Close
Menu

ਲੰਬੀ ਵਿੱਚ ਮੀਂਹ ਤੇ ਗਡ਼ਿਆਂ ਨੇ ਹਜ਼ਾਰਾਂ ੲੇਕਡ਼ ਫ਼ਸਲ ਝੰਬੀ

-- 13 April,2015

ਲੰਬੀ, ਲੰਬੀ ਹਲਕੇ ਵਿੱਚ ਕੱਲ੍ਹ ਰਾਤ ਪੲੇ ਗੜਿਆਂ ਅਤੇ ਤੇਜ਼ ਮੀਂਹ ਨੇ ਸਰਾਵਾਂ ਜੈਲ ਦੇ ਸੇਮ ਪ੍ਰਭਾਵਿਤ ਪਿੰਡਾਂ ’ਚ ਫਸਲਾਂ ਦਾ ਕਾਫੀ ਨੁਕਸਾਨ ਕੀਤਾ। ਪਿੰਡ ਪੰਨੀਵਾਲਾ ਫੱਤਾ, ਮਿੱਡਾ, ਰੱਤਾਖੇੜਾ (ਛੋਟਾ) ਅਤੇ ਰੱਤਾਖੇੜਾ (ਵੱਡਾ) ਸਮੇਤ ਹੋਰਨਾਂ ਪਿੰਡਾਂ ਵਿੱਚ ਢਾਈ-ਤਿੰਨ ਹਜ਼ਾਰ ਏਕੜ ਫਸਲਾਂ ਲਗਪਗ ਸੌ ਫ਼ੀਸਦੀ ਨੁਕਸਾਨੀਆਂ ਗਈਆਂ। ਲੰਬੀ ਹਲਕੇ ਵਿੱਚ ਵੱਡੇ ਪੱਧਰ ’ਤੇ ਖ਼ਰਾਬੇ ਦੀ ਸੂਚਨਾ ਮਿਲਣ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬਾਅਦ ਦੁਪਿਹਰ ਬਾਲਾਸਰ ਫਾਰਮ ਹਾਊਸ ਤੋਂ ਪ੍ਰਭਾਵਿਤ ਪਿੰਡਾਂ ਵਿਖੇ ਪੁੱਜੇ ਅਤੇ ਗੜਿਆਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਲਗਪਗ 5 ਘੰਟੇ ਤੱਕ ਪ੍ਰਭਾਵਿਤ ਪਿੰਡਾਂ ਵਿੱਚ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਮੁੱਖ ਮੰਤਰੀ ਨੇ ਮੌਕੇ ’ਤੇ ਹੀ ਵਿੱਤ ਕਮਿਸ਼ਨਰ (ਮਾਲ) ਨੂੰ ਪ੍ਰਭਾਵਿਤ ਖੇਤਰਾਂ ਵਿੱਚ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਦਿੱਤੇ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਅੌਖੀ ਘੜੀ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਪਿੰਡ ਰੱਤਾ ਖੇੜਾ ਵਿੱਚ ਸੇਮ ਦੇ ਖਾਤਮੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਬਾਰੇ ਪਿੰਡ ਵਾਸੀਆਂ ਤੋਂ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਪਿੰਡ ਵਿੱਚ ਯੰਤਰ ਅਤੇ ਸੱਠੀ ਮੁੰਗੀ ਦੀ ਕਾਸ਼ਤ ਲਈ ਵੀ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ।  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਖੇਤੀ ਬੀਮਾ ਯੋਜਨਾ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਪ੍ਰਭਾਵੀ ਖੇਤੀ ਬੀਮਾ ਨੀਤੀ ਨਾਲ ਹੀ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ। ਸ੍ਰੀ ਬਾਦਲ ਨੇ ਮੌਕੇ ’ਤੇ ਹੀ ਵਿੱਤ ਕਮਿਸ਼ਨਰ (ਮਾਲ) ਨੂੰ ਫੋਨ ਕਰਕੇ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਗਿਰਦਾਵਰੀ ਕਰਵਾਉਣ ਲਈ ਕਿਹਾ। ਉਨ੍ਹਾਂ ਨਾਲ ਹੀ ਸਿੰਜਾਈ ਵਿਭਾਗ ਦੇ ਸਕੱਤਰ ਨੂੰ ਤੁਰੰਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਰਾਹਤ ਲਈ ਫੌਰੀ ਤੌਰ ’ਤੇ ਕਦਮ ਚੁੱਕਣ ਦੀ ਹਦਾੲਿਤ ਕੀਤੀ। ਉਨ੍ਹਾਂ ਪਿਛਲੇ ਸਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੰਡ ਵੀ ਬਿਨਾਂ ਦੇਰੀ ਕਰਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਕੀਤੀਆਂ।
ਮਾਨਸਾ, (ਪੱਤਰ ਪ੍ਰੇਰਕ): ਅੱਜ ਸਵੇਰੇ ਵਰ੍ਹੇ ਮੀਂਹ ਨੇ ਮੁੜ ਸੁਨਹਿਰੀ ਕਣਕਾਂ ਨੂੰ ਸਲਾਬੀਆਂ ਕਰ ਦਿੱਤਾ ਜਿਸ ਨਾਲ ਖੇਤਾਂ ਵਿੱਚ ਹੱਥੀਂ ਵਾਢੀ ਦਾ ਕੰਮ ਲੀਹ ਤੋਂ ਲਹਿ ਗਿਆ। ਕਿਸਾਨਾਂ ਨੂੰ ਖੇਤਾਂ ਵਿੱਚ ਲਿਫੀਆਂ ਪਈਆਂ ਕਣਕਾਂ ਵਿਚਲੇ ਦਾਣੇ ਫੁੱਲਣ ਦਾ ਡਰ ਸਤਾਉਣ ਲੱਗਿਆ ਹੈ। ਕਣਕ ਦੀ ਵਰਾਇਟੀ ਪੀ.ਬੀ. ਡਬਲਯੂ 343, ਜਿਸ ਥੱਲੇ ਇਸ ਖੇਤਰ ਵਿੱਚ ਬਹੁਤ ਸਾਰਾ ਰਕਬਾ ਬੀਜਿਆ ਹੋਇਆ ਹੈ, ਨੂੰ ਜ਼ਿਆਦਾ ਝੜਾ ਕੇ ਰੱਖਣਾ ਕਿਸਾਨਾਂ ਲਈ ਮੁਸ਼ਕਲ ਹੋ ਗਿਆ ਹੈ। ਕਿਸਾਨ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਛੋਟੇ ਕਿਸਾਨਾਂ ਕੋਲ ਸਾਧਨਾਂ ਦੀ ਘਾਟ ਕਾਰਨ ਇਸ ਬੇਈਮਾਨ ਮੌਸਮ ਵਿੱਚ ਦਾਣੇ ਇਕੱਠੇ ਕਰਨੇ ਹੀ ਸਭ ਤੋਂ ਦੁਬਿਧਾ ਬਣੀ ਹੋਈ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਸਲਾਬੇ ਮੌਸਮ ਨੇ ਕਣਕ ਦੇ ਦਾਣਿਆਂ ਨੂੰ ਬਦਰੰਗ ਕਰ ਦੇਣਾ ਹੈ।
ਫ਼ਾਜ਼ਿਲਕਾ, (ਪੱਤਰ ਪ੍ਰੇਰਕ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਬਲਾਕ ਦੇ ਮੀਂਹ, ਸੇਮ ਅਤੇ ਗੜਿਆਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਪੀੜਤ ਕਿਸਾਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਪ੍ਰਭਾਵਿਤ ਕਿਸਾਨਾਂ ਦੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ।  ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੇਮ ਦੀ ਮਾਰ ਅਤੇ ਛੱਪੜਾਂ ਦੇ ਓਵਰਫਲੋ ਹੋਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਮੁੱਖ ਮੰਤਰੀ ਨੇ ਸਕੱਤਰ ਸਿੰਜਾਈ ਵਿਭਾਗ ਨੂੰ ਆਦੇਸ਼ ਦਿੱਤੇ ਕਿ ਉਹ ਸੇਮ, ਮੀਂਹ ਪ੍ਰਭਾਵਿਤ ਇਲਾਕਿਆਂ ਦਾ ਤੁਰੰਤ ਦੌਰਾ ਕਰਨ।

Facebook Comment
Project by : XtremeStudioz