Close
Menu

ਲੱਖੋਵਾਲ ਕੋਲ ਕਿਸਾਨਾਂ ਦੇ ਮੁੱਦੇ ਚੁੱਕਣ ਦਾ ਨੈਤਿਕ ਅਧਿਕਾਰ ਨਹੀਂ: ਕਾਂਗਰਸ

-- 01 October,2015

ਚੰਡੀਗੜ੍ਹ,ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਕਿਸਾਨਾਂ ਦੇ ਮੁੱਦਿਆਂ ‘ਤੇ ਪ੍ਰਦਰਸ਼ਨ ਨੂੰ ਝੂਠਾ ਕਰਾਰ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਬੀ.ਕੇ.ਯੂ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਕੋਲ ਪ੍ਰਦਰਸ਼ਨ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਜਿਹੜੇ ਕਿਸਾਨਾਂ ਦੇ ਹਿੱਤਾਂ ਨੂੰ ਸ੍ਰੋਮਣੀ ਅਕਾਲੀ ਦਲ ਹੱਥੀਂ ਵੇਚ ਕੇ ਸਰਕਾਰੀ ਮੌਜ਼ਾਂ ਮਾਣ ਰਹੇ ਹਨ।
ਇਥੇ ਜ਼ਾਰੀ ਇਕ ਬਿਆਨ ‘ਚ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੱਖੋਵਾਲ ਨੇ ਪ੍ਰਦਰਸ਼ਨ ਕਰਕੇ ਤੇ ਸੜਕਾਂ ਜਾਮ੍ਹ ਕਰਕੇ ਸਿਰਫ ਇਕ ਵਿਖਾਵਾ ਕੀਤਾ ਹੈ, ਜਦਕਿ ਹਰ ਕੋਈ ਜਾਣਦਾ ਹੈ ਕਿ ਬੀਤੇ ਅੱਠ ਸਾਲਾਂ ਤੋਂ ਇਨ੍ਹਾਂ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਦੇ ਰੈਂਕ ਦੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੇ ਅਹੁਦੇ ਦਾ ਅਨੰਦ ਲੈਣ ਲਈ ਕਦੇ ਵੀ ਕਿਸਾਨਾਂ ਦਾ ਮੁੱਦਾ ਨਹੀਂ ਚੁੱਕਿਆ ਸੀ।

ਰੰਧਾਵਾ ਨੇ ਲੱਖੋਵਾਲ ਦੀਆਂ ਜਾਇਦਾਦਾਂ ਦੀ ਜਾਂਚ ਵੀ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਬੀ.ਕੇ.ਯੂ (ਲੱਖੋਵਾਲ) ਦੇ ਬੁੱਧਵਾਰ ਨੂੰ ਸੜਕਾਂ ‘ਤੇ ਟ੍ਰੈਫਿਕ ਰੋਕਣ ਦੇ ਸੱਦੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਦਿਆਂ ਸਵਾਲ ਕੀਤਾ ਕਿ ਕਿਉਂ ਉਹ ਮੰਡੀ ਬੋਰਡ ਦੀ ਚੇਅਰਮੈਨਸ਼ਿਪ ਤੋਂ ਅਸਤੀਫਾ ਦੇ ਦਿੰਦੇ, ਜਦਕਿ ਮਾਲਵਾ ਦੇ ਨਰਮੇ ਖੇਤਰ ਦੇ ਕਿਸਾਨਾਂ ਨੂੰ ਘਟੀਆ ਕੀਟਨਾਸ਼ਕ ਵੇਚ ਕੇ ਧੋਖਾ ਦਿੱਤਾ ਗਿਆ ਹੈ, ਗੰਨਾ ਉਤਪਾਦਕਾਂ ਨੂੰ ਅਦਾਇਗੀਆਂ ‘ਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਤੇ ਝੌਨਾ ਵੇਚਣ ਲਈ ਡਾਢਾ ਪ੍ਰੇਸ਼ਾਨ ਹੋਣਾ ਪਿਆ ਹੈ।

ਰੰਧਾਵਾ ਨੇ ਕਿਹਾ ਕਿ ਲੱਖੋਵਾਲ ਨੇ ਕੈਬਿਨੇਟ ਰੈਂਕ ਦੀ ਚੇਅਰਮੈਨਸ਼ਿਪ ਲਈ ਕਿਸਾਨ ਸਮਾਜ ਦੇ ਹਿੱਤਾਂ ਨੂੰ ਬਾਦਲਾਂ ਕੋਲ ਵੇਚ ਦਿੱਤਾ ਸੀ। ਜਿਹੜੇ ਹੁਣ ਬਾਦਲਾਂ ਦੇ ਪਿੱਠੂ ਬਣ ਚੁੱਕੇ ਹਨ। ਉਨ੍ਹਾਂ ਨੇ ਲੱਖੋਵਾਲ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਕਿਹਾ ਹੈ, ਜਿਹੜੇ ਕੰਮ ਉਨ੍ਹਾਂ ਨੇ ਬਾਦਲ ਸਰਕਾਰ ਨਾਲ ਸਾਂਝੇਦਾਰੀ ਕਰਕੇ ਕਿਸਾਨ ਸਮਾਜ ਲਈ ਕੀਤੇ ਹਨ।

ਰੰਧਾਵਾ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਐਨ.ਡੀ.ਏ ਸਰਕਾਰ ਵੱਲੋਂ ਲਾਗੂ ਨਾ ਕੀਤੇ ਜਾਣ ‘ਤੇ ਵੀ ਲੱਖੋਵਾਲ ਦੀ ਚੁੱਪੀ ‘ਤੇ ਸਵਾਲ ਕੀਤਾ ਹੈ। ਚੋਣਾਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ‘ਚ ਆਉਣ ਤੋਂ ਬਾਅਦ ਸੁਪਰੀਮ ਕੋਰਟ ‘ਚ ਦਾਇਰ ਕੀਤੇ ਹਲਫਨਾਮੇ ‘ਚ ਇਸੇ ਸਰਕਾਰ ਨੇ ਲਾਗੂ ਕਰਨ ਤੋਂ ਮਨ੍ਹਾ ਕਰ ਦਿੱਤਾ। ਤੁਸੀਂ ਸੱਚਾਈ ਤੋਂ ਜਾਣੂ ਹੋ, ਪਰ ਸਰਕਾਰੀ ਮੌਜ਼ਾਂ ਮਾਣਨ ਲਈ ਚੁੱਪ ਰਹੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ‘ਚ ਐਨ.ਡੀ.ਏ ਤੇ ਪੰਜਾਬ ਸਰਕਾਰ ਖਿਲਾਫ ਬਹੁਤ ਗੁੱਸਾ ਹੈ ਤੇ ਲੱਖੋਵਾਲ ਕਿਸਾਨਾਂ ਦੇ ਉਚਿਤ ਪ੍ਰਦਰਸ਼ਨ ਦੀ ਦਿਸ਼ਾ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਲੱਖੋਵਾਲ ਨੂੰ ਸੜਕਾਂ ‘ਤੇ ਪ੍ਰਦਰਸ਼ਨ ਕਰਨ ਦੀ ਬਜਾਏ ਬਾਦਲ ਦੇ ਨਿਵਾਸ ਮੋਹਰੇ ਬੈਠਣ ਲਈ ਤੇ ਕੀਟਨਾਸ਼ਕ ਘੁਟਾਲੇ ‘ਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਅਸਤੀਫਾ ਮੰਗਣ ਲਈ ਕਿਹਾ ਹੈ ਤੇ ਕਿਸਾਨਾਂ ਨੂੰ ਸਵਾਮੀਨਾਥਨ ਕਮੇਟੀ ਦਾ ਵਾਅਦਾ ਨਾ ਪੂਰਾ ਕਰਨ ਲਈ ਮੋਦੀ ਦਾ ਬਾਈਕਾਟ ਕਰਨ ਲਈ ਕਿਹਾ ਹੇ।

Facebook Comment
Project by : XtremeStudioz