Close
Menu

ਲੋਕ ਸਭਾ ਚੋਣਾਂ: ਚੌਥੇ ਗੇੜ ’ਚ 64 ਫੀਸਦ ਪੋਲਿੰਗ

-- 30 April,2019

ਨਵੀਂ ਦਿੱਲੀ, 30 ਅਪਰੈਲ
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਅੱਜ ਨੌਂ ਰਾਜਾਂ ਦੀਆਂ 72 ਸੰਸਦੀ ਸੀਟਾਂ ਲਈ 64 ਫੀਸਦ ਪੋਲਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ’ਚ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਉਂਜ ਕਈ ਥਾਈਂ ਵੋਟਿੰਗ ਮਸ਼ੀਨਾਂ ਤੇ ਵੀਵੀਪੈਟ ’ਚ ਤਕਨੀਕੀ ਨੁਕਸ ਪੈਣ ਕਰਕੇ ਵੋਟਿੰਗ ਅਸਰਅੰਦਾਜ਼ ਹੋਣ ਦੀਆਂ ਖ਼ਬਰਾਂ ਵੀ ਹਨ। ਅੱਜ ਚੋਣ ਅਮਲ ਮੁਕੰਮਲ ਹੋਣ ਮਗਰੋਂ ਸਪਾ ਆਗੂ ਡਿੰਪਲ ਯਾਦਵ, ਸਾਬਕਾ ਕੇਂਦਰੀ ਮੰਤਰੀਆਂ ਸਲਮਾਨ ਖ਼ੁਰਸ਼ੀਦ ਤੇ ਸ੍ਰੀਪ੍ਰਕਾਸ਼ ਜੈਸਵਾਲ, ਸਾਕਸ਼ੀ ਮਹਾਰਾਜ, ਕਨ੍ਹੱਈਆ ਕੁਮਾਰ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉਰਮਿਲਾ ਮਾਂਤੋਡਕਰ, ਮਿਲਿੰਦ ਦਿਓੜਾ ਤੇ ਸੰਜੈ ਨਿਰੁਪਮ ਜਿਹੇ ਆਗੂਆਂ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ ਹੈ।
ਹਿੰਦੀ ਭਾਸ਼ੀ ਰਾਜਾਂ ਵਿੱਚੋਂ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਸੰਸਦੀ ਸੀਟਾਂ ਲਈ ਹੋਈ ਪੋਲਿੰਗ ਦੌਰਾਨ ਕ੍ਰਮਵਾਰ 62 ਤੇ 53.12 ਫੀਸਦ ਵੋਟਾਂ ਪਈਆਂ। ਮੱੱਧ ਪ੍ਰਦੇਸ਼ (ਛੇ ਸੀਟਾਂ) ਵਿੱਚ 65.86 ਫੀਸਦ ਪੋਲਿੰਗ ਹੋਈ। ਭਾਜਪਾ ਨੇ 2014 ਦੀਆਂ ਸੰਸਦੀ ਚੋਣਾਂ ਦੌਰਾਨ ਇਨ੍ਹਾਂ ਸੂਬਿਆਂ ਦੀਆਂ 32 ਸੀਟਾਂ ’ਚੋਂ 30 ਵਿੱਚ ਕਮਲ ਖਿੜਾਇਆ ਸੀ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਹਮਾਇਤੀਆਂ ਵਿਚਾਲੇ ਕਈ ਥਾਈਂ ਟਕਰਾਅ ਹੋਣ ਦੇ ਬਾਵਜੂਦ ਮੁਲਕ ਦੇ ਇਸ ਪੂਰਬੀ ਸੂਬੇ ਵਿੱਚ ਅੱਠ ਸੰਸਦੀ ਸੀਟਾਂ ਲਈ ਸਭ ਤੋਂ ਵੱਧ 76.47 ਫੀਸਦ ਲੋਕਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਚੌਥੇ ਪੜਾਅ ਨਾਲ ਜਿੱਥੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਸੰਸਦੀ ਚੋਣਾਂ ਦਾ ਆਗਾਜ਼ ਹੋ ਗਿਆ, ਉਥੇ ਮਹਾਰਾਸ਼ਟਰ ਤੇ ਉੜੀਸਾ ਵਿੱਚ ਸਾਰੀਆਂ ਸੰਸਦੀ ਸੀਟਾਂ ਲਈ ਚੋਣ ਅਮਲ ਪੂਰਾ ਹੋ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਵੀ.ਐੱਲ.ਕਾਂਠਾ ਰਾਓ ਨੇ ਕਿਹਾ ਕਿ ਵੋਟਿੰਗ ਤੋਂ ਪਹਿਲਾਂ ਈਵੀਐਮਜ਼ ਨੂੰ ਚੈੱਕ ਕਰਨ ਮੌਕੇ ਤਕਨੀਕੀ ਨੁਕਸ ਸਾਹਮਣੇ ਆਉਣ ਮਗਰੋਂ 207 ਪੋਲਿੰਗ ਬੂਥਾਂ ’ਤੇ ਵੋਟਿੰਗ ਮਸ਼ੀਨਾਂ ਤਬਦੀਲ ਕੀਤੀਆਂ ਗਈਆਂ। ਵੋਟਿੰਗ ਸ਼ੁਰੂ ਹੋਣ ਮਗਰੋਂ ਈਵੀਐਮ ’ਚ ਵਿਗਾੜ ਪੈਣ ਕਰਕੇ 106 ਮਸ਼ੀਨਾਂ ਬਦਲੀਆਂ ਗਈਆਂ। ਰਾਜਸਥਾਨ ਵਿੱਚ ਚੋਣ ਅਮਲ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਨੇਪਰੇ ਚੜਿਆ। ਕਬਾਇਲੀ ਬਹੁਗਿਣਤੀ ਵਾਲੀ ਬਾਂਸਵਾੜਾ ਸੀਟ ਲਈ ਸਭ ਤੋਂ ਵੱਧ 72.34 ਫੀਸਦ ਵੋਟਿੰਗ ਰਿਕਾਰਡ ਕੀਤੀ ਗਈ। 72.71 ਫੀਸਦ ਨਾਲ ਬਾੜਮੇਰ ਦੂਜੇ ਨੰਬਰ ’ਤੇ ਰਿਹਾ। ਚੋਣ ਕਮਿਸ਼ਨ ਵੱਲੋਂ ਸ਼ਾਮ 6 ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਮਹਾਰਾਸ਼ਟਰ (17 ਸੀਟਾਂ) ਲਈ ਕਰੀਬ 52 ਫੀਸਦ, ਉੜੀਸਾ (6) 64.05 ਫੀਸਦ, ਬਿਹਾਰ (ਪੰਜ) 53.67 ਫੀਸਦ ਤੇ ਝਾਰਖੰਡ (3 ਸੀਟਾਂ) ਲਈ 63.42 ਫੀਸਦ ਵੋਟਾਂ ਪਈਆਂ। ਜੰਮੂ ਕਸ਼ਮੀਰ ਵਿੱਚ ਅਨੰਤਨਾਗ ਹਲਕੇ ਅਧੀਨ ਆਉਂਦੇ ਕੁਲਗਾਮ ਜ਼ਿਲ੍ਹੇ ਵਿੱਚ 10.3 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੇ ਕਈ ਪੋਲਿੰਗ ਬੂਥਾਂ ’ਤੇ ਈਵੀਐਮਜ਼ ਵਿੱਚ ਨੁਕਸ ਪੈਣ ਦੀ ਸ਼ਿਕਾਇਤ ਕੀਤੀ।

Facebook Comment
Project by : XtremeStudioz