Close
Menu

ਲੋਕ ਕਾਂਗਰਸ ਦੀਆਂ ਕੋਝੀਆਂ ਚਾਲਾਂ ਚ ਨਾ ਆਉਣ : ਬਾਦਲ

-- 18 November,2013

2ਸੁਲਤਾਨਪੁਰ ਲੋਧੀ,18 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਆਤਮਾ ਦੀ ਆਵਾਜ਼ ਅਨੁਸਾਰ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਝੂਠੇ ਅਤੇ ਘਟੀਆ ਪ੍ਰਚਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਫੱਤੂਢੀਗਾਂ ਵਿਖੇ 6 ਕਰੋੜ 33 ਲੱਖ ਰੁਪਏ ਦੀ ਲਾਗਤ ਨਾਲ ਬਣੇ 30 ਬਿਸਤਰਿਆਂ ਦੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ ।ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਫੈਸਲਾ ਬੜੇ ਧਿਆਨ ਨਾਲ ਕਰਨਾ ਚਾਹੀਦਾ ਹੈ, ਕਿਉਕਿ ਇਸ ਦਾ ਸਿੱਧਾ ਸਬੰਧ ਉਸ ਇਲਾਕੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨਾਲ ਹੁੰਦਾ ਹੈ ।ਸ. ਬਾਦਲ ਨੇ ਕਿਹਾ ਕਿ ਯੂ. ਪੀ. ਆਈ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਹੋਈ ਹੈ ।ਉਹਨਾਂ ਕਿਹਾ ਕਿ ਜਰੂਰੀ ਘਰੇਲੂ ਵਸਤੂਆਂ ਦੀਆਂ ਅਸਮਾਨ ਨੂੰ ਛੂਹਦੀਂਆਂ ਕੀਮਤਾਂ ਨੇ ਆਮ ਆਦਮੀ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ।ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧਕੀ ਢਾਂਚੇ ਕਾਰਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ. ਪੀ. ਏ. ਸਰਕਾਰ ਨੂੰ ਦੁਨੀਆਂ ਦੀ ਸਭ ਤੋਂ ਨਕੰਮੀ ਅਤੇ ਭ੍ਰਿਸ਼ਟ ਸਰਕਾਰ ਕਰਾਰ ਦਿੱਤਾ ।

ਰਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨ. ਡੀ. ਏ. ਦੀ ਸਰਕਾਰ ਲਿਆਉਣ ਵਿੱਚ ਸਹਿਯੋਗ ਕਰਨ ਤਾਂ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਧੇਰੇ ਫੰਡ ਅਤੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਸਕਣ ।ਉਹਨਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਹੁਣ ਅਜਿਹਾ ਸੰਭਵ ਨਹੀਂ ਹੈ, ਕਿਉਂਕਿ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ ।

ਰਾਜ ਦੀ ਕਾਂਗਰਸ ਲੀਡਰਸ਼ਿਪ ਤੇ ਬੁਰੀ ਤਰ੍ਹਾਂ ਵਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਅਲੋਚਨਾ ਕਰਨਾ ਉਹਨਾਂ ਦੀ ਆਦਤ ਬਣ ਚੁੱਕੀ ਹੈ।ਉਹਨਾਂ ਕਿਹਾ ਕਿ ਮੀਡੀਆ ਰਾਂਹੀ ਸਸਤੀ ਸ਼ੋਹਰਤ ਹਾਸਲ ਕਰਨ ਲਈ ਬੇਮਤਲਬੀ ਅਲੋਚਨਾ ਕਰਨਾ ਕਾਂਗਰਸੀ ਨੇਤਾਵਾਂ ਲਈ ਫੈਸ਼ਨ ਬਣ ਗਿਆ ਹੈ ।ਇਸ ਉਪਰੰਤ ਚੋਣ ਸਰਵੇਖਣਾ ਦੇ ਮੁੱਦੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹਰ ਵਿਅਕਤੀ, ਗਠਜੋੜ ਜਾਂ ਪਾਰਟੀ ਦੀ ਇਸ ਮੁੱਦੇ ਉੱਤੇ ਆਪਣੀ-ਆਪਣੀ ਰਾਏ ਹੋ ਸਕਦੀ ਹੈ ।ਉਹਨਾਂ ਕਿਹਾ ਕਿ ਚੋਣ ਸਰਵੇਖਣ ਭਰਮਾਉਣ ਵਾਲੇ ਅਤੇ ਸਚਾਈ ਤੋਂ ਰਹਿਤ ਹੁੰਦੇ ਹਨ ।ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਸਰਵੇਖਣਾਂ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਹਾਰਿਆ ਅਤੇ ਕਾਂਗਰਸ ਪਾਰਟੀ ਨੂੰ ਜੇਤੂ ਕਰਾਰ ਦਿੱਤਾ ਸੀ, ਜਦ ਕਿ ਅਸਲੀਅਤ ਇਸ ਤੋਂ ਬਿਲਕੁਲ ਵੱਖ ਸੀ ਅਤੇ ਉਹਨਾਂ ਨੂੰ ਲਗਾਤਾਰ ਦੂਜੀ ਵਾਰੀ ਰਾਜ ਵਿੱਚ ਸੱਤਾ ਹਾਸਲ ਹੋਈ ।

ਯੂਥ ਅਕਾਲੀ ਦਲ ਦੇ ਵਰਕਰਾਂ ਦਾ ਨਸ਼ਿਆਂ ਦੀ ਤਸਕਰੀ ਵਿੱਚ ਨਾਂ ਆਉਣ ਦੇ ਸਬੰਧ ਵਿੱਚ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਮਾੜੇ ਕੰਮਾਂ ਕਾਰਣ ਪੂਰੀ ਪਾਰਟੀ ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ ।ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗੈਰ ਸਮਾਜਿਕ ਅਤੇ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ।ਉਹਨਾਂ ਕਿਹਾ ਕਿ ਕਸੂਰਵਾਰਾਂ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਕਿਉਕਿ ਰਾਜ ਸਰਕਾਰ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਬੁਰੀ ਤਰ੍ਹਾਂ ਅਸਫਲ ਹੋਈ ਹੈ, ਕਿਉਂਕਿ ਅੰਤਰਰਾਸ਼ਟਰੀ ਸਰਹੱਦਾਂ ਪੂਰੀ ਤਰ੍ਹਾਂ ਕੇਂਦਰੀ ਏਜੰਸੀਆਂ ਅਤੇ ਪੈਰਾਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਹਨ ।

ਇਸ ਉਪਰੰਤ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਇਤਿਹਾਸਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਵੀ ਟੇਕਿਆ ।ਇਸ ਮੌਕੇ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਹੋ ਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਬੱਡੀ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਮਾਂ ਖੇਡ ਕਬੱਡੀ ਨੂੰ ਪ੍ਰਫੁਲਿੱਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਦਿੱਤੀ ।ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਸ਼ਾਹਿਤ ਕਰਨ ਦੀ ਨੀਤੀ ਹਿੱਤ ਨਾਮਵਰ ਖਿਡਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਚੰਗੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ।

ਇਸ ਤੋਂ ਪਹਿਲਾਂ ਉਹਨਾਂ ਨੇ ਪਿੰਡ ਨਾਨਕਪੁਰ ਨੇੜੇ ਕਪੂਰਥਲਾ-ਫੱਤੂਢੀਂਗਾ ਰੋਡ ‘ਤੇ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਦਾ ਵੀ ਉਦਘਾਟਨ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਫੱਤੂਢੀਂਗਾ ਤੋਂ ਕਮਿਊਨਿਟੀ ਹੈਲਥ ਸੈਂਟਰ ਅਤੇ ਅਨਾਜ ਮੰਡੀ ਫੱਤੂਢੀਂਗਾ ਨੂੰ ਜੋੜਨ ਵਾਲੀ 2 ਕਿਲੋਮੀਟਰ ਪੱਕੀ ਸੜ੍ਹਕ ਬਣਾਉਣ ਦਾ ਐਲਾਨ ਕੀਤਾ ।

ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ. ਅਜੀਤ ਸਿੰਘ ਕੋਹਾੜ, ਮੁੱਖ ਸੰਸਦੀ ਸਕੱਤਰ ਸ਼੍ਰੀ ਸੋਮ ਪ੍ਰਕਾਸ਼ ਕੈਂਥ, ਚੇਅਰਮੈਨ ਮਾਰਕਫੈੱਡ ਪੰਜਾਬ ਸ. ਜਰਨੈਲ ਸਿੰਘ ਵਾਹਦ, ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ. ਹਰਚਰਨ ਸਿੰਘ ਬੈਂਸ, ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬੀਬੀ ਗੁਰਪ੍ਰੀਤ ਕੌਰ, ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ. ਸਰਵਣ ਸਿੰਘ ਕੁਲਾਰ, ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ਼੍ਰੀ ਅਜੋਏ ਸ਼ਰਮਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਡੀ. ਐਸ. ਮਾਂਗਟ ਤੋਂ ਇਲਾਵਾ ਬੀਬੀ ਭਜਨ ਕੌਰ ਸਾਬਕਾ ਐਸ. ਜੀ. ਪੀ. ਸੀ ਮੈਂਬਰ, ਸ਼੍ਰੀ ਗੁਰਦੀਪ ਸਿੰਘ ਭਾਗੋਰਾਂਈਆਂ, ਸ. ਰਣਜੀਤ ਸਿੰਘ ਖੁਰਾਣਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਮਾਸਟਰ ਗੁਰਦੇਵ ਸਿੰਘ ਵਾਈਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਕਪੂਰਥਲਾ, ਸ਼੍ਰੀ ਸੰਤੋਖ ਸਿੰਘ ਖੀਰਾਂਵਾਲੀ, ਸ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਐਸ. ਜੀ. ਪੀ. ਸੀ, ਸ਼੍ਰੀ ਸੁਖਜੀਤ ਸਿੰਘ ਢਿਲੋਂ ਸੀਨੀਅਰ ਲੀਡਰ, ਸ਼੍ਰੀ ਸੁੱਚਾ ਸਿੰਘ ਚੌਹਾਨ, ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਵੀ ਹਾਜਰ ਸਨ ।

Facebook Comment
Project by : XtremeStudioz