Close
Menu

ਲੰਬੀ ਚੋਣ ਮੁਹਿੰਮ ਕੰਸਰਵੇਟਿਵ ਪਾਰਟੀ ਲਈ ਹੋਵੇਗੀ ਲਾਹੇਵੰਦ – ਹਾਰਪਰ

-- 04 August,2015

ਕੈਬਕ: ਕੰਸਰਵੇਟਿਵ ਆਗੂ ਸਟੀਫਂਨ ਹਾਰਪਰ ਨੇ ਕੈਬਕ ਲਾਵਾਲ ਵਿਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਬੇਹਤਰੀਨ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਆਰਥਿਕ ਸੰਕਟ ਆਰਜ਼ੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਆਰਥਿਕਤਾ ਹੋਰ ਵਧੀਆ ਹੋਵੇਗੀ। ਉਨ੍ਹਾਂ ਆਪਣੇ ਵਿਸ਼ਾ ਵਸਤੂ ਨੂੰ ਟੈਕਸ ਛੋਟਾਂ, ਕੈਨੇਡੀਅਨ ਲੋਕਾਂ ਦੀ ਸੁਰਖਿਆ ਅਤੇ ਲੀਡਰਸਿ਼ਪ ਉੱਪਰ ਕੇਂਦਰਿਤ ਰਖਿਆ।

ਹਾਰਪਰ ਨੇ ਕਿਹਾ ਕਿ ਤੇਲ ਅਤੇ ਸਾਧਨ ਸਰੋਤਾਂ ਦੀਆਂ ਘੱਟ ਕੀਮਤਾਂ ਕਾਰਣ ਆਰਥਿਕਤਾ ਵਿਚ ਮੰਦੀ ਆਈ ਹੈ ਪਰ ਇਹ ਛੇਤੀ ਹੀ ਸੰਭਲ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਅਰਥਸ਼ਾਸਤੀਆਂ ਵਲੋਂ ਕੈਨੇਡਾ ਦੀ ਆਰਥਿਕਤਾ ਦੀ ਵਧੀਆ ਕਾਰਗੁਜ਼ਾਰੀ ਦੀ ਭਵਿਖਵਾਣੀ ਕੀਤੀ ਗਈ ਹੈ।

ਜਿ਼ਕਰਯੋਗ ਹੈ ਕਿ ਕੈਨੇਡੀਅਨ ਆਰਥਿਕਤਾ ਵਿਚ ਪਿਛਲੇ ਪੰਜ ਮਹੀਨਿਆਂ ਵਿਚ ਖੜੋਤ ਆਈ ਹੈ। ਪਰ ਹਾਰਪਰ ਨੇ ਕਿਹਾ ਕਿ 2009 ਦੀ ਮੰਦੀ ਤੋਂ ਬਾਅਦ ਕੈਨੇਡੀਅਨ ਆਰਥਿਕਤਾ ਦੀ ਲਗਾਤਾਰ ਵਧੀਆ ਕਾਰਗੁਜ਼ਾਰੀ ਰਹੀ ਹੈ ਜੋ ਕਿ ਜੀ-7 ਦੇ ਮੁਲ੍ਹਕਾਂ ਵਿਚ ਸੱਭ ਤੋਂ ਚੰਗੀ ਹੈ।

ਹਾਰਪਰ ਨੇ ਇਸ ਮੌਕੇ ਕੀਤੇ ਵਾਅਦੇ ਵਿਚ ਕਿਹਾ ਕਿ ਕੰਸਰਵੇਟਿਵ ਸਰਕਾਰ ਹਰ ਸਾਲ 60 ਮਿਲੀਅਨ ਡਾਲਰ ਦੀ ਟੈਕਸ ਛੋਟ ਉਨ੍ਹਾਂ ਕਾਰੋਬਾਰੀਆਂ ਨੂੰ ਦੇਵੇਗੀ ਜਿਹੜੇ ਕਿ ਟਰੇਡਸ ਨਾਲ ਸੰਬੰਧਤ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਐਪਰੈਂਟਸਸਿ਼ਪ ਰੁਜ਼ਗਾਰ ਟੈਕਸ ਛੋਟਾਂ ਨਾਲ ਕੈਨੇਡਾ ਦੀ ਲੰਬੇ ਸਮੇਂ ਤੋਂ ਹੁਨਰੀ ਮਾਹਿਰਾਂ ਦੀ ਘਾਟ ਪੂਰੀ ਹੋਵੇਗੀ।

ਹਾਰਪਰ ਅੱਜ ਕਿੰਗਸਟਨ ਉਂਟੇਰੀਓ ਵਿਚ ਪਹੁੰਚ ਰਹੇ ਹਨ ਅਤੇ ਏਜੈਕਸ ਵਿਚ ਵੀ ਇਕ ਵੱਡੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਇਹ ਹਲਕਾ ਸਾਬਕਾ ਫਾਈਨੈਂਸ ਮਨਿਸਟਰ ਜਿੰਮ ਫਲ੍ਹੈਰਟੀ ਦੀ ਰਾਈਡਿੰਗ ਹੁੰਦੀ ਸੀ।

ਲਿਬਰਲ ਆਗੂ ਜਸਟਿਨ ਟਰੂਡੋ ਅੱਜ ਕੈਲਗਰੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਐਨ ਡੀ ਪੀ ਆਗੂ ਟੌਮ ਮਲਕੇਅਰ ਦੀ ਇਸ ਸਮੇਂ ਕੋਈ ਵੀ ਰੈਲੀ ਨਹੀਂ ਹੈ। ਸੂਤਰਾਂ ਮੁਤਾਬਕ ਮਲਕੇਅਰ ਇਸ ਹਫਤੇ ਹੋਣ ਵਾਲੀ ਡਿਬੇਟ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ।

Facebook Comment
Project by : XtremeStudioz