Close
Menu

ਲਾਹੌਰ ਮੁਕਾਬਲੇ ਵਿੱਚ ਵਾਹਗਾ ਬੰਬ ਧਮਾਕੇ ਦਾ ਮੁੱਖ ਦੋਸ਼ੀ ਹਲਾਕ

-- 10 January,2015

ਲਾਹੌਰ,
ਪਾਕਿਸਤਾਨੀ ਪੁਲੀਸ ਨੇ ਅੱਜ ਵਾਹਗਾ ਸਰਹੱਦੀ ਚੌਕੀ ‘ਤੇ ਹੋਏ ਆਤਮਘਾਤੀ ਬੰਬ ਹਮਲੇ ਦੇ ਕਥਿਤ ਸੂਤਰਧਾਰ ਨੂੰ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ। ਪਿਛਲੇ ਸਾਲ 2 ਨਵੰਬਰ ਨੂੰ ਹੋਏ ਇਸ ਮੁਕਾਬਲੇ ਵਿੱਚ 61 ਮੌਤਾਂ ਹੋਈਆਂ ਸਨ।
ਪੁਲੀਸ ਅਤੇ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ‘ਡਾਅਨ’ ਦੀ ਰਿਪੋਰਟ ਮੁਤਾਬਕ ਲਾਹੌਰ ਦੇ ਬੁਰਕੀ ਰੋਡ ਇਲਾਕੇ ਵਿੱਚ ਹੋਏ ਮੁਕਾਬਲੇ ਦੌਰਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਲਾਹੌਰ ਦਸਤੇ ਦਾ ਮੁਖੀ ਰੂਹਉੱਲ੍ਹਾ ਉਰਫ ਅਸਦਉੱਲ੍ਹਾ ਅਤੇ ਉਸ ਦੇ ਸਾਥੀ ਮਾਰੇ ਗਏ ਹਨ। ਉਸ ਹਮਲੇ ਤੋਂ ਬਾਅਦ ਖੁਫੀਆ ਏਜੰਸੀਆਂ ਨੂੰ ਰੂਹਉੱਲ੍ਹਾ ਦੀ ਤਲਾਸ਼ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਸ਼ਹਿਰ ਦੇ ਬਾਹਰਵਾਰ ਬੁਰਕੀ ਰੋਡ ‘ਤੇ ਸਥਿਤ ਇਕ ਘਰ ਉਪਰ ਛਾਪਾ ਮਾਰਿਆ ਗਿਆ। ਜਦੋਂ ਪੁਲੀਸ ਪਾਰਟੀ ਘਰ ਦੇ ਲਾਗੇ ਪੁੱਜੀ ਤਾਂ ਅਸਦਉੱਲ੍ਹਾ ਅਤੇ ਉਸ ਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ। ਦੋਵੇਂ ਪਾਸਿਓਂ ਲਗਪਗ ਅੱਧਾ ਘੰਟਾ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਕਈ ਧਮਾਕਿਆਂ ਦਾ ਖੜਾਕ ਵੀ ਸੁਣਾਈ ਦਿੱਤਾ। ਗੋਲੀਬਾਰੀ ਮੱਠੀ ਪੈਣ ‘ਤੇ ਪੁਲੀਸ ਕਰਮੀ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਤਿੰਨ ਕਥਿਤ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਤਿੰਨੋਂ ਅਤਿਵਾਦੀ ਕਬਾਇਲੀ ਖੇਤਰ ਬਾਜੌਰ ਤੋਂ ਆਏ ਸਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਮੁੱਲ੍ਹਾ ਫਜ਼ਲਉੱਲ੍ਹਾ ਧੜੇ ਨਾਲ ਸਬੰਧਤ ਸਨ। ਪੁਲੀਸ ਨੇ ਲਾਸ਼ਾਂ ਮੁਰਦਾਘਰ ਵਿੱਚ ਰਖਵਾ ਦਿੱਤੀਆਂ ਹਨ। ਘਰ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ।

Facebook Comment
Project by : XtremeStudioz