Close
Menu

ਲੁਧਿਆਣਾ ਕਾਂਡ: ਪੀੜਤ ਲੜਕੀ ਨੇ ਦਮ ਤੋੜਿਆ

-- 10 December,2014

ਲੁਧਿਆਣਾ, ਪਿਛਲੇ ਹਫ਼ਤੇ ਇੱਥੋਂ ਦੇ ਢੰਡਾਰੀ ਕਲਾਂ ਖੇਤਰ ਵਿੱਚ ਬਲਾਤਕਾਰੀਆਂ ਦੀ ਵਹਿਸ਼ਤ ਦਾ ਸ਼ਿਕਾਰ ਬਣੀ ਲੜਕੀ, ਜੋ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਸੀ, ਨੇ ਅੱਜ ਦਮ ਤੋੜ ਦਿੱਤਾ। ਮੌਤ ਦੀ ਖ਼ਬਰ ਇੱਥੇ ਪੁੱਜਣ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਫੈਲ ਗਿਆ, ਜਿਸ ਨੂੰ ਦੇਖਦਿਆਂ ਪੁਲੀਸ ਨੇ ਨਾਜ਼ੁਕ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ। ਪੁਲੀਸ ਨੇ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਦੋ ਅਜੇ ਫ਼ਰਾਰ ਹਨ।
ਦਰਅਸਲ, ਬੀਤੀ ਚਾਰ ਦਸੰਬਰ ਨੂੰ ਦਿਨ-ਦਿਹਾੜੇ ਘਰ ਵਿੱਚ ਆ 6 ਵਿਅਕਤੀਆਂ ਨੇ 16 ਸਾਲਾਂ ਦੀ ਲੜਕੀ ਉਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜ਼ਿੰਦਾ ਜਲਾ ਦਿੱਤਾ ਸੀ। ਉਸ ਨੂੰ ਸਿਵਲ ਹਸਪਤਾਲ ਤੋਂ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। 90 ਫੀਸਦੀ ਤੋਂ ਜ਼ਿਆਦਾ ਸੜਨ ਕਾਰਨ ਬੀਤੀ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਮੰਗਲਵਾਰ ਦੇਰ ਸ਼ਾਮ ਉਸ ਦੀ ਮ੍ਰਿਤਕ ਦੇਹ ਲੁਧਿਆਣਾ ਲਿਆਂਦੀ ਗਈ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇਸ ਮਾਮਲੇ ਵਿੱਚ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਚਾਰ ਮੁਲਜ਼ਮ ਸ਼ਹਿਜ਼ਾਦ, ਅਨਵਰ, ਬਿੰਦਰ ਅਤੇ ਛੋਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬੱਬੂ ਅਤੇ ਅਮਰਜੀਤ ਹਾਲੇ ਫ਼ਰਾਰ ਹੈ।
ਓਧਰ, ਮੰਗਲਵਾਰ ਸਵੇਰ ਤੋਂ ਹੀ ਢੰਡਾਰੀ ਕਲਾਂ ਕੁੜੀ ਦੇ ਘਰ ਦੇ ਬਾਹਰ ਭਾਰੀ ਗਿਣਤੀ ਵਿੱਚ ਲੋਕਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਉਥੇ ਪੁਲੀਸ ਦੀ ਤਾਇਨਾਤੀ ਕੀਤੀ। ਏਡੀਸੀਪੀ ਮੌਕੇ ’ਤੇ ਸਾਰਾ ਦਿਨ ਤਾਇਨਾਤ ਰਹੇ।
ਇਸ ਦੌਰਾਨ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਚਾਰ ਮੁੱਖ ਮੰਗਾਂ ਰੱਖੀਆਂ ਜਿਨ੍ਹਾਂ ਵਿੱਚ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਚਲਾਉਣ, ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਅਤੇ ਇਸ ਮਾਮਲੇ ਵਿੱਚ ਲਾਪ੍ਰਵਾਹ ਪੁਲੀਸ ਮੁਲਜ਼ਮਾਂ ਨੂੰ ਨੌਕਰੀ ਤੋਂ ਬਰਤਰਫ਼ ਕਰਨਾ ਸ਼ਾਮਲ ਹਨ। ਇਸ ਮਾਮਲੇ ਵਿੱਚ ਮ੍ਰਿਤਕਾ ਦੀ ਮਾਂ ਨੇ ਦੋਸ਼ ਲਗਾਏ ਸੀ ਕਿ ਇਸ ਮਾਮਲੇ ਵਿੱਚ 25 ਅਕਤੂਬਰ ਨੂੰ ਮੁਲਜ਼ਮਾਂ ਨੇ ਉਸ ਦੀ ਧੀ ਨਾਲ ਬਲਾਤਕਾਰ ਤੇ ਮਾਰਕੁੱਟ ਕੀਤੀ ਸੀ ਪਰ ਪੁਲੀਸ ਮੁਲਾਜ਼ਮਾਂ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਮੁਲਜ਼ਮ ਜ਼ਮਾਨਤ ਤੋਂ ਆਉਂਦੇਸਾਰ ਹੀ 4 ਦਸੰਬਰ ਨੂੰ ਸਿੱਧਾ ਉਸ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਉਸ ਦੀ ਧੀ ਨੂੰ ਜ਼ਿੰਦਾ ਜਲਾ ਦਿੱਤਾ।
ਲੜਕੀ ਦੀ ਮਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਉਹ ਆਪਣੀ ਕੁੜੀ ਦਾ ਅੰਤਿਮ ਰਸਮਾਂ ਨਹੀਂ ਕਰਨਗੇ। ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਇਨਸਾਫ ਖਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਹੈ। ਬਾਅਦ ਵਿੱਚ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਪੁਲੀਸ ਵਲੋਂ ਇਨਸਾਫ ਦਿਵਾਉਣ ਬਾਰੇ ਦਿੱਤੇ ਭਰੋਸੇ ਤੋਂ ਬਾਅਦ ਲੜਕੀ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ।
ਇਸ ਸਾਰੇ ਮਸਲੇ ਬਾਰੇ ਦੱਸਦਿਆਂ ਹੋਏ ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਮੁਲਜ਼ਮ ਉਸਦੀ ਧੀ ਨੂੰ 25 ਅਕਤੂਬਰ ਨੂੰ ਘਰੋਂ ਅਗਵਾ ਕਰ ਲੈ ਗਏ ਸਨ। ਤਿੰਨ ਦਿਨਾਂ ਬਾਅਦ 28 ਅਕਤੂਬਰ ਨੂੰ ਉਹ ਉਸਦੇ ਘਰ ਦੇ ਬਾਹਰ ਬੇਹੋਸ਼ੀ ਦੇ ਹਾਲਾਤ ਵਿੱਚ ਛੱਡ ਗਏ। 24 ਘੰਟੇ ਧੱਕੇ ਖਾਣ ਤੋਂ ਬਾਅਦ ਥਾਣਾ ਸਾਹਨੇਵਾਲ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ, ਪਰ ਵਾਰ ਵਾਰ ਕਹਿਣ ਦੇ ਬਾਵਜੂਦ ਪੁਲੀਸ ਵਾਲਿਆਂ ਨੇ ਬਲਾਤਕਾਰ ਦਾ ਕੇਸ ਦਰਜ ਨਹੀਂ ਕੀਤਾ। ਦੋ ਦਿਨਾਂ ਵਿੱਚ ਜ਼ਮਾਨਤ ’ਤੇ ਛੁੱਟਣ ਤੋਂ ਬਾਅਦ ਮੁਲਜ਼ਮ 4 ਦਸੰਬਰ ਨੂੰ ਸਿੱਧਾ ਉਸ ਦੇ ਘਰ ਦੀ ਛੱਤ ਰਾਹੀਂ ਉਨ੍ਹਾਂ ਦੇ ਘਰ ਆਏ ਅਤੇ ਸ਼ਰ੍ਹੇਆਮ ਉਸ ਦੀ ਧੀ ਨੂੰ ਮਿੱਟੀ ਦਾ ਤੇਲ ਪਾ ਕੇ ਜਲਾ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਉਹ ਆਪਣੀ ਧੀ ਨੂੰ ਅਜਿਹੇ ਹਾਲਾਤ ਵਿੱਚ ਹੀ ਮੋਟਰਸਾਈਕਲ ’ਤੇ ਬਿਠਾ ਕੇ ਥਾਣੇ ਅਤੇ ਸਿਵਲ ਹਸਪਤਾਲ ਲੈ ਕੇ ਗਏ। ਓਧਰ, ਇਸ ਮਾਮਲੇ ਕਾਰਨ ਅੱਜ ਸਵੇਰ ਤੋਂ ਹੀ ਢੰਡਾਰੀ ਕਲਾਂ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਪੂਰੇ ਇਲਾਕੇ ਦੇ ਲੋਕ ਆਸ-ਪਾਸ ਇਕੱਠੇ ਰਹੇ।
ਦੋ ਚੌਕੀ ਇੰਚਾਰਜ ਮੁਅੱਤਲ
ਲੁਧਿਆਣਾ: ਕੁੜੀ ਨੂੰ ਜਿੰਦਾ ਜਲਾਉਣ ਦੇ ਮਾਮਲੇ ਵਿੱਚ ਅੱਜ ਪੁਲੀਸ ਕਮਿਸ਼ਨਰ ਨੇ ਦੇਰ ਸ਼ਾਮ ਦੋ ਪੁਲੀਸ ਚੌਕੀਆਂ ਦੇ ਇੰਚਾਰਜਾਂ ਨੂੰ ਡਿਊਟੀ ਦੌਰਾਨ ਲਾਪ੍ਰਵਾਹੀ ਕਾਰਨ ਮੁਅੱਤਲ ਕਰ ਦਿੱਤਾ। ਪੁਲੀਸ ਕਮਿਸ਼ਨਰ ਪ੍ਰਮੋਦ ਬਾਨ ਵੱਲੋਂ ਪੁਲੀਸ ਚੌਕੀ ਕੰਗਨਵਾਲ ਏਐਸਆਈ ਦਲਵੀਰ ਸਿੰਘ ਅਤੇ ਈਸ਼ਰ ਨਗਰ ਚੌਕੀ ਇੰਚਾਰਜ ਮੋਹਨ ਲਾਲ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਏਸੀਪੀ ਰੁਪਿੰਦਰ ਕੌਰ ਨੇ ਕੀਤੀ ਹੈ।

Facebook Comment
Project by : XtremeStudioz