Close
Menu

ਲਾਹੌਰ ’ਚ ਪਾਕਿਸਤਾਨ ਦੇ ਦੋ ਗਿਰਜਾ ਘਰਾਂ ਅੱਗੇ ਧਮਾਕੇ; 15 ਮਰੇ

-- 15 March,2015

AP3_15_2015_000080B

ਲਾਹੌਰ, 16 ਮਾਰਚ-ਲਾਹੌਰ ’ਚ ਪਾਕਿਸਤਾਨ ਦੀ ਸਭ ਤੋਂ ਵੱਡੀ ਈਸਾਈ ਕਾਲੋਨੀ ’ਚ ਅੱਜ ਦੋ ਗਿਰਜਾਘਰਾਂ ’ਚ ਐਤਵਾਰ ਦੀ ਪ੍ਰਾਰਥਨਾ ਦੌਰਾਨ ਤਾਲਿਬਾਨ ਦੇ ਦੋ ਫਿਦਾਇਨਾਂ ਵੱਲੋਂ ਕੀਤੇ ਗਏ ਧਮਾਕੇ ’ਚ ਘੱਟੋ-ਘੱਟ 15 ਵਿਅਕਤੀ ਹਲਾਕ ਹੋ ਗਏ ਅਤੇ 80 ਹੋਰ ਜਣੇ ਜ਼ਖਮੀ ਹੋਏ ਹਨ। ਮ੍ਰਿਤਕਾਂ ’ਚ ਪੁਲੀਸ ਦੇ ਦੋ ਜਵਾਨ ਵੀ ਸ਼ਾਮਲ ਹਨ। ਦਹਿਸ਼ਤੀ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਵੱਖਰੇ ਧੜੇ ਜਮਾਤ-ਉਲ-ਅਹਿਰਾਰ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਹੈ।
ਹਮਲਾਵਰਾਂ ਨੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਯੋਹਾਨਾਬਾਦ ਇਲਾਕੇ ’ਚ ਪੈਂਦੀਆਂ ਰੋਮਨ ਕੈਥੋਲਿਕ ਚਰਚ ਅਤੇ ਕਰਾਈਸਟ ਚਰਚ ਦੇ ਦਰਵਾਜ਼ਿਆਂ ’ਤੇ ਆਪਣੇ ਆਪ ਨੂੰ ਉਡਾ ਲਿਆ। ਧਮਾਕਿਆਂ ਕਰਕੇ ਉੱਥੇ ਮੌਜੂਦ ਸ਼ਰਧਾਲੂਆਂ ’ਚ ਹਫੜਾ-ਦਫੜੀ ਮਚ ਗਈ ਅਤੇ ਉਹ ਜਾਨਾਂ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਵੱਲ ਭੱਜਣ ਲੱਗੇ। ਹਮਲਿਆਂ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਦੋ ਸ਼ੱਕੀ ਦਹਿਸ਼ਤਗਰਦਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਰੱਸੀ ਨਾਲ ਬੰਨ੍ਹ ਕੇ ਸਾੜ ਦਿੱਤਾ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੱਤਾ ਹੈ।
ਹਰ ਐਤਵਾਰ ਵਾਂਗ ਅੱਜ ਵੀ ਦੋਵੇਂ ਚਰਚਾਂ ’ਚ ਪ੍ਰਾਰਥਨਾ ਹੋ ਰਹੀ ਸੀ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਜੁੜੇ ਹੋਏ ਸਨ। ਦੋਵੇਂ ਫਿਦਾਈਨਾਂ ਨੇ ਚਰਚਾਂ ਅੰਦਰ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸਥਾਨਕ ਈਸਾਈ ਆਗੂ ਅਸਲਮ ਪਰਵੇਜ਼ ਸਹੋਤਰਾ ਨੇ ਪੀਟੀਆਈ ਨੂੰ ਦੱਸਿਆ, ‘‘ਜਦੋਂ ਗਾਰਡਾਂ ਨੇ ਫਿਦਾਈਨਾਂ ਨੂੰ ਚਰਚਾਂ ’ਚ ਦਾਖਲ ਹੋਣ ਤੋਂ ਰੋਕਿਆ ਤਾਂ ਉਨ੍ਹਾਂ ਆਪਣੇ ਸਰੀਰ ਨਾਲ ਬੰਨੇ ਵਿਸਫੋਟਕਾਂ ਨਾਲ ਧਮਾਕਾ ਕਰ ਦਿੱਤਾ।’’ ਉਨ੍ਹਾਂ ਕਿਹਾ ਕਿ ਅੱਜ ਪਾਕਿਸਤਾਨ ’ਚ ਪੂਰਾ ਈਸਾਈ ਭਾਈਚਾਰਾ ਤਬਾਹ ਹੋ ਗਿਆ ਹੈ ਅਤੇ ਅਸੀਂ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦੇ ਹਾਂ।
ਲਾਹੌਰ ਜਨਰਲ ਹਸਪਤਾਲ ਦੇ ਬਾਹਰ ਡਾਇਰੈਕਟਰ ਜਨਰਲ (ਸਿਹਤ) ਜ਼ਾਹਿਦ ਪਰਵੇਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਮ੍ਰਿਤਕਾਂ ’ਚ ਇਕ ਮੁੰਡਾ,ਇਕ ਕੁੜੀ ਅਤੇ ਚਰਚਾਂ ਦੇ ਗੇਟ ’ਤੇ ਤਾਇਨਾਤ ਦੋ ਪੁਲੀਸ ਵਾਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਈ ਲੋਕ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ। ਚਰਚ ’ਚ ਹਾਜ਼ਰ ਤਾਹਿਰ ਭੱਟੀ ਨੇ ਦੱਸਿਆ ਕਿ ਧਮਾਕਾ ਐਨਾ ਜ਼ਬਰਦਸਤ ਸੀ ਕਿ ਉਹ ਖੁਦ ਡਿੱਗ ਪਿਆ ਅਤੇ ਫਿਰ ਜਦੋਂ ਬਾਹਰ ਵੱਲ ਭੱਜਿਆ ਤਾਂ ਉੱਥੇ ਚਾਰੇ ਪਾਸੇ ਸਰੀਰਾਂ ਦੇ ਅੰਗ ਖਿੰਡੇ ਹੋਏ ਸਨ ਅਤੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ।
ਪੰਜਾਬ ਸਰਕਾਰ ਦੇ ਤਰਜਮਾਨ   ਜ਼ਾਈਮ ਕਾਦਰੀ ਨੇ ਕਿਹਾ ਕਿ ਦੋਵੇਂ ਚਰਚਾਂ ਦੀ ਸੁਰੱਖਿਆ ਲਈ ਪੁਲੀਸ ਦੇ ਪੰਜ ਜਵਾਨ ਤਾਇਨਾਤ ਕੀਤੇ ਗਏ ਸਨ।
ਇਨ੍ਹਾਂ ’ਚੋਂ ਦੋ ਦੀ ਜਾਨ ਚਲੀ ਗਈ ਹੈ ਜਦਕਿ ਬਾਕੀ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੀਆਈਜੀ ਹੈਦਰ ਅਸ਼ਰਫ ਨੇ ਕਿਹਾ ਕਿ ਪੁਲੀਸ ਅਤੇ ਸਥਾਨਕ ਸੁਰੱਖਿਆ ਕਰਕੇ ਫਿਦਾਈਨਾਂ ਨੂੰ ਚਰਚਾਂ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਹਮਲਿਆਂ ਤੋਂ ਬਾਅਦ ਈਸਾਈ ਭਾਈਚਾਰੇ ’ਚ ਗੁੱਸਾ ਫੈਲ ਗਿਆ ਅਤੇ ਉਹ ਸੜਕਾਂ ’ਤੇ ਉਤਰ ਆਏ। ਯੋਹਾਨਾਬਾਦ ’ਚ ਹਾਲਤ ਤਣਾਅ ਵਾਲੇ ਬਣ ਹੋਏ ਹਨ। ਲੋਕਾਂ ਨੇ ਕਈ ਸੜਕਾਂ ਠੱਪ ਕਰ ਦਿੱਤੀਆਂ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਰੋਹ ਐਨਾ ਜ਼ਿਆਦਾ ਸੀ ਕਿ ਈਸਾਈਆਂ ਨੇ ਦੋ ਮੰਤਰੀਆਂ, ਪੁਲੀਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਧਮਾਕਿਆਂ ਵਾਲੀ ਥਾਂ ’ਤੇ ਨਹੀਂ ਜਾਣ ਦਿੱਤਾ।
ਫੈਸਲਾਬਾਦ, ਨਨਕਾਣਾ ਸਾਹਿਬ, ਸਰਗੋਧਾ, ਮੁਲਤਾਨ, ਕਰਾਚੀ ਅਤੇ ਪੇਸ਼ਾਵਰ ’ਚ ਵੀ ਈਸਾਈਆਂ ਨੇ ਸੜਕਾਂ ’ਤੇ ਰੋਸ ਮੁਜ਼ਾਹਰੇ ਕੀਤੇ ਅਤੇ ਧਮਾਕਿਆਂ ਦੀ ਨਿਖੇਧੀ ਕਰਦਿਆਂ ਘੱਟ ਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਕੀਤੀ। ਲਾਹੌਰ ਦੇ ਪਾਦਰੀ ਇਰਫਾਨ ਜਮੀਲ ਨੇ ਈਸਾਈਆਂ ਨੂੰ ਅਮਨੋ-ਅਮਾਨ ਬਹਾਲ ਰੱਖਣ ਦੀ ਅਪੀਲ ਕਰਦਿਆਂ ਦਹਿਸ਼ਤਗਰਦਾਂ ਦੇ ਨਾਪਾਕ ਮਨਸੂਬਿਆਂ ਨੂੰ ਸਫਲ ਨਾ ਹੋਣ ਦੇਣ ਦੀ ਅਪੀਲ ਕੀਤੀ।

Facebook Comment
Project by : XtremeStudioz