Close
Menu

ਲੜਕੀਆਂ ਨਾਲ ਗੱਲ ਕਰਦੇ ਲੱਗਦਾ ਹੈ ਡਰ- ਫਾਰੂਕ

-- 06 December,2013

ਨਵੀਂ ਦਿੱਲੀ- ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਔਰਤਾਂ ਬਾਰੇ ਇਕ ਵਿਵਾਦਪੂਰਨ ਬਿਆਨ ਦੇ ਦਿੱਤਾ ਹਾਲਾਂਕਿ ਬਾਅਦ ‘ਚ ਉਸ ਲਈ ਮੁਆਫੀ ਮੰਗੀ। ਆਪਣੇ ਬਿਆਨ ‘ਚ ਉਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਨੂੰ ਸਕੱਤਰ ਨਹੀਂ ਨਿਯੁਕਤ ਕਰਨਾ ਚਾਹੀਦਾ ਕਿਉਂਕਿ ਜੇਕਰ ਯੌਨ ਉਤਪੀੜਨ ਦੀ ਸ਼ਿਕਾਇਤ ਹੋ ਗਈ ਤਾਂ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ। ਉਨ੍ਹਾਂ ਨੇ ਸੰਸਦ ਭਵਨ ਕੰਪਲੈਕਸ ‘ਚ ਕਿਹਾ,”ਇੰਨੀਂ ਦਿਨੀਂ ਹਾਲਾਤ ਅਜਿਹੇ ਹੋ ਗਏ ਹਨ ਕਿ ਲੜਕੀਆਂ ਨਾਲ ਗੱਲ ਕਰਦੇ ਡਰ ਲੱਗਦਾ ਹੈ। ਸਾਨੂੰ ਲੱਗਦਾ ਹੈ ਕਿ ਔਰਤ ਨੂੰ ਸਕੱਤਰ ਨਹੀਂ ਰੱਖਣਾ ਚਾਹੀਦਾ। ਖੁਦਾ ਨਾ ਕਰੇ, ਜੇਕਰ ਕੋਈ ਸ਼ਿਕਾਇਤ ਹੋ ਗਈ ਤਾਂ ਸਾਨੂੰ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ।” ਕੇਂਦਰੀ ਮੰਤਰੀ ਅਬਦੁੱਲਾ ਕੁਝ ਮਹੱਤਵਪੂਰਨ ਹਸਤੀਆਂ ‘ਤੇ ਚੱਲ ਰਹੀ ਯੌਨ ਹਿੰਸਾ ਦੇ ਮਾਮਲਿਆਂ ਨੂੰ ਲੈ ਕੇ ਕੀਤੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਹ ਪੁੱਛਣ ‘ਤੇ ਕਿ ਕੀ ਉਹ ਔਰਤਾਂ ਨੂੰ ਦੋਸ਼ੀ ਠਹਿਰਾ ਰਹੇ ਹਨ, ਉਨ੍ਹਾਂ ਨੇ ਕਿਹਾ,”ਨਹੀਂ, ਨਹੀਂ ਮੈਂ ਲੜਕੀ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਹਾਂ। ਮੈਂ ਤਾਂ ਸਮਾਜ ‘ਤੇ ਦੋਸ਼ ਲਗਾ ਰਿਹਾ ਹਾਂ। ਸਮਾਜ ਅਜਿਹੇ ਪੱਧਰ ‘ਤੇ ਪੁੱਜਿਆ ਗਿਆ ਹੈ ਜਦੋਂ ਦੂਜੇ ਪਾਸਿਓਂ ਸ਼ਿਕਾਇਤਾਂ ਆ ਰਹੀਆਂ ਹਨ।”
ਅਬਦੁੱਲਾ ਨੇ ਕਿਹਾ,”ਬਲਾਤਕਾਰ ਨਹੀਂ ਹੋਣਾ ਚਾਹੀਦਾ। ਲੜਕੀਆਂ ਦੀ ਗਿਣਤੀ ਘੱਟ ਹੋਈ ਹੈ। ਜਦੋਂ ਬੱਚਾ ਹੁੰਦਾ ਹੈ ਤਾਂ ਅਸੀਂ ਲੜਕੇ ਲਈ ਪ੍ਰਾਰਥਨਾ ਕਰਦੇ ਹਾਂ। ਜਦੋਂ ਲੜਕੀ ਪੈਦਾ ਹੁੰਦੀ ਹੈ ਤਾਂ ਅਸੀਂ ਰੋਂਦੇ ਹਾਂ।” ਇਨ੍ਹਾਂ ਦੀ ਟਿੱਪਣੀਆਂ ਦੀ ਸਖਤ ਆਲੋਚਨਾ ਹੋਈ ਹੈ ਅਤੇ ਉਨ੍ਹਾਂ ਦੇ ਬੇਟੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਕਿਹਾ ਕਿ ਫਾਰੂਕ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ‘ਤੇ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ‘ਚ ਫਾਰੂਕ ਨੇ ਕਿਹਾ,”ਲੋਕਾਂ ਨੂੰ ਗੱਲਾਂ ਸਮਝਣੀ ਚਾਹੀਦੀਆਂ ਹਨ ਅਤੇ ਉਹ ਕਈ ਚੀਜਾਂ ਨੂੰ ਕਈ ਤਰ੍ਹਾਂ ਨਾਲ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ।” ਫਾਰੂਕ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਨਿਆਂ ਹੋਣਾ ਚਾਹੀਦਾ ਅਤੇ ਸੰਸਦ ‘ਚ ਜਲਦ ਤੋਂ ਜਲਦ 33 ਫੀਸਦੀ ਰਾਖਵਾਂਕਰਨ (ਔਰਤਾਂ ਲਈ) ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਕੁਝ ਗਲਤ ਕਹਿ ਗਏ ਹਨ ਤਾਂ ਉਨ੍ਹਾਂ ਨੂੰ ਉਸ ਦਾ ਅਫਸੋਸ ਹੈ।

Facebook Comment
Project by : XtremeStudioz