Close
Menu

ਲੀਜ਼ਾ ਰਾਇਤ ਵੀ ਲੀਡਰਸਿ਼ਪ ਦੌੜ ਵਿੱਚ ਹੋਈ ਸ਼ਾਮਲ

-- 03 November,2016

ਓਟਵਾ,  ਪਾਰਟੀ ਆਗੂ ਵਜੋਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਥਾਂ ਲੈਣ ਲਈ ਜਾਰੀ ਦੌੜ ਵਿੱਚ ਕੰਜ਼ਰਵੇਟਿਵ ਐਮਪੀ ਲੀਜ਼ਾ ਰਾਇਤ ਵੀ ਸ਼ਾਮਲ ਹੋ ਗਈ ਹੈ।
ਬੁੱਧਵਾਰ ਦੁਪਹਿਰ ਨੂੰ ਯੂਟਿਊਬ ਉੱਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਰਾਇਤ ਨੇ ਆਪਣੀ ਲੀਡਰਸਿ਼ਪ ਮੁਹਿੰਮ ਦੀ ਸ਼ੁਰੂਆਤ ਦਾ ਬਿਗਲ ਵਜਾਇਆ। ਟੋਰਾਂਟੋ ਦੇ ਮਿਲਟਨ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਰਾਇਤ ਨੇ ਆਪਣੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਉਹ ਕੇਪ ਬ੍ਰੈਟਨ, ਨੋਵਾ ਸਕੋਸ਼ੀਆ ਵਿੱਚ ਰਹਿੰਦੀ ਸੀ। ਇੱਥੇ ਹੀ ਉਸ ਦੀ ਪਰਵਰਿਸ਼ ਹੋਈ ਸੀ। ਉਨ੍ਹਾਂ ਆਪਣੇ ਪਰਿਵਾਰ ਨਾਲ ਆਪਣੇ ਬਚਪਨ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੇ ਆਰਥਿਕ ਸੰਘਰਸ਼ ਬਾਰੇ ਵੀ ਦੱਸਿਆ।
ਲਿਬਰਲਾਂ ਵੱਲੋਂ ਸੁਨਹਿਰੀ ਯੁੱਗ ਦੇ ਆਗਾਜ਼ ਦਾ ਦਾਅਵਾ ਕੀਤੇ ਜਾਣ ਵਾਲੇ ਦਾਅਵਿਆਂ ਦੀ ਗੱਲ ਕਰਦਿਆਂ ਰਾਇਤ ਨੇ ਆਖਿਆ ਕਿ ਕਈਆਂ ਨੂੰ ਤਾਂ ਸੂਰਜ ਨਸੀਬ ਹੀ ਨਹੀਂ ਹੈ। ਰਾਇਤ ਨੇ ਆਖਿਆ ਕਿ ਕੈਨੇਡਾ ਨੂੰ ਅਜਿਹੇ ਆਗੂ ਦੀ ਲੋੜ ਹੈ ਜਿਹੜਾ ਅਮੀਰਾਂ ਲਈ ਨਹੀਂ ਸਗੋਂ ਆਮ ਲੋਕਾਂ ਜਾਂ ਸਹੂਲਤਾਂ ਤੋਂ ਸੱਖਣੇ ਲੋਕਾਂ ਲਈ ਲੜੇ। ਸਾਨੂੰ ਅਜਿਹਾ ਆਗੂ ਚਾਹੀਦਾ ਹੈ ਜਿਹੜਾ ਅਗਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਰਾਵੇ। ਜਿਸ ਨੂੰ ਇਹ ਪਤਾ ਹੋਵੇ ਕਿ ਕੈਨੇਡਾ ਧਰਾਤਲ ਤੋਂ ਕਿਹੋ ਜਿਹਾ ਲੱਗਦਾ ਹੈ, ਜਿਹੜਾ ਹਰ ਉਮਰ ਵਰਗ ਦੇ ਲੋਕਾਂ ਦੀ ਗੱਲ ਸਮਝ ਕੇ ਉਨ੍ਹਾਂ ਲਈ ਕੰਮ ਦੇ ਮੌਕੇ ਮੁਹੱਈਆ ਕਰਾਵੇ। ਰਾਇਤ ਨੇ ਆਖਿਆ ਕਿ ਉਹ ਉਹੋ ਜਿਹੀ ਹੀ ਆਗੂ ਹੈ।
ਬੁੱਧਵਾਰ ਨੂੰ ਇੰਟਰਵਿਊ ਦੀ ਆਈ ਬੇਨਤੀ ਦਾ ਰਾਇਤ ਨੇ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਨ੍ਹਾਂ ਟੋਰਾਂਟੋ ਵਿੱਚ ਵੀਰਵਾਰ ਸਵੇਰੇ ਇਸ ਸਬੰਧੀ ਗੱਜ ਵੱਜ ਕੇ ਐਲਾਨ ਕਰਨ ਦਾ ਮਨ ਬਣਾਇਆ ਹੈ। ਪਾਰਟੀ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਰਾਇਤ ਨੇ ਲੋੜੀਂਦੇ ਸਾਰੇ ਕਾਗਜ਼ਾਤ ਜਮ੍ਹਾਂ ਕਰਵਾ ਦਿੱਤੇ ਹਨ। ਕੰਜ਼ਰਵੇਟਿਵ ਐਮਪੀ ਵਜੋਂ ਰਾਇਤ ਦੀ ਚੋਣ ਸੱਭ ਤੋਂ ਪਹਿਲਾਂ 2008 ਵਿੱਚ ਹੋਈ ਸੀ। ਰਾਇਤ ਹਾਰਪਰ ਸਰਕਾਰ ਤਹਿਤ ਕੁਦਰਤੀ ਵਸੀਲਿਆਂ ਬਾਰੇ ਮੰਤਰੀ, ਲੇਬਰ ਤੇ ਟਰਾਂਸਪੋਰਟ ਮੰਤਰੀ ਵਜੋਂ ਵੀ ਸੇਵਾ ਨਿਭਾਅ ਚੁੱਕੀ ਹੈ।
ਗਰਮੀਆਂ ਤੋਂ ਹੀ ਉਹ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੇ ਸੰਕੇਤ ਵੀ ਦਿੰਦੀ ਰਹੀ ਤੇ ਪਿਛਲੇ ਮਹੀਨੇ ਉਨ੍ਹਾਂ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਦਾ ਅਹੁਦਾ ਵੀ ਛੱਡ ਦਿੱਤਾ ਤਾਂ ਕਿ ਲੀਡਰਸਿ਼ਪ ਲਈ ਆਪਣੇ ਪਰ ਤੋਲ ਸਕੇ। ਅਗਲੇ ਹਫਤੇ ਬੁੱਧਵਾਰ ਨੂੰ ਉਮੀਦਵਾਰ ਵਜੋਂ ਨਾਮਜ਼ਦਗੀ ਦੀ ਆਖਰੀ ਤਰੀਕ ਹੋਵੇਗੀ ਤੇ ਇਸ ਦੌੜ ਵਿੱਚ ਹਿੱਸਾ ਲੈਣ ਜਾ ਰਹੇ ਆਗੂ ਅਗਲੇ ਹਫਤੇ ਸਸਕਾਟੂਨ ਵਿੱਚ ਪਹਿਲੀ ਲੀਡਰਸਿ਼ਪ ਬਹਿਸ ਵਿੱਚ ਸ਼ਮੂਲੀਅਤ ਕਰ ਸਕਣਗੇ। ਹੁਣ ਤੱਕ ਇਸ ਦੌੜ ਵਿੱਚ ਸਾਬਕਾ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਗਜ਼ੈਂਡਰ, ਕੰਜ਼ਰਵੇਟਿਵ ਐਮਪੀਜ਼ ਮੈਕਸਿਮ ਬਰਨੀਅਰ, ਸਟੀਵਨ ਬਲੇਨੇ, ਮਾਈਕਲ ਚੌਂਗ, ਕੈਲੀ ਲੀਚ, ਦੀਪਕ ਓਬਰਾਏ, ਐਰਿਨ ਓ ਟੂਲੇ, ਐਂਡਰਿਊ ਸ਼ੀਅਰ ਤੇ ਬ੍ਰੈੱਡ ਟਰੌਸਟ ਸ਼ਾਮਲ ਹੋ ਚੁੱਕੇ ਹਨ।

Facebook Comment
Project by : XtremeStudioz