Close
Menu

ਲਿਬਰਲਾਂ ਨੇ ਬੁਨਿਆਦੀ ਢਾਂਚੇ ਉੱਤੇ 81 ਬਿਲੀਅਨ ਡਾਲਰ ਖਰਚਣ ਦਾ ਕੀਤਾ ਵਾਅਦਾ

-- 02 November,2016

ਓਟਵਾ, ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਮੰਗਲਵਾਰ ਨੂੰ ਕੈਨੇਡੀਅਨ ਅਰਥਚਾਰੇ ਦੀ ਖਤਰਨਾਕ ਤਸਵੀਰ ਪੇਸ਼ ਕੀਤੀ ਗਈ। ਅਜਿਹਾ ਉਨ੍ਹਾਂ ਅਰਥਚਾਰੇ ਸਬੰਧੀ ਅਪਡੇਟ ਦੌਰਾਨ ਕੀਤਾ।
ਇਸ ਸਾਲ ਦੇ ਅੰਤ ਤੱਕ ਫੈਡਰਲ ਘਾਟਾ 25.1 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੇ 2021-2022 ਦੌਰਾਨ ਇਸ ਦੇ ਹੋਰ 14.6 ਬਿਲੀਅਨ ਡਾਲਰ ਤੱਕ ਅੱਪੜਨ ਦੀ ਸੰਭਾਵਨਾ ਹੈ। ਪਹਿਲਾਂ ਬਜਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਨਾਲੋਂ ਸਥਿਤੀ ਕੁੱਝ ਬਦਲ ਚੁੱਕੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਸਰਕਾਰ ਬਜਟ ਨੂੰ ਸੰਤੁਲਿਤ ਕਦੋਂ ਕਰੇਗੀ। ਇਸ ਵੱਧ ਰਹੇ ਘਾਟੇ, ਜਿਸ ਦੇ 2017-18 ਵਿੱਚ 27.8 ਬਿਲੀਅਨ ਡਾਲਰ ਤੱਕ ਅੱਪੜਨ ਦੀ ਗੁੰਜਾਇਸ਼ ਹੈ, ਦੇ ਬਾਵਜੂਦ ਜੀਡੀਪੀ ਦਾ ਕਰਜ਼ਾ ਸਹੀ ਜਾਪਦਾ ਹੈ ਤੇ ਇਹ 31.9 ਫੀ ਸਦੀ ਤੋਂ ਵੱਧ ਨਹੀਂ ਹੈ।
ਜੀਡੀਪੀ ਵਿੱਚ ਵਾਧਾ ਪਿਛਲੇ ਸਾਲ ਬਹਾਰ ਨਾਲੋਂ ਘੱਟ ਹੈ ਹਾਲਾਂਕਿ ਇਸ ਦੇ ਅਗਲੇ ਪੰਜ ਸਾਲਾਂ ਵਿੱਚ ਜੀ7 ਔਸਤ ਨਾਲੋਂ ਵੱਧ ਹੋਣ ਦੀ ਉਮੀਦ ਸੀ। ਵਸਤਾਂ ਦੀਆਂ ਕੀਮਤਾਂ ਵੀ ਘੱਟ ਹੀ ਚੱਲ ਰਹੀਆਂ ਹਨ ਤੇ ਸਰਕਾਰੀ ਵਿਰੋਧੀ ਧਿਰ ਕੰਜ਼ਰਵੇਟਿਵਾਂ ਵੱਲੋਂ ਬੇਰੋਜ਼ਗਾਰੀ ਦਰ ਨੂੰ ਲੈ ਕੇ ਸਰਕਾਰ ਉੱਤੇ ਵਾਰ ਵੀ ਕੀਤੇ ਜਾ ਰਹੇ ਹਨ। ਹਾਊਸ ਆਫ ਕਾਮਨਜ਼ ਵਿੱਚ ਮੌਰਨਿਊ ਨੇ ਦੱਸਿਆ ਕਿ ਸਾਡਾ ਅਰਥਚਾਰਾ ਵਿਕਾਸ ਕਰ ਰਿਹਾ ਹੈ ਪਰ ਇਸ ਦੀ ਰਫਤਾਰ ਓਨੀ ਤੇਜ਼ ਨਹੀਂ ਹੈ ਜਿੰਨੀ ਕਿ ਅਸੀਂ ਚਾਹੁੰਦੇ ਸੀ।
ਇਸ ਸਥਿਤੀ ਤੋਂ ਬਚਣ ਲਈ ਮੌਰਨਿਊ ਨੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਦੁਹਰਾਇਆ। ਉਨ੍ਹਾਂ ਆਖਿਆ ਕਿ 2017 ਤੋਂ 2028 ਤੱਕ ਪਬਲਿਕ ਟਰਾਂਜਿ਼ਟ ਤੋਂ ਲੈ ਕੇ ਕਾਰੋਬਾਰ, ਟਰਾਂਸਪੋਰਟੇਸ਼ਨ ਪ੍ਰੋਜੈਕਟ ਜਿਵੇਂ ਕਿ ਰੇਲ ਤੇ ਪੋਰਟ ਸਬੰਧੀ ਬੁਨਿਆਦੀ ਢਾਂਚੇ ਲਈ 81 ਬਿਲੀਅਨ ਡਾਲਰ ਖਰਚੇ ਜਾਣਗੇ ਤਾਂ ਕਿ ਕੈਨੇਡਾ ਦੀਆਂ ਵਸਤਾਂ ਦੀ ਬਰਾਮਦ ਸਹਿਜਿਆਂ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੌਰਨਿਊ ਨੇ ਵਿਸ਼ਵਵਿਆਪੀ ਕੰਪਨੀਆਂ ਨੂੰ ਦੇਸ਼ ਵਿੱਚ ਬਣੀਆ ਵਸਤਾਂ ਵੇਚਣ ਲਈ ਤੇ ਇੱਧਰ ਪੈਸਾ ਨਿਵੇਸ਼ ਕਰਨ ਲਈ 35 ਬਿਲੀਅਨ ਡਾਲਰ ਦੇ ਕੈਨੇਡਾ ਇੰਫਰਾਸਟ੍ਰਕਚਰ ਬੈਂਕ ਤੇ ਇਨਵੈਸਟ ਇਨ ਕੈਨੇਡਾ ਨਾਂ ਦਾ ਨਵਾਂ ਹੱਬ ਸ਼ੁਰੂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਤਰੀਕ ਅਗਲੇ ਬਜਟ ਵਿੱਚ ਐਲਾਨੀ ਜਾਵੇਗੀ। ਜਿ਼ਕਰਯੋਗ ਹੈ ਕਿ ਸਰਕਾਰ ਪਹਿਲਾਂ ਹੀ ਪਿਛਲੇ ਬਜਟ ਵਿੱਚ 11.9 ਬਿਲੀਅਨ ਡਾਲਰ ਇੰਫਰਾਸਟ੍ਰਕਚਰ ਉੱਤੇ ਖਰਚ ਕਰਨ ਦਾ ਐਲਾਨ ਕਰ ਚੁੱਕੀ ਹੈ।

Facebook Comment
Project by : XtremeStudioz