨੂੰ ਗੁਣਾਤਮਕ ਅਤੇ ਗਿਣਾਤਮਕ ਬਣਾਉਣ ਲਈ ਇਸ ਖੇਤਰ ਵਿਚ ਚਿਰਸਥਾਈ ਖੋਜ ਅਤੇ ਵਿਕਾਸ ਦੀ ਲੋੜ ਤੇ ਜੋਰ ਦਿੱਤਾ ਜਿਸ ਨਾਲ ਦੋਵੇਂ ਪੰਜਾਬ ਨਾ ਸਿਰਫ ਉਪ ਮਹਾਂਦੀਪ ਵਿਚ ਮੋਹਰੀ ਸੂਬੇ ਬਣ ਕੇ ਉਭਰਨਗੇ ਸਗੋਂ ਆਲਮੀ ਪੱਧਰ ਤੇ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰਣਗੇ। ਉਨ੍ਹਾਂ ਆਖਿਆ ਕਿ ਐਗੋਰ ਪ੍ਰੋਸੈਸ਼ਿੰਗ ਰਾਹੀਂ ਰਵਾਇਤੀ ਫਸਲਾਂ ਦੇ ਮੁੱਲ ਵਾਧੇ ਦੀਆਂ ਅਨਕਿਆਸੀਆਂ ਸੰਭਾਵਨਾਵਾਂ ਲੱਭੀਆ ਜਾ ਸਕਦੀਆਂ ਹਨ। ਇਸ ਸੰਮਲੇਨ ਦੀ ਸਫਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਜਨਾਬ ਸਰਵਰ ਨੇ ਆਖਿਆ ਕਿ ਕਿਸਾਨਾਂ ਦਰਮਿਆਨ ਵਿਚਾਰਾਂ ਅਤੇ ਤਜਰਬਿਆਂ ਦਾ ਅਦਾਨ ਪ੍ਰਦਾਨ ਕਰਨ ਦਾ ਇਹ ਸਹੀ ਮੰਚ ਹੈ ਤੇ ਇਸ ਨਾਲ ਖੇਤੀ ਉਤਪਾਦਨ ਵਿਚ ਨਵੇਂ ਦਿਸਹੱਦੇ ਸਥਾਪਿਤ ਹੋਣਗੇ।
ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਜਨਾਬ ਮੁਹਮੰਦ ਸਰਵਰ ਨਾਲ ਕੀਤੇ ਵਿਚਾਰ ਵਟਾਂਦਰੇ ਦੌਰਾਨ ਖੇਤੀਬਾੜੀ, ਬਾਗਬਾਨੀ ਅਤੇ ਜੰਗਲਾਤ ਦੇ ਖੇਤਰਾਂ ਵਿਚ ਤਕਨੀਕੀ ਗਿਆਨ ਦਾ ਵਟਾਂਦਰਾ ਹੋਣ ਉੱਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਗੰਭੀਰ ਸੰਕਟ ਵਿਚੋਂ ਗੁਜਰ ਰਹੀ ਕਿਸਾਨੀ ਨੂੰ ਇਸ ਨਮੋਸੀਜਨਕ ਸਥਿਤੀ ਵਿਚੋਂ ਕੱਢ ਕੇ ਖੇਤੀ ਨਾਲ ਜੁੜੇ ਲੱਖਾਂ ਪਰਿਵਾਰਾਂ ਦੀ ਕਿਸਮਤ ਬਦਲਣਾ ਇਸ ਸੰਮੇਲਨ ਦਾ ਮੁੱਖ ਮਕਸਦ ਹੈ। ਉਨ੍ਹਾਂ ਲਹਿੰਦੇ ਪੰਜਾਬ ਦੇ ਗਵਰਨਰ ਨੂੰ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਕਿਸਾਨਾਂ ਅਤੇ ਖੇਤੀ ਮਾਹਿਰਾਂ ਉੱਤੇ ਅਧਾਰਿਤ ਇਕ ਵਫਦ ਓਧਰਲੇ ਪੰਜਾਬ  ਵਿਚ ਪਹੁੰਚਣਗੇ ਤਾਂ ਕਿ ਕਪਾਹ, ਮੱਕੀ ਅਤੇ ਨਿੰਬੂ ਜਾਤੀ ਦੇ ਫਲਾਂ ਦੀ ਕਾਸਤ ਵਿਚ ਉੱਥੇ ਵਰਤੀਆਂ ਜਾਂਦੀਆਂ ਖੇਤੀ ਤਕਨੀਕਾਂ ਦਾ ਅਧਿਐਨ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਲਹਿੰਦੇ ਪੰਜਾਬ ਦੇ ਗਵਰਨਰ ਨੂੰ ਪਾਕਿਸਤਾਨ ਵਿਚ ਗਾਂਵਾਂ, ਮੱਝਾਂ ਅਤੇ ਬਕਰੀਆਂ ਦੇ ਨਸਲ ਸੁਧਾਰ ਵਿਚ ਕੀਤੀ ਗਈ ਤਰੱਕੀ ਲਈ ਵਧਾਈ ਦਿੰਦਿਆਂ ਕਿਹਾ ਕਿ ਉੱਥੋਂ ਦੀਆਂ ਸਾਹੀਵਾਲ ਨਸਲ ਦੀਆਂ ਗਾਂਵਾਂ, ਨੀਲੀ ਰਾਵੀ ਨਸਲ ਦੀਆਂ ਮੱਝਾਂ ਅਤੇ ਬੀਟਲ ਨਸਲ ਦੀਆਂ ਬਕਰੀਆਂ ਪੂਰੀ ਦੁਨੀਆਂ ਵਿਚ ਮਸਹੂਰ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀਆਂ ਦੇਸੀ ਨਸਲਾਂ ਦੇ ਸੁਧਾਰ ਲਈ ਦੋਨਾਂ ਸੂਬਿਆਂ ਵਿਚ ਬਿਹਤਰੀਨ ਨਸਲੀ ਜੀਵ ਤੱਤਾਂ ਦਾ ਅਦਾਨ ਪ੍ਰਦਾਨ ਕਰਨਾ ਬਹੁਤ ਜਰੁਰੀ ਹੈ। ਮੁੱਖ ਮੰਤਰੀ ਨੇ ਲਹਿੰਦੇ ਪੰਜਾਬ ਦੇ ਗਵਰਨਰ ਦਾ ਸੰਮੇਲਨ ਵਿਚ ਪਹੁੰਚਣ ਅਤੇ ਇੱਥੋਂ ਦੇ ਹਰ ਪ੍ਰੋਗਰਾਮ ਵਿਚ ਡੂੰਘੀ ਦਿਲਚਸਪੀ ਲੈਣ ਲਈ ਉਨ੍ਹਾਂ ਦਾ ਸੁਕਰੀਆਂ ਅਦਾ ਕੀਤਾ। ਉਨ੍ਹਾਂ ਕਿਹਾ ਕਿ ਗਵਰਨਰ ਜਨਾਬ ਮੁਹਮੰਦ ਸਰਵਰ ਦੀ ਇਹ ਆਮਦ ਨਿਸ਼ਚੈ ਹੀ ਦੋਹਾਂ ਮੁਲਕਾਂ ਵਿਸੇਸ਼ ਕਰਕੇ ਦੋਹਾਂ ਪੰਜਾਬਾਂ ਦੇ ਰਿਸ਼ਤਿਆਂ ਵਿਚ ਇਕ ਨਵਾਂ ਅਧਿਆਏ ਜੋੜੇਗੀ।
ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹਮੰਦ ਸਰਵਰ ਨੇ ਉਨ੍ਹਾਂ ਨਾਲ ਸੰਮੇਲਨ ਵਿਚ ਲਗਾਈਆਂ ਗਈਆਂ ਖੇਤੀਬਾੜੀ ਮਸ਼ੀਨਰੀ, ਖੇਤੀ ਸਹਾਇਕ ਧੰਦਿਆਂ ਅਤੇ ਪਸ਼ੂਧਨ ਦੀਆਂ ਲਾਈਆਂ ਗਈਆਂ ਨੁਮਾਇਸ਼ਾਂ ਦਾ ਦੌਰਾ ਕੀਤਾ। ਉਨ੍ਹਾਂ ਇੰਨ੍ਹਾਂ ਪ੍ਰਦਰਸ਼ਨੀਆਂ ਵਿਚ ਡੁੰਘੀ ਦਿਲਚਸਪੀ ਦਿਖਾਉਂਦਿਆਂ ਕਿਸਾਨਾਂ ਤੋਂ ਪਸ਼ੂ ਪਾਲਣ, ਖੇਤੀ ਬਾੜੀ ਅਤੇ ਖਾਸ ਕਰਕੇ ਬੀਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਗਵਰਨਰ ਜਨਾਬ ਮੁਹਮੰਦ ਸਰਵਰ ਨੂੰ ਕ੍ਰਿਪਾਨ, ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਮੂਹ ਪੰਜਾਬੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਮੁੱਖ ਮੰਤਰੀ ਨਾਲ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਅਤੇ ਉਨ੍ਹਾਂ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਗਗਨਦੀਪ ਸਿੰਘ ਬਰਾੜ ਵੀ ਹਾਜ਼ਰ ਸਨ।

Facebook Comment
Project by : XtremeStudioz