Close
Menu

ਲੋਕਾਂ ’ਚ ਵੰਡੀਆਂ ਪਾਉਣ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਧਰੂਵੀਕਰਨ ਕਰਨ ਲਈ ਕੈਪਟਨ ਵੱਲੋਂ ਬਾਦਲਾਂ ’ਤੇ ਤਿੱਖਾ ਹਮਲਾ

-- 25 April,2019

ਮੁੱਖ ਮੰਤਰੀ ਨੇ ਬੇਅਦਬੀ, ਬਰਗਾੜੀ ਅਤੇ ਕੋਟਕਪੂਰਾ ਗੋਲੀਬਾਰੀ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਦੱਸਿਆ

ਫਤਹਿਗੜ ਸਾਹਿਬ, 25 ਅਪ੍ਰੈਲ

ਸੂਬੇ ਨੂੰ ਪੂਰੀ ਤਰਾਂ ਝੰਜੋੜਨ ਵਾਲੀਆਂ ਬੇਅਦਬੀ, ਬਰਗਾੜੀ ਅਤੇ ਕੋਟਕਪੂਰਾ ਵਿੱਖੇ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਵੱਖ-ਵੱਖ ਭਾਈਚਾਰਿਆਂ ’ਚ ਧਰੂਵੀਕਰਨ ਕਰਨ ’ਤੇ ਲੋਕਾਂ ਨੂੰ ਵੰਡਣ ਦਾ ਬਾਦਲਾਂ ’ਤੇ ਦੋਸ਼ ਲਾਇਆ ਹੈ।

ਫਤਹਿਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਕੁਝ ਵੀ ਨਹੀਂ ਕੀਤਾ ਅਤੇ ਇਸ ਨੂੰ ਆਪਣੇ ਹੱਥਾਂ ਵਿਚੋਂ ਨਿਕਲਣ ਦੀ ਆਗਿਆ ਦਿੱਤੀ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਉਹ ਬਹਿਬਲ ਕਲਾਂ ਅਤੇ ਹੋਰ ਘਟਨਾਵਾਂ ਵਿੱਚ ਪੂਰੀ ਤਰਾਂ ਸ਼ਾਮਲ ਸਨ। ਡਾ. ਅਮਰ ਸਿੰਘ ਨੇ ਅੱਜ ਹੀ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ।

ਬਾਦਲਾਂ ਨੂੰ ਚੇਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਵਲ ਇਕ ਮਹੀਨਾ ਹੋਰ ਖੁਸ਼ੀਆਂ ਮਨਾ ਸਕਦੇ ਹਨ ਅਤੇ ਉਸ ਤੋਂ ਬਾਅਦ ਉਨਾਂ ਨੂੰ ਆਪਣਾ ਹਿਸਾਬ ਦੇਣਾ ਪਏਗਾ। ਉਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਕੁਕਰਮਾਂ ਤੋਂ ਕਿਸੇ ਵੀ ਤਰਾਂ ਬਚ ਨਹੀਂ ਸਕਦੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਸਿੱਖ ਉਨਾਂ ਨੂੰ ਕਦੀ ਵੀ ਮੁਆਫ ਨਹੀਂ ਕਰਨਗੇ ਅਤੇ ਬਾਦਲ ਤੇ ਆਪਣੇ ਆਪ ਦੇ ਅਕਾਲੀ ਹੋਣ ਦਾ ਦਾਅਵਾ ਕਰਨ ਵਾਲੇ ਹੋਰ ਲੋਕ ਪੰਜਾਬ ਦੇ ਲੋਕਾਂ ਨਾਲ ਮਸਕਰੀ ਕਰ ਰਹੇ ਹਨ। ਉਨਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਬਣਿਆ ਮੁੱਢਲਾ ਅਕਾਲੀ ਦਲ ਸਿੱਖਾਂ ਦੀ ਸੁਰੱਖਿਆ ਦੇ ਲਈ ਕੁਰਬਾਨੀਆਂ ਕਰਨ ਵਾਸਤੇ ਵਚਨਬੱਧ ਸੀ ਜਦਕਿ ਉਸਦੇ ਉਲਟ ਮੌਜੂਦਾ ਅਕਾਲੀ ਪਿਛਲੇ 10 ਸਾਲ ਸੂਬੇ ਨੂੰ ਲੁੱਟਦੇ ਰਹੇ।

ਅਕਾਲ ਤਖਤ ਨੂੰ ਸਿੱਖਾਂ ਦੀ ‘ਜਾਨ ’ ਅਤੇ ‘ਸ਼ਾਨ’ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਧਾਰਮਿਕ ਸਥਾ੍ਵਨ ਦੀ ਮਰਿਆਦਾ ਘਟਾਉਣ ਅਤੇ ਜਥੇਦਾਰਾਂ ਨੂੰ ਸੱਦ ਕੇ ਹੁਕਮ ਦੇਣ ਵਾਸਤੇ ਬਾਦਲਾਂ ਨੂੰ ਸਬਕ ਸਿਖਾਉਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਪੁਰਖਿਆਂ ਦਾ ਇਸ ਪਵਿੱਤਰ ਸ਼ਹਿਰ ਫਤਹਿਗੜ ਸਾਹਿਬ ਨਾਲ ਇਤਿਹਾਸਕ ਸਬੰਧ ਹੈ ਅਤੇ ਉਹ ਲਗਾਤਾਰ ਇਸ ਨੂੰ ਬਣਾਏ ਰੱਖਣਗੇ। ਉਨਾਂ ਨੇ ਬਾਬਾ ਰਾਮ ਸਿੰਘ (ਪਟਿਆਲਾ) ਅਤੇ ਬਾਬਾ ਤਰਲੋਕ ਸਿੰਘ (ਨਾਭਾ ਅਤੇ ਜੀਂਦ ਦੇ) ਨੂੰ ਯਾਦ ਕੀਤਾ ਜਿਨਾਂ ਨੇ ਵੱਡੇ ਸਾਹਿਬਜ਼ਾਦਿਆਂ ਦੀਆਂ ਅੰਤਿਮ ਰਸਮਾਂ ਕਰਨ ਲਈ ਪੰਡਤਾਂ ਵੱਜੋਂ ਆਪਣਾ ਰੂਪ ਧਾਰਿਆ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਕੁਰਬਾਨੀ ਦੇਣ ਦੀ ਰਿਵਾਇਤ ਉਨਾਂ ਦੇ ਖੂਨ ਵਿੱਚ ਹੈ। ਉਨਾਂ ਕਿਹਾ ਕਿ ਅਖੌਤੀ ਮਹਾਰਥੀ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਪਤਨੀ ਹਰਸਿਮਰਤ ਨੂੰ ਫਿਰੋਜ਼ਪੁਰ ਅਤੇ ਬਠਿੰਡਾ ਦੇ ਲੋਕਾਂ ਵੱਲੋਂ ਆਉਂਦੀਆਂ ਚੋਣਾਂ ਦੌਰਾਨ ਧੂਲ ਚਟਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਆਪਣੇ ਆਪ ਨੂੰ ਸਿੱਖੀ ਦੇ ਪਹਿਰੇਦਾਰ ਹੋਣ ਦਾ ਦਾਅਵਾ ਕਰਦੇ ਹਨ ਪਰ ਉਨਾਂ ਨੇ ਪਵਿੱਤਰ ਸ਼ਹਿਰ ਫਤਹਿਗੜ ਸਾਹਿਬ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹੀ ਫਤਹਿਗੜ ਸਾਹਿਬ ਵਿਖੇ ਗੇਟਾਂ ਦਾ ਨਿਰਮਾਣ ਕਰਾਇਆ ਅਤੇ ਮੁਕਤਸਰ ਵਿਖੇ 40 ਮੁਕਤਿਆਂ ਦੀ ਮੀਨਾਰ ਬਣਾਈ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਡਾ. ਅਮਰ ਸਿੰਘ ਨੂੰ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਜੋ ਕਿ ਬਹੁਤ ਹੀ ਤਜ਼ਰਬੇਕਾਰ ਸਾਬਕਾ ਆਈ.ਏ.ਐਸ ਅਧਿਕਾਰੀ ਹਨ। ਉਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਸਥਿਤੀ ਨੂੰ ਬੇਹਤਰ ਬਣਾਉਣ ਲਈ ਸਖਤ ਜਦੋ ਜਹਿਦ ਕਰ ਰਹੀ ਹੈ ਅਤੇ ਇਸ ਵੱਲੋਂ ਸਮਾਜ ਦੇ ਸਾਰੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਹਾਲ ਹੀ ਦੇ ਬੇਮੌਸਮੀ ਮੀਂਹ ਅਤੇ ਤੁਫਾਨ ਦੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਪੁਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਛੇਤੀ ਹੀ ਮੁਆਵਜਾ ਮਿਲੇਗਾ।

Facebook Comment
Project by : XtremeStudioz