Close
Menu

ਲੰਮੀ ਛੁੱਟੀ ਖਤਮ ਕਰਨ ‘ਤੇ ਵਿਦੇਸ਼ ਬੈਠੇ ਪੰਜਾਬੀ ਮੁਲਾਜ਼ਮਾਂ ਨੂੰ ਭਾਜੜਾਂ

-- 21 February,2015

ਵੈਨਕੂਵਰ, ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਲੰਮੀ ਛੁੱਟੀ ਦੀ ਸਹੂਲਤ ਖਤਮ ਕੀਤੇ ਜਾਣ ਕਾਰਨ ਵਿਦੇਸ਼ ਬੈਠੇ ਅਜਿਹੇ ਲੋਕਾਂ ਨੂੰ ਭਾਜੜ ਪੈ ਗਈ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਲੰਮੀ ਛੁੱਟੀ ਲੈ ਕੇ ਵਿਦੇਸ਼ਾਂ ਵਿੱਚ ਪੱਕੇ ਰਿਹਾਈਸ਼ੀ (ਪੀਆਰ) ਬਣੇ ਵਿਅਕਤੀਆਂ ਵਿੱਚੋਂ ਬਹੁਤੇ ਸੇਵਾਮੁਕਤੀ ਤਕ ਦੇ ਸਮੇਂ ਦੀ ਉਡੀਕ ਕਰ ਰਹੇ ਸਨ ਤਾਂ ਜੋ ਜੀਵਨ ਭਰ ਪੰਜਾਬ ਸਰਕਾਰ ਤੋਂ ਪੈਨਸ਼ਨ ਯੋਗ ਹੋ ਸਕਣ ਅਤੇ ਵਿਦੇਸ਼ਾਂ ‘ਚੋਂ ਵੀ ਬੁਢਾਪਾ ਪੈਨਸ਼ਨ ਲੈਣ ਦੇ ਯੋਗ ਹੋ ਸਕਣ।
ਸਰਕਾਰ ਵੱਲੋਂ ਸਹੂਲਤ ਖਤਮ ਹੁੰਦੇ ਸਾਰ ਹੀ ਇਨ੍ਹਾਂ ਵਿੱਚੋਂ ਬਹੁਤੇ ਲੋਕ ਵਿਦੇਸ਼ਾਂ ਤੋਂ ਆਪਣੇ ਕੰਮਾਂ ਤੋਂ ਛੁੱਟੀ ਲੈ ਕੇ ਵਤਨ ਪਰਤ ਗਏ ਹਨ ਤਾਂ ਜੋ ਆਪਣੇ ਇਰਾਦਿਆਂ ਦੀ ਪੂਰਤੀ ਲਈ ਕਾਨੂੰਨੀ ਰਾਹ ਲੱਭ ਸਕਣ।
ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ ਦੋ ਹਜ਼ਾਰ ਤੋਂ ਵੱਧ ਅਜਿਹੇ ਲੋਕ ਹਨ,ਜੋ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਹੁਦਿਆਂ ‘ਤੇ ਤਾਇਨਾਤ ਸਨ, ਪਰ ਵਿਦੇਸ਼ ਵਸਣ ਦਾ ਸੰਜੋਗ ਬਣਨ ‘ਤੇ ਉਹ ਲੰਮੀ ਛੁੱਟੀ ਲੈ ਕੇ ਇਥੇ ਆ ਗਏ ਤੇ ਕਈ ਸਾਲਾਂ ਤੋਂ ਇਥੇ ਕੰਮ ਕਰ ਰਹੇ ਸਨ। ਇਥੋਂ ਦੀਆਂ ਸਕਿਉਰਿਟੀ ਕੰਪਨੀਆਂ ਵਿੱਚ ਕਾਮਿਆਂ ਦੀ ਥੁੜ੍ਹ ਹੋਣ ਦਾ ਵੀ ਇਹੀ ਕਾਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਸੇਵਾਮੁਕਤੀ ਦੇ ਸਾਲਾਂ ਨੂੰ ਢੁਕੇ ਪੰਜਾਬੀਆਂ ਦਾ ਇਹ ਪਸੰਦੀਦਾ ਕੰਮ ਹੈ। ਇੰਜ ਹੀ ਕੈਨੇਡਾ ਦੇ ਹੋਰ ਸੂਬਿਆਂ ਵਿੱਚ ਵੀ ਤਿੰਨ ਹਜ਼ਾਰ ਹੋਰ ਲੋਕ ਹਨ, ਜੋ ਪੰਜਾਬ ਸਰਕਾਰ ਦੀਆਂ ਸਹੂਲਤਾਂ ਦੇ ਨਾਲ ਨਾਲ ਵਿਦੇਸ਼ ਦਾ ਆਨੰਦ ਵੀ ਮਾਣ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕਾ, ਆਸਟਰੇਲੀਆ, ਇੰਗਲੈਂਡ ਤੇ ਹੋਰ ਦੇਸ਼ਾਂ ਵਿੱਚ ਵੀ ਹਜ਼ਾਰਾਂ ਅਜਿਹੇ ਲੋਕ ਹੋਣਗੇ। ਲੰਮੀ ਛੁੱਟੀ ਦਾ ਆਨੰਦ ਮਾਨਣ ਵਾਲਿਆਂ ਵੱਲੋਂ ਸਰਕਾਰੀ ਫੈਸਲੇ ‘ਤੇ ਰੋਕ ਲਈ ਉੱਚ ਅਦਾਲਤ ਜਾਣ ਬਾਰੇ ਵੀ ਯੋਜਨਾ ਬਣਾਈ ਜਾ ਰਹੀ ਹੈ। ਇਹ ਲੋਕ ਪੰਜਾਬ ਸਰਕਾਰ ਦੇ ਖਜ਼ਾਨੇ ਉੱਤੇ ਵੱਡਾ ਭਾਰ ਹਨ।

Facebook Comment
Project by : XtremeStudioz