Close
Menu

ਲੋਕ ਸਭਾ ਚੋਣਾਂ ਵਿਚ ਸਾਂਝਾ ਫਰੰਟ ਕਾਇਮ ਕਰਨ ਲਈ ਵਿਰੋਧੀ ਧਿਰਾਂ ਇਕਮੱਤ

-- 11 December,2018

ਨਵੀਂ ਦਿੱਲੀ, 11 ਦਸੰਬਰ
2019 ਦੀਆਂ ਲੋਕ ਸਭਾ ਚੋਣਾਂ ਵਿਚ ਸਾਂਝਾ ਫਰੰਟ ਬਣਾ ਕੇ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਦੀ ਇੱਥੇ ਸੰਸਦ ਭਵਨ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬਸਪਾ ਮੁਖੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਸ਼ਾਮਲ ਨਾ ਹੋਏ। ਮੀਟਿੰਗ ਵਿਚ ਭਾਜਪਾ ਸਰਕਾਰ ਉੱਤੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਯੋਜਨਾਬੱਧ ਢੰਗ ਨਾਲ ਢਾਹ ਲਾਉਣ, ਜਮਹੂਰੀ ਸੰਸਥਾਵਾਂ ਅਤੇ ਸੰਵਿਧਾਨ ਉੱਤੇ ਹਮਲੇ ਕਰਨ ਦਾ ਦੋਸ਼ ਲਾਇਆ ਗਿਆ। ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਵੱਲੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਇਸ ਗੱਲ ’ਤੇ ਇਕਮੱਤ ਹਨ ਕਿ ਰਿਜ਼ਰਵ ਬੈਂਕ ਜਿਹੀਆਂ ਸੰਸਥਾਵਾਂ ਉੱਤੇ ਹਮਲੇ ਰੋਕਣ ਦੀ ਲੋੜ ਹੈ। ਉਨ੍ਹਾਂ ਇਹ ਟਿੱਪਣੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਕਰਨ ਲਈ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਦੇ ਮੁੱਖ ਆਗੂਆਂ ਵੱਲੋਂ ਇੱਕ ਫਰੰਟ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਲਈ ਰੱਖੀ ਮੀਟਿੰਗ ਮੌਕੇ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਤੇ ਭਾਰਤ ਦੀਆਂ ਸੰਸਥਵਾਂ ਨੂੰ ਬਚਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕੱਠਿਆਂ ਕੰਮ ਕਰਨ ਲਈ ਸਹਿਮਤ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਊਰਜਿਤ ਪਟੇਲ ਦੇ ਅਸਤੀਫੇ ’ਤੇ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਬਹੁਤ ਚਿੰਤਾਜਨਕ ਮੁੱਦਾ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤਿਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹੋਈ ਇਸ ਮੀਟਿੰਗ ਦੀ ਅਗਵਾਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਕੀਤੀ ਜਿਸ ਵਿਚ ਵਿਰੋਧੀ ਪਾਰਟੀਆਂ ਦੇ ਕਈ ਆਗੂ ਹਾਜ਼ਰ ਸਨ। ਇਸ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ ਡੀ ਦੇਵਗੌੜਾ, ਸੋਨੀਆ ਗਾਂਧੀ, ਆਪ ਕਨਵੀਨਰ ਅਰਵਿੰਦ ਕੇਜਰੀਵਾਲ, ਡੀਐਮਕੇ ਮੁਖੀ ਐਮ ਕੇ ਸਟਾਲਿਨ, ਐਨਸੀਪੀ ਮੁਖੀ ਸ਼ਰਦ ਪਵਾਰ ਅਤੇ ਐਨਸੀ ਸੁਪਰੀਮੋ ਫਾਰੂਕ ਅਬਦੁੱਲਾ ਹਾਜ਼ਰ ਸਨ।

Facebook Comment
Project by : XtremeStudioz