Close
Menu

ਲੋਕ ਸੰਘਰਸ਼ਾਂ ਵਿੱਚੋ ਨਿਕਲੇ ਤੇ ਲੋਕਾਂ ਨਾਲ ਜੁੜੇ ਆਗੂ ਹੀ ਲੋਕ ਸਮੱਸਿਆਵਾਂ ਹੱਲ ਕਰ ਸਕਦੇ – ਬਾਦਲ

-- 17 January,2014

8 (2)ਗਿੱਦੜਬਾਹਾ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੋਕ ਸੰਘਰਸ਼ਾਂ ਵਿੱਚੋ ਨਿਕਲੇ ਅਤੇ ਲੋਕਾਂ ਨਾਲ ਜੁੜੇ ਆਗੂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ ਕਿਉਂਕਿ ਉਹ ਲੋਕਾਂ ਦੀਆਂ ਮੁਸੀਬਤਾਂ ਨੂੰ ਬੇਹਤਰ ਤਰੀਕੇ ਨਾਲ ਸਮਝਦੇ ਹਨ।

ਸਥਾਨਿਕ  ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਵਿੱਚ ਸੰਗਤ  ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ‘ਤੇ ਚੁਟਕੀ ਲੈਂਦੇ ਹੋਏੇ ਸ. ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਉਨ੍ਹਾਂ ਨੂੰ ਪੂਰੇ ਨਹੀਂ ਕਰ ਸਕੇ। ਇਥੋਂ ਤੱਕ ਕਿ ਉਨ੍ਹਾਂ ਨੇ ਸਾਡੇ ਸੰਗਤ ਦਰਸ਼ਨ ਦੀ ਨਕਲ ਕਰਦੇ ਹੋਏ ਜਨਤਾ ਦਰਬਾਰ ਲਾਉਣ ਲਾਉਣ ਦਾ ਐਲਾਨ ਕੀਤਾ ਸੀ ਅਤੇ ਇੱਕ ਦਿਨ ਵਿੱਚ ਹੀ ਫੇਲ੍ਹ ਹੋ ਗਏ। ਹੁਣ ਉਨ੍ਹਾਂ ਨੇ ਇਹ ਦਰਬਾਰ ਲਾਉਣ ਦਾ ਫੈਸਲਾ ਛੱਡ ਦਿੱਤਾ ਹੈ। ਇਹ ਇਸ ਕਰਕੇ ਹੀ ਹੋਇਆ ਹੈ ਕਿਉਂਕਿ ਸ਼੍ਰੀ ਕੇਜਰੀਵਾਲ ਨਾ ਹੀ ਲੋਕ ਆਗੂ ਹਨ ਅਤੇ ਨਾ ਹੀ ਲੋਕ ਸੰਘਰਸ਼ਾਂ ਵਿੱਚੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਰਹਿਣ ਵਾਲੇ ਆਗੂ ਹੀ ਲੋਕਾਂ ਨੂੰ ਜਾਣ ਸਕਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਦੇ ਨਾਲ ਹੀ ਸੰਗਤ ਦਰਸ਼ਨ ਆਰੰਭ ਦਿੱਤੇ ਸਨ ਅਤੇ ਹੁਣ ਤੱਕ ਕਰਦੇ ਆ ਰਹੇ ਹਨ।
ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਅਤੇ ਇਸ ਦੇ ਰਾਜ ਵਿੱਚ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ ਵਰਗੀਆਂ ਅਲਾਮਤਾਂ ਵਧੀਆਂ ਜਾ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਕੀਤਾ ਜਾ ਸਕਦਾ ਹੈ।
ਕੇਂਦਰ ਦੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨਾਂ ਗਰੀਬਾਂ ਦਾ ਲੈਂਦੀ ਹੈ ਅਤੇ ਸੇਵਾ ਧਨਾਡ ਲੋਕਾਂ ਦੀ ਕਰਦੀ  ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਮ ਲੋਕਾਂ ਦਾ ਜਿਊਣਾ ਦੁਭਰ ਕਰ ਦਿੱਤਾ ਹੈ ਅਤੇ ਲੋਕਾਂ ਵਿੱਚ  ਵੱਖ ਵੱਖ ਪੱਖਾਂ ਤੋਂ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ।  ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਵਿਕਾਸ ਵਿਚ ਸੰਸਦੀ ਚੋਣਾਂ ਦੀ ਭੂਮਿਕਾ ਅਹਿਮ ਹੁੰਦੀ ਹੈ, ਕਿਉਂਕਿ ਕੇਂਦਰ ਵਿਚ ਬਣਨ ਵਾਲੀ ਸਰਕਾਰ ਨੇ ਹੀ ਰਾਜਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਆਉਣ ਦੇ ਨਾਲ ਅਸੀਂ ਉਨ੍ਹਾਂ ਕੋਲੋਂ ਰਾਜ ਦੇ ਵਿਕਾਸ ਲਈ ਆਪਣੀ ਇੱਛਾ ਮੁਤਾਬਕ ਪ੍ਰੋਜੈਕਟਾਂ ਨੂੰ ਲਾਗੂ ਕਰਵਾ ਸਕਦੇ ਹਾਂ ਅਤੇ ਵਿਕਾਸ ਲਈ ਮਦਦ ਪ੍ਰਾਪਤ ਕਰ ਸਕਦੇ ਹਾਂ।
ਸ੍ਰ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਦੀ ਵੀ ਠੋਸ ਕੋਸ਼ਿਸ਼ ਨਹੀਂ ਕੀਤੀ ਇਸ ਦੇ ਉਲਟ ਉਹ ਖੁਦ ਲੋਕਾਂ ਵਿਚ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਨੂੰ ਬਾਰੀਕੀ ਨਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋਕਾਂ ਦੀ ਇੱਛਾ ਅਨੁਸਾਰ ਹੀ ਸਕੀਮਾਂ ਨੂੰ ਲਾਗੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ ਕੀਤੀ ਹੈ ਪਰ ਕਾਂਗਰਸ ਇਸ ਵਿੱਚ ਵੱਖ ਵੱਖ ਤਰੀਕਿਆਂ ਨਾਲ ਅੜਿਕੇ ਡਾਹ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਲੋਕਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਨਾਈਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਨਾਲ ਹੀ ਆਟਾ=ਦਾਲ ਸਕੀਮ ਨੂੰ ਲਾਗੂ ਕੀਤਾ  ਅਤੇ ਚਾਰ ਰੁਪਏ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਵਾਲਾ ਪਹਿਲਾ ਸੂਬਾ ਬਣਿਆ ਅਤੇ ਹੁਣ ਆਟਾ ਚਾਰ ਰੁਪਏ ਦੀ ਥਾਂ ਇੱਕ ਰੁਪਏ ਪ੍ਰਤੀ ਕਿਲੋ ਦੇਣ ਦਾ ਫੈਸਲਾ ਕੀਤਾ ਹੈ । ਇਸ ਸਕੀਮ ਹੇਠ ਲਾਭ ਪਾਤਰੀਆਂ ਦੀ ਗਿਣਤੀ 16 ਲੱਖ ਤੋਂ ਵਧਾ ਕੇ 32 ਲੱਖ ਕੀਤੀ ਗਈ  ਹੈ।
ਸ. ਬਾਦਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਦੀਆਂ 838 ਵਿਦਿਅਰਥਣਾਂ ਨੂੰ ਮਾਈ ਭਾਗੋ ਸਕੀਮ ਹੇਠ ਸਾਇਕਲ ਦਿੱਤੇ ਅਤੇ ਸਕੂਲ ਦੀਆਂ  9 ਵਿਦਿਆਰਥਣਾਂ ਨੂੰ 80 ਫੀਸਦੀ ਤੋਂ ਵੱਧ ਅੰਕ ਲੈਣ ਲਈ ਆਪਣੇ ਖਾਤੇ ਵਿੱਚੋਂ ਪੰਜ= ਪੰਜ ਹਜ਼ਾਰ ਦਿੱਤੇ। ਇਨ੍ਹਾਂ ਵਿਦਿਆਰਥਣਾਂ ਨੂੰ ਡਾ ਗੋਬਿਦ ਖੁਰਾਣਾ ਸਕੀਮ ਹੇਠ ਪਹਿਲਾਂ ਹੀ ਸਲਾਨਾ 30=30 ਹਜ਼ਾਰ ਵਜੀਫਾ ਮਿਲ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਵੀ ਰਾਜ ਸਰਕਾਰ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਸਰਕਾਰੀ ਸਕੂਲਾਂ ਵਿਚ 80 ਫੀਸਦੀ ਤੋਂ ਜ਼ਿਆਦਾ ਅੰਕ ਲੈਣ ਵਾਲੇ ਬੱਚਿਆਂ ਨੂੰ ਸਲਾਨਾ 30 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਬੱਚਿਆਂ ਦੀ ਮਿਆਰੀ ਪੜ੍ਹਾਈ ਲਈ 6 ਵਿਸ਼ੇਸ਼ ਸਕੂਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਵਿਦਿਆਥੀਆਂ ਦੇ ਰਹਿਣ ਅਤੇ ਪੜ੍ਹਾਈ ਦਾ ਕੋਈ ਖਰਚਾ ਨਹੀਂ ਹੋਵੇਗਾ।
ਇਸ ਮੌਕੇ ਪੱਤਰਕਾਰਾਂ ਵਲੋਂ ਕਾਂਗਰਸ ਵਲੋਂ ਚੱਕਾ ਜਾਮ ਦੇ ਸਬੰਧ ਵਿੱਚ ਪੁਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਹਰੇਕ ਨੂੰ ਕਿਸੇ ਵੀ ਮਾਮਲੇ ‘ਤੇ ਵਿਰੋਧ ਪ੍ਰਗਟ ਕਰਨ ਦਾ ਜਮਹੂਰੀ ਅਧਿਕਾਰ ਹੈ ਪਰ ਰਾਸਤੇ ਜਾਂ ਰੇਲਾਂ ਰੋਕ ਕੇ ਅਜਿਹਾ ਕਰਨਾ ਵੀ ਰਾਹਗੀਰਾਂ ਦੇ ਅਧਿਕਾਰਾਂ ਦਾ ਹਨਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਰੋਧ ਜਿਲ੍ਹੇ ਪੱਧਰ ‘ਤੇ ਨਿਰਧਾਰਤ ਥਾਵਾਂ ‘ਤੇ ਕੀਤੇ ਜਾਣੇ ਚਾਹੀਦੇ ਹਨ। ਆਮ ਆਦਮੀ ਪਾਰਟੀ ਵਿੱਚ ਖਿੱਚੋਤਾਣ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਉਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਗੁਵਾਂਢੀ ਰਾਜਾਂ ਨੂੰ ਹੋਰ ਆਰਥਿਕ ਪੈਕਜ ਦੇਣ ਦੇ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਹੈ ਅਤੇ ਇਹ ਵਿਤਕਰਾ ਉਸ ਨੂੰ ਗੱਦੀ ਤੋਂ ਲਾਹ ਕੇ ਹੀ ਬੰਦ ਹੋ ਸਕਦਾ ਹੈ।
ਇਸ ਮੌਕੇ ਸ. ਬਾਦਲ ਨੇ ਜੇਲ੍ਹਾਂ ਕੱਟਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼ੀ ਕੇ ਜੇ ਐਸ ਚੀਮਾ ਵੀ ਹਾਜ਼ਰ ਸਨ।

Facebook Comment
Project by : XtremeStudioz