Close
Menu

ਲੋੜ ਪੈਣ ’ਤੇ ਬਾਦਲ ਦਾ ਘਿਰਾਓ ਕਰੇਗੀ ਕਾਂਗਰਸ: ਪ੍ਰਨੀਤ

-- 21 July,2015

ਪਟਿਆਲਾ, 21 ਜੁਲਾਈ
ਮੰਡੀਆਂ ਵਿੱਚ ਕੀਤੀ ਢੋਅਾ ਢੁਆਈ ਦੀ ਤਿੰਨ ਮਹੀਨਿਆਂ ਬਾਅਦ ਵੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਦੋ ਹਫ਼ਤਿਆਂ ਤੋਂ ਇੱਥੇ ਡੀ.ਸੀ. ਦਫ਼ਤਰ ਸਾਹਮਣੇ ਪੱਕਾ ਮੋਰਚਾ ਲਾਈ ਬੈਠੇ ਪੱਲੇਦਾਰਾਂ ਨੇ ਅੱਜ ਧਰਨਾ ਦੇ ਕੇ ਪੰਜ ਘੰਟੇ ਜੇਲ੍ਹ ਰੋਡ ਨੂੰ ਜਾਮ ਕਰੀ ਰੱਖਿਅਾ। ਧਰਨੇ ਵਿੱਚ  ਇੱਕ ਹਜ਼ਾਰ ਦੇ ਕਰੀਬ ਪੱਲੇਦਾਰਾਂ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਤਾਲਮੇਲ ਕਮੇਟੀ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਮੰਜੌਲੀ ਨੇ ਕਿਹਾ ਕਿ ਖਰੀਦ ਏਜੰਸੀਆਂ ਪਟਿਆਲਾ ਜ਼ਿਲ੍ਹੇ ਦੇ ਮਜ਼ਦੂਰਾਂ ਦਾ ਦਸ ਕਰੋੜ ਰੁਪੲਿਆ ਤਿੰਨ ਮਹੀਨਿਅਾਂ ਤੋਂ ਦੱਬੀ ਬੈਠੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਅਦਾਇਗੀ ਨਾ ਹੋਈ ਤਾਂ 26 ਜੁਲਾਈ ਨੂੰ ਪਟਿਆਲਾ  ਫੇਰੀ ਮੌਕੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।
ਧਰਨੇ ਵਿੱਚ ਪੁੱਜੀ ਕਾਂਗਰਸੀ ਵਿਧਾਇਕਾ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ’ਤੇ ਵੀ ਤਰਸ ਨਹੀਂ ਕਰਦੀ। ਮੋਢਿਆਂ ’ਤੇ ਬੋਰੀਆਂ ਢੋਹਣ ਵਾਲੇ ਪੱਲੇਦਾਰਾਂ ਨੂੰ ਤਿੰਨ ਮਹੀਨਿਆਂ ਵਿੱਚ ਨਵਾਂ ਪੈਸਾ ਨਹੀਂ ਦਿੱਤਾ।  ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ੳੁਹ ਇਹ ਮਾਮਲਾ ਵਿਧਾਨ ਸਭਾ  ਵਿੱਚ ਚੁੱਕਣਗੇ। ਜੇਕਰ ਇਸ ਮੁੱਦੇ ’ਤੇ ਮੁੱਖ ਮੰਤਰੀ ਦੇ ਘਿਰਾਓ ਦੀ ਨੌਬਤ ਆਈ ਤਾਂ ਉਹ ਵੀ ਕਾਂਗਰਸੀ ਵਰਕਰਾਂ ਸਮੇਤ ਮਜ਼ਦੂਰਾਂ ਦੇ ਨਾਲ ਖੜ੍ਹਨਗੇ।
ਧਰਨੇ ਨੂੰ ‘ਆਪ’ ਦੇ ਆਗੂ ਡਾ. ਬਲਵੀਰ, ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਡਾ. ਦਰਸ਼ਨ ਪਾਲ ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਧੀਮਾਨ ਨੇ ਵੀ ਸੰਬੋਧਨ ਕੀਤਾ। ਯੂਨੀਅਨ ਅਾਗੂਅਾਂ ਨੇ ਕਿਹਾ ਕਿ ਅਦਾਇਗੀ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਿਅਾ ਜਾਵੇਗਾ।
ਐਸ.ਡੀ.ਐਮ. ਗੁਰਪਾਲ ਸਿੰਘ ਨੇ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਹਾਸਲ ਕੀਤਾ ਅਤੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਜਲਦੀ ਅਦਾਇਗੀ  ਦਾ ਭਰੋਸਾ ਦਿਵਾਇਆ। ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

Facebook Comment
Project by : XtremeStudioz