Close
Menu

ਲਾਲ ਸਿੰਘ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਲਗਪਗ ਤੈਅ

-- 01 March,2015

ਚੰਡੀਗੜ੍,/ਨਵੀਂ ਦਿੱਲੀ, ਕਾਂਗਰਸ ਨੇ ਪਿਛਲੇ ਸਮੇਂ ਦੌਰਾਨ ਮਿਲੀਆਂ ਹਾਰਾਂ ਤੋਂ ਬਾਅਦ ਪ੍ਰਦੇਸ਼ ਇਕਾਈਆਂ ‘ਚ ਬਦਲਾਅ ਦਾ ਮਨ ਬਣਾ ਲਿਆ ਹੈ। ਪੰਜਾਬ ‘ਚ  ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ‘ਤੇ ਤਲਵਾਰ ਲਟਕ  ਗਈ ਹੈ। ਉਨ੍ਹਾਂ ਨੂੰ ਹਟਾਉਣ ਦੇ ਚਰਚੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਲਾਲ ਸਿੰਘ ਦਾ ਨਾਮ ਸਭ ਤੋਂ ਅੱਗੇ ਚਲ ਰਿਹਾ ਹੈ। ਉਂਜ  ਸ੍ਰੀ ਬਾਜਵਾ ਖ਼ਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਦਲਾਅ ਮਨਜ਼ੂਰ ਨਹੀਂ ਹੋਵੇਗਾ। ਕਾਂਗਰਸ ਹਾਈ ਕਮਾਂਡ ਪ੍ਰਦੇਸ਼ ਇਕਾਈਆਂ ‘ਚ ਬਦਲਾਅ ਬਾਰੇ ਕਿਸੇ ਵੇਲੇ ਵੀ  ਐਲਾਨ ਕਰ ਸਕਦੀ ਹੈ।
ਕਾਂਗਰਸ ਸੂਤਰਾਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਪੰਜਾਬ ਦਾ ਪ੍ਰਧਾਨ  ਲਾਏ ਜਾਣ ਬਾਰੇ ਵੀ ਵਿਚਾਰਾਂ ਹੋ ਰਹੀਆਂ ਹਨ ਪਰ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਕਰਕੇ ਸ੍ਰੀ ਲਾਲ ਸਿੰਘ ਦੇ ਨਾਮ ਦੀ ਲਾਟਰੀ ਨਿਕਲ ਸਕਦੀ ਹੈ।
ਕਾਂਗਰਸ ਸੂਤਰਾਂ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਦੇ ਸੰਕਟ ਬਾਰੇ ਫ਼ੈਸਲਾ ਨਾ ਹੋਣ ਕਰਕੇ ਪਾਰਟੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਪੰਜਾਬ ‘ਚ ਸੂਬਾ ਪ੍ਰਧਾਨ ਨੂੰ ਬਦਲਣ ਬਾਰੇ ਕਾਂਗਰਸ ਜਨਰਲ ਸਕੱਤਰ ਇੰਚਾਰਜ ਸ਼ਕੀਲ ਅਹਿਮਦ ਨੇ ਕੋਈ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ। ਸਾਬਕਾ ਮੰਤਰੀ ਲਾਲ ਸਿੰਘ ਦਾ ਨਾਂ ਭਾਵੇਂ ਸਭ ਤੋਂ ਮੂਹਰੇ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ‘ਤੇ ਇਤਰਾਜ਼ ਹੋ ਸਕਦਾ ਹੈ ਕਿਉਂਕਿ ਉਹ ਖੁਦ ਵੀ ਪੰਜਾਬ ‘ਚ ਪਾਰਟੀ ਦੀ ਕਮਾਨ ਸੰਭਾਲਣ ਦੇ ਇਛੁੱਕ ਹਨ। ਕਾਂਗਰਸ ਦਾ ਵੱਡਾ ਧੜਾ ਵੀ ਚਾਹੁੰਦਾ ਹੈ ਕਿ ਕੈਪਟਨ ਨੂੰ ਸੂਬੇ ਦੀ ਵਾਗਡੋਰ ਸੰਭਾਲੀ ਜਾਵੇ।
ਇੰਜ ਜਾਪਦਾ ਹੈ ਕਿ ਹਾਈ ਕਮਾਂਡ ਕੈਪਟਨ ਦੇ ਦਬਾਅ ਹੇਠ ਨਹੀਂ ਆਉਣਾ ਚਾਹੁੰਦੀ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੈਪਟਨ ਨੂੰ ਲਾਲ ਸਿੰਘ ਸਵੀਕਾਰ ਹੋਣਗੇ ਅਤੇ ਉਹ ਪੰਜਾਬ ‘ਚ ਧੜਿਆਂ ‘ਚ ਵੰਡੀ ਕਾਂਗਰਸ ਪਾਰਟੀ ਨੂੰ ਇਕਮੁੱਠ ਵੀ ਕਰ ਸਕਦੇ ਹਨ। ਬਾਅਦ ‘ਚ ਚੋਣਾਂ ਦੇ ਨੇੜੇ  ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਮੁਖੀ ਜਾਂ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾ ਕੇ ਉਨ੍ਹਾਂ ਨੂੰ ਅੱਗੇ ਕੀਤਾ ਜਾ ਸਕਦਾ ਹੈ। ਇਕ ਆਗੂ ਨੇ ਕਿਹਾ ਕਿ ਚੋਣਾਂ ਨੂੰ ਹੋਣ ‘ਚ ਦੋ ਸਾਲਾਂ ਦਾ ਸਮਾਂ ਪਿਆ ਹੈ ਅਤੇ ਹਾਈ ਕਮਾਂਡ ਕੈਪਟਨ ਨੂੰ ਅੰਤਿਮ ਬਾਜ਼ੀ ਲਈ ਬਚਾ ਕੇ ਰੱਖਣਾ ਚਾਹੁੰਦੀ ਹੋਵੇਗੀ।  ਉਸ ਸਮੇਂ ਤੱਕ ਕੈਪਟਨ ਨੂੰ ਮਨਜ਼ੂਰ ਆਗੂ ਨੂੰ ਪੰਜਾਬ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਉਧਰ ਦਿੱਲੀ ‘ਚ ਅਰਵਿੰਦਰ ਲਵਲੀ ਦੀ ਥਾਂ ‘ਤੇ ਅਜੈ ਮਾਕਨ ਨੂੰ ਕਮਾਨ ਸੌਂਪੀ ਜਾ ਰਹੀ ਹੈ। ਜੰਮੂ-ਕਸ਼ਮੀਰ  ‘ਚ ਸਾਬਕਾ ਮੰਤਰੀ ਜੀ ਏ ਮੀਰ ਨੂੰ ਸੈਫੂਦੀਨ  ਸੋਜ਼ ਦੀ ਥਾਂ ‘ਤੇ ਪ੍ਰਧਾਨ ਬਣਾਇਆ ਜਾ ਸਕਦਾ ਹੈ, ਗੁਜਰਾਤ ‘ਚ ਕਾਂਗਰਸ ਭਰਤ ਸਿੰਘ ਸੋਲੰਕੀ ਅਤੇ ਮਹਾਰਾਸ਼ਟਰ ‘ਚ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ‘ਤੇ ਬਾਜ਼ੀ ਖੇਡ ਸਕਦੀ ਹੈ।

Facebook Comment
Project by : XtremeStudioz