Close
Menu

ਵਨ-ਡੇ ਲੜੀ ‘ਚ ਭਾਰਤ ਨਾਲੋਂ ਵੱਧ ਫਾਇਦੇਮੰਦ ਸਾਬਿਤ ਹੋ ਸਕਦੈ ਬੰਗਲਾਦੇਸ਼

-- 17 June,2015

ਦੁਬਈ, ਭਾਰਤ ਜੇਕਰ ਬੰਗਲਾਦੇਸ਼ ਨੂੰ ਆਗਾਮੀ ਇਕ ਦਿਨਾ ਲੜੀ ਵਿਚ 3-0 ਨਾਲ ਹਰਾ ਦਿੰਦਾ ਹੈ ਤਾਂ ਵੀ ਉਹ ਆਈ. ਸੀ. ਸੀ. ਰੈਂਕਿੰਗ ਵਿਚ ਦੂਜੇ ਤੋਂ ਪਹਿਲੇ ਸਥਾਨ ‘ਤੇ ਨਹੀਂ ਪਹੁੰਚ ਸਕੇਗਾ ਪਰ ਇਸ ਦੇ ਉਲਟ ਜੇਕਰ ਮੇਜ਼ਬਾਨ ਟੀਮ ਲੜੀ ‘ਚ ਜਿੱਤ ਦਰਜ ਕਰਦੀ ਹੈ ਤਾਂ ਉਸ ਦੀਆਂ 2017 ਦੀਆਂ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਮੇਜ਼ਬਾਨ ਇੰਗਲੈਂਡ ਅਤੇ 30 ਸਤੰਬਰ ਤਕ ਚੋਟੀ ਦੇ ਸੱਤ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਚੈਂਪੀਅਨਸ ਟਰਾਫੀ ਵਿਚ ਜਗ੍ਹਾ ਮਿਲੇਗੀ, ਜਿਹੜੀ ਇੰਗਲੈਂਡ ਐਂਡ ਵੇਲਸ ‘ਚ ਖੇਡੀ ਜਾਵੇਗੀ। ਬੰਗਲਾਦੇਸ਼ ਦੇ ਅਜੇ ਵੈਸਟਇੰਡੀਜ਼ ਦੇ ਬਰਾਬਰ 88 ਅੰਕ ਹਨ ਪਰ ਉਹ ਦਸ਼ਮਲਵ ਦੀ ਗਣਨਾ ਤੋਂ ਬਾਅਦ ਕੈਰੇਬੀਆਈ ਟੀਮ ਤੋਂ ਇਕ ਸਥਾਨ ਹੇਠਾਂ 8ਵੇਂ ਨੰਬਰ ‘ਤੇ ਹੈ। ਪਾਕਿਸਤਾਨ ਦਾ ਉਸ ਤੋਂ ਇਕ ਅੰਕ ਘੱਟ ਹੈ ਤੇ ਉਹ 9ਵੇਂ ਸਥਾਨ ‘ਤੇ ਹੈ। ਜੇਕਰ ਬੰਗਲਾਦੇਸ਼ ਲੜੀ ਵਿਚ 3-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਉਸ ਦੇ 96 ਅੰਕ ਹੋ ਜਾਣਗੇ, ਜਦਕਿ 2-1 ਨਾਲ ਜਿੱਤ ਦਰਜ ਕਰਨ ‘ਤੇ 93 ਅੰਕ ਹੋ ਜਾਣਗੇ। ਇਸ ਨਾਲ ਉਹ ਵੈਸਟਇੰਡੀਜ਼ ਤੋਂ ਅੱਗੇ ਸੱਤਵੇਂ ਸਥਾਨ ‘ਤੇ ਪਹੁੰਚ ਜਾਵੇਗਾ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਜੇਕਰ 3-0 ਨਾਲ ਕਲੀਨ ਸਵੀਪ ਕਰਦੀ ਹੈ ਤਾਂ ਫਿਰ ਚੋਟੀ ‘ਤੇ ਕਾਬਜ਼ ਆਸਟ੍ਰੇਲੀਆ ਤੇ ਉਸ ਦੇ ਵਿਚਾਲੇ ਦਸ ਅੰਕਾਂ ਦਾ ਫਰਕ ਰਹਿ ਜਾਵੇਗਾ। ਅਜਿਹੇ ਹਾਲਾਤ ਵਿਚ ਬੰਗਲਾਦੇਸ਼ 86 ਅੰਕਾਂ ਨਾਲ 9ਵੇਂ ਨੰਬਰ ‘ਤੇ ਖਿਸਕ ਜਾਵੇਗਾ। ਜੇਕਰ ਭਾਰਤ 2-1 ਨਾਲ ਲੜੀ ਜਿੱਤਦਾ ਹੈ ਤਾਂ ਉਸ ਦੇ ਪਹਿਲਾਂ ਦੀ ਤਰ੍ਹਾਂ 117 ਅੰਕ ਰਹਿਣਗੇ, ਜਦਕਿ 1-2 ਨਾਲ ਹਾਰ ਦਾ ਮਤਲਬ ਹੋਵੇਗਾ ਕਿ ਉਸ ਦੇ ਨਿਊਜ਼ੀਲੈਂਡ ਦੇ ਬਰਾਬਰ 115 ਅੰਕ ਰਹਿ ਜਾਣਗੇ ਪਰ ਉਦੋਂ ਵੀ ਦਸ਼ਮਲਵ ‘ਚ ਗਣਨਾ ਕਰਨ ਤੋਂ ਬਾਅਦ ਦੂਜੇ ਸਥਾਨ ‘ਤੇ ਰਹੇਗਾ। ਨਿਊਜ਼ੀਲੈਂਡ ਅਜੇ ਇੰਗਲੈਂਡ ਵਿਰੁੱਧ ਇਕ ਦਿਨਾ ਪੰਜ ਮੈਚਾਂ ਦੀ ਲੜੀ ਖੇਡ ਰਿਹਾ ਹੈ, ਜਿਸ ਵਿਚ ਉਸ ਨੇ ਤਿੰਨ ਮੈਚਾਂ ਤੋਂ ਬਾਅਦ 2-1 ਦੀ ਬੜ੍ਹਤ ਹਾਸਲ ਕਰ ਲਈ ਹੈ।

Facebook Comment
Project by : XtremeStudioz