Close
Menu

ਲਿਬਰਲ ਸਰਕਾਰ ਬਣਨ ‘ਤੇ ਇੰਮੀਗ੍ਰੇਸ਼ਨ ਨੀਤੀਆਂ ‘ਚ ਸੁਧਾਰ ਕਰਾਂਗੇ – ਜੌਹਨ ਮਕੱਲਮ

-- 06 November,2013

images (3)ਸਰੀ ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦੀ ਫੈਡਰਲ ਲਿਬਰਲ ਪਾਰਟੀ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਦੇ ਆਲੋਚਕ ਜੌਹਨ ਮਕੱਲਮ ਨੇ ਸਰੀ ‘ਚ ਪੰਜਾਬੀ ਮੀਡੀਆ ਦੇ ਰੂ-ਬ-ਰੂ ਹੁੰਦਿਆ ਕਿਹਾ ਕਿ ਲਿਬਰਲ ਸਰਕਾਰ ਬਣਨ ‘ਤੇ ਇੰਮੀਗ੍ਰੇਸ਼ਨ ਨੀਤੀਆਂ ‘ਚ ਸੁਧਾਰ ਕਰਕੇ ਇਸ ਨੂੰ ਕੈਨੇਡੀਅਨ ਸਮਾਜ ਦੀਆਂ ਲੋੜਾਂ ਦੇ ਅਨੁਕੂਲ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿਦੇਸ਼ਾਂ ਤੋਂ ਕੱਚੇ ਕਾਮੇ ਬੁਲਾ ਰਹੀ ਹੈ, ਦੂਜੇ ਪਾਸੇ ਕੈਨੇਡੀਅਨ ਕਾਮੇ ਖਾਸ ਕਰਕੇ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਹੈ । ਕੈਨੇਡਾ ਪ੍ਰਵਾਸ ਕਰਨ ਲਈ ਜਾਅਲੀ ਵਿਆਹਾਂ ਦੀ ਸਮੱਸਿਆ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਧੋਖੇਬਾਜ਼ ਲੋਕਾਂ ਦੇ ਕਾਰਨਾਮਿਆਂ ਸਦਕਾ ਸਾਊ ਵਿਅਕਤੀਆਂ ਨੂੰ ਵੀ ਇੰਮੀਗ੍ਰੇਸ਼ਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਕੈਨੇਡਾ ਆਉਣ ਦੇ ਚਾਹਵਾਨ ਮਾਪਿਆਂ ਦੀਆਂ ਸਾਲ ਵਿੱਚ ਕੇਵਲ ਪੰਜ ਹਜ਼ਾਰ ਅਰਜ਼ੀਆਂ ਹੀ ਸਵੀਕਾਰ ਕਰਨ ਦੇ ਕੰਜ਼ਰਵੇਟਿਵ ਸਰਕਾਰ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਅੰਕੜੇ ਨੂੰ ਨਾਕਾਫੀ ਦੱਸਿਆ । ਸੈਨੇਟ ਵਿੱਚ ਚੱਲ ਰਹੇ ਮੌਜੂਦਾ ਸੰਕਟ ‘ਤੇ ਟਿੱਪਣੀ ਕਰਦਿਆਂ ਜੌਹਨ ਮਕੱਲਮ ਨੇ ਕਿਹਾ ਕਿ ਟੋਰੀ ਪਾਰਟੀ ਦੀ ਸਾਖ ਲੋਕਾਂ ‘ਚ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਆਪਣਾ ਅਕਸ ਲੋਕਾਂ ‘ਚ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹਨ । ਸਰਕਾਰ ਬਣਾਉਣ ਖਾਤਿਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਭਾਈਵਾਲੀ ਪਾਉਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਕੈਨੇਡੀਅਨਾਂ ‘ਚ ਆਪਣਾ ਆਧਾਰ ਹੋਰ ਮਜ਼ਬੂਤ ਕਰ ਰਹੀ ਹੈ ਅਤੇ ਆਗਾਮੀ ਫੈਡਰਲ ਚੋਣਾਂ ਵਿੱਚ ਬਿਹਤਰ ਕਾਰੁਜ਼ਗਾਰੀ ਦਿਖਾਉਂਦਿਆਂ ਲਿਬਰਲ ਆਪਣੇ ਬਲਬੂਤੇ ‘ਤੇ ਹੀ ਸਰਕਾਰ ਬਣਾਉਣ ਦਾ ਯਤਨ ਕਰਨਗੇ ।

Facebook Comment
Project by : XtremeStudioz