Close
Menu

ਲੇਹ ਪ੍ਰਸ਼ਾਸਨ ਤੇ ਹਵਾਈ ਫੌਜ ਨੇ ਮਿਲ ਕੇ ਬਣਾਇਆ ਪੁਲ

-- 04 December,2014

ਲੇਹ, ਦੂਰ-ਦੁਰਾਡੇ ਪਿੰਡ ਨੇਰਾਕ ਨੂੰ ਲੇਹ ਜ਼ਿਲ੍ਹੇ ਨਾਲ ਜੋੜਨ ਲਈ ਜ਼ੰਸਕਾਰ ਦਰਿਆ ‘ਤੇ ਨਵਾਂ ਪੁਲ ਉਸਾਰਿਆ ਗਿਆ ਹੈ। ਲੇਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਹਵਾਈ ਫੌਜ ਦੇ ਉਪਰਾਲੇ ਨਾਲ ਨੇਰਾਕ ਪਿੰਡ ਦੇ ਲੋਕਾਂ ‘ਚ ਖੁਸ਼ੀ ਦਾ ਮਾਹੌਲ ਹੈ। ਪਿੰਡ ਦਾ ਲੇਹ ਨਾਲ ਸੰਪਰਕ ਜੁੜਨ ‘ਤੇ ਹੁਣ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਆਸਾਨ ਹੋ ਜਾਣਗੀਆਂ। ਜ਼ਿਲ੍ਹਾ ਮੈਜਿਸਟਰੇਟ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਭਾਰਤੀ ਹਵਾਈ ਫ਼ੌਜ ਦੇ ਸਾਂਝੇ ਯਤਨਾਂ ਸਦਕਾ ਪੁਲ ਬਣਾਉਣ ਦਾ ਕਾਰਜ ਸਿਰੇ ਚੜ੍ਹਿਆ ਹੈ। ਭਾਰਤੀ ਹਵਾਈ ਫ਼ੌਜ ਨੇ ਪੁਲ ਦੀ ਉਸਾਰੀ ਲਈ ਵਰਤੀ ਗਈ 14 ਟਨ ਸਮੱਗਰੀ ਪਹੁੰਚਾਈ। ਉਨ੍ਹਾਂ 14 ਦਿਨਾਂ ਤੱਕ ਇੰਜੀਨੀਅਰਾਂ ਸਮੇਤ ਧਰੁੱਵ ਅਤੇ ਚੀਤਾ ਵਰਗੇ ਹੈਲੀਕਾਪਟਰਾਂ ਦੀਆਂ 32 ਉਡਾਣਾਂ ਭਰੀਆਂ। ਲੇਹ ਦੇ ਡੀਸੀ ਨੇ ਦੱਸਿਆ ਕਿ ਅਡਵਾਂਸਡ ਲਾਈਟ ਹੈਲੀਕਾਪਟਰਾਂ ਦੀ ਸਕੁਆਡਰਨ ਅਤੇ ਹੈਲੀਕਾਪਟਰ ਯੂਨਿਟ ਨੇ ਇਸ ਦਲੇਰਾਨਾ ਕੰਮ ਨੂੰ ਅੰਜਾਮ ਦਿੱਤਾ। ਹੈਲੀਕਾਪਟਰ ਯੂੂਨਿਟ ਸਿਆਚਿਨ ਅਪਰੇਸ਼ਨਾਂ ਲਈ ਵੀ ਮਸ਼ਹੂਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ 26 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਇਸ ਪੁਲ ਨਾਲ ਨੇਰਾਕ ਪਿੰਡ ਦੇ ਕਰੀਬ 100 ਘਰਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਜਾਨ ਜੋਖਮ ‘ਚ ਪਾ ਕੇ ਪੁਰਾਣੇ ਲੱਕੜ ਦੇ ਪੁਲ ਤੋਂ ਗੁਜ਼ਰਨਾ ਪੈਂਦਾ ਸੀ।
ਪਿੰਡ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਸੁਰੱਖਿਅਤ ਪੁਲ ਦੀ ਉਸਾਰੀ ਲਈ ਗੁਹਾਰ ਲਾ ਚੁੱਕੇ ਸਨ ਕਿਉਂਕਿ ਪੁਰਾਣਾ ਪੁਲ ਕੋਈ ਸੱਤ ਦਹਾਕੇ ਪਹਿਲਾਂ ਬਣਿਆ ਸੀ।

Facebook Comment
Project by : XtremeStudioz