Close
Menu

ਵਰਲਡ ਕਬੱਡੀ ਕੱਪ : ਕੈਨੇਡਾ ਨੇ ਸੀਅਰਾ ਲਿਓਨ ਤੇ ਪਾਕਿਸਤਾਨ ਨੇ ਇੰਗਲੈਂਡ ਨੂੰ ਧੋਇਆ

-- 09 December,2013

18.jpgਸੰਗਰੂਰ,9 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਚਾਰ ਕੌਮਾਂਤਰੀ ਦਿਲਚਸਪ ਮੈਚ ਅੱਜ ਇੱਥੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕਬੱਡੀ ਪ੍ਰੇਮੀ ਦਰਸ਼ਕਾਂ ਦੇ ਵਿਸ਼ਾਲ ਇਕੱਠ ਸਾਹਮਣੇ ਹੋਏ। ਇਸ ਦੌਰਾਨ ਪੂਲ ‘ਬੀ’ ਦੇ ਹੋਏ ਮੈਚ ‘ਚ ਕੈਨੇਡਾ ਨੇ ਸੀਅਰਾ ਲਿਓਨ ਦੀ ਟੀਮ ਨੂੰ ਮਾਤ ਦਿੱਤੀ ਜਦਕਿ ਪਾਕਿਸਤਾਨ ਨੇ ਜੇਤੂ ਲੜੀ ਨੂੰ ਅੱਗੇ ਵਧਾਉਂਦਿਆਂ ਇੰਗਲੈਂਡ ਨੂੰ ਵੱਡੇ ਫਰਕ ਨਾਲ ਹਰਾਇਆ। ਲੜਕੀਆਂ ਦੀ ਕਬੱਡੀ ‘ਚ ਪੂਲ ‘ਬੀ’ ਦੇ ਮੈਚ ਦੌਰਾਨ ਡੈਨਮਾਰਕ ਦੀਆਂ ਖਿਡਾਰਨਾਂ ਨੇ ਇੰਗਲੈਂਡ ਦੀਆਂ ਖਿਡਾਰਨਾਂ ਨੂੰ ਚਿੱਤ ਕੀਤਾ ਜਦਕਿ ਪੂਲ ‘ਏ’ ਦੇ ਮੈਚ ‘ਚ ਨਿਊਜੀਲੈਂਡ ਦੀਆ ਲੜਕੀਆਂ ਨੇ ਯੂ.ਐਸ.ਏ. ਦੀ ਟੀਮ ਨੂੰ ਹਰਾਇਆ।

ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਹਿਲੇ ਮੈਚ ਦੌਰਾਨ ਕੈਨੇਡਾ ਦੀ ਟੀਮ ਨੇ ਸਿਉਰਾ ਲਿਉਨ ਨੂੰ 34 ਦੇ ਮੁਕਾਬਲੇ 58 ਅੰਕਾਂ ਨਾਲ ਮਾਤ ਦਿੱਤੀ। ਇਸ ਦੌਰਾਨ ਸੀਅਰਾ ਲਿਉਨ ਦੇ ਰੇਡਰ ਬਿੱਗੀ ਬੁਆਏ ਨੇ 4 ਅੰਕ ਤੇ ਸੁਲੇਮਾਨ ਨੇ 13 ਅੰਕ ਬਟੋਰੇ ਜਦਕਿ ਜਾਫ਼ੀ ਲਿਵਰਪੂਲ ਨੇ 2 ਅਤੇ ਟੈਂਡੀ ਨੇ 2 ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਕੈਨੇਡਾ ਦੇ ਰੇਡਰ ਕੁਲਵਿੰਦਰ ਕਿੰਦਾ ਨੇ 4, ਵਿੱਕੀ ਘੋਤੜਾ ਨੇ 10 ਅਤੇ ਗਗਨਦੀਪ ਨੇ 8 ਅੰਕ ਬਟੋਰੇ ਜਦਕਿ ਜਾਫ਼ੀ ਦਲਜਿੰਦਰ ਨੇ ਤਿੰਨ ਅੰਤ ਅਤੇ ਕੁਲਜਿੰਦਰ ਨੇ 1 ਅੰਕ ਹਾਸਲ ਕੀਤਾ। ਸੀਅਰਾ ਲਿਓਨ ਤੇ ਕੈਨੇਡਾ ਦੀਆਂ ਟੀਮਾਂ ਦੇ ਮੈਚ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕਰਵਾਈ।

ਦੂਜੇ ਮੈਚ ਦੌਰਾਨ ਲੜਕੀਆਂ ਦੀ ਕਬੱਡੀ ‘ਚ ਡੈਨਮਾਰਕ ਦੀਆਂ ਖਿਡਾਰਨਾਂ ਨੇ ਜਬਰਦਸਤ ਟੱਕਰ ‘ਚ 30 ਅੰਕਾਂ ਦੇ ਮੁਕਾਬਲੇ ਇੰਗਲੈਂਡ ਨੂੰ 33 ਅੰਕਾਂ ਨਾਲ ਹਰਾਇਆ। ਡੈਨਮਾਰਕ ਅਤੇ ਇੰਗਲੈਂਡ ਦੀਆਂ ਲੜਕੀਆਂ ਦੀ ਕਬੱਡੀ ਦੇ ਮੈਚ ਦੀ ਸ਼ੁਰੂਆਤ ਸ੍ਰੀਮਤੀ ਹਰਜੀਤ ਕੌਰ ਢੀਂਡਸਾ, ਸ੍ਰੀਮਤੀ ਗਗਨਦੀਪ ਕੌਰ ਢੀਂਡਸਾ ਤੇ ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ ਨੇ ਜਾਣ ਪਛਾਣ ਕਰਕੇ ਕਰਵਾਈ। ਇਸ ਮੈਚ ਦੌਰਾਨ ਡੈਨਮਾਰਕ ਦੀ ਰੇਡਰ ਮਿਲੇਪੈਡਰਸਨ ਨੇ 14 ਅੰਕ ਤੇ ਕੈਰੋਲੀਨਾ ਨੇ 4 ਅੰਕ ਹਾਸਲ ਕੀਤੇ ਜਦਕਿ ਜਾਫ਼ੀ ਟ੍ਰੇਜਾ ਤੇ ਯੇਸਮੀਨ ਨੇ ਇੱਕ-ਇੱਕ ਬਟੋਰਿਆ ਤੇ ਕੈਮਿਲਾ ਨੇ 11 ਅੰਕ ਬਟੋਰੇ। ਦੂਜੇ ਪਾਸੇ ਇੰਗਲੈਂਡ ਦੀ ਰੇਡਰ ਜੌਨੇਫੋਰਡ ਨੇ 6 ਤੇ ਜੈਸਨੇ ਨੇ 7 ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਜਾਫ਼ੀ ਐਸਲੇ ਹੰਟਰ ਨੇ 9 ਅਤੇ ਜੇਨੀਫਰ ਨੇ 3 ਅੰਕ ਬਟੋਰੇ।

ਤੀਜੇ ਮੈਚ ਲਈ ਨਿਊਜੀਲੈਂਡ ਅਤੇ ਯੂ.ਐਸ.ਏ. ਦੀਆਂ ਟੀਮਾਂ ਦੇ ਮੈਚ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਜਾਣ ਪਛਾਣ ਕਰਕੇ ਕਰਵਾਈ। ਇਸ ਮੌਕੇ ਨਿਊਜੀਲੈਂਡ ਦੀਆਂ ਖਿਡਾਰਨਾਂ ਨੇ 23 ਦੇ ਮੁਕਾਬਲੇ 53 ਅੰਕਾਂ ਨਾਲ ਅਮਰੀਕਾ ਦੀਆਂ ਖਿਡਾਰਨਾਂ ਨੂੰ ਦਿਲਚਸਪ ਮੁਕਾਬਲੇ ‘ਚ ਚਿੱਤ ਕੀਤਾ। ਨਿਊਜੀਲੈਂਡ ਦੀਆਂ ਰੇਡਰਾਂ ਇਲੈਜਾਬੈਥ ਨੇ 8, ਅਰੋਹਾ ਨੇ 7 ਅਤੇ ਕੈਥਲੀਨ ਨੇ 11 ਅੰਕ ਬਟੋਰੇ ਜਦਕਿ ਜਾਫ਼ੀ ਸੈਰੀਨਾ ਫਿਜ਼ੋ ਨੇ 6 ਅਤੇ ਅਰੀਨੀਅਨਾ ਮੈਰੀਨਾ ਨੇ 5 ਅੰਕ ਬਟੋਰੇ। ਇਸੇ ਮੌਕੇ ਅਮਰੀਕਾ ਦੀਆਂ ਰੇਡਰਾਂ ਗੁਰ ਅੰਮ੍ਰਿਤ ਹਰੀ ਖ਼ਾਲਸਾ ਨੇ 9 ਅਤੇ ਅਰਨਦੀਪ ਕੌਰ ਨੇ 3 ਅੰਕ ਹਾਸਲ ਕੀਤੇ ਜਦਕਿ ਜਾਫ਼ੀ ਸੁਰਮਿੰਦਰ ਕੌਰ ਸਹੋਤਾ ਨੇ 4 ਅਤੇ ਸ੍ਰੀਧਰਮ ਖ਼ਾਲਸਾ ਨੇ ਵੀ ਚੰਗੀ ਕਾਰਗੁਜ਼ਾਰੀ ਵਿਖਾਈ।

ਕਬੱਡੀ ਕੱਪ ਦੇ ਅੱਜ ਸੰਗਰੂਰ ਵਿਖੇ ਚੌਥੇ ਮੈਚ ਦੌਰਾਨ ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਨਾਲ ਜਾਣ ਪਛਾਣ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮੈਚ ਦੀ ਸ਼ੁਰੂਆਤ ਕਰਵਾਈ। ਇਸ ਮੈਚ ਦੇ ਦਿਲਚਸਪ ਅਤੇ ਇਕ ਪਾਸੜ ਮੁਕਾਬਲੇ ‘ਚ ਪਾਕਿਸਤਾਨ ਨੇ 28 ਦੇ ਮੁਕਾਬਲੇ 69 ਅੰਕਾਂ ਦੇ ਵੱਡੇ ਫਰਕ ਨਾਲ ਇੰਗਲੈਂਡ ਦੀ ਟੀਮ ਨੂੰ ਚਿੱਤ ਕੀਤਾ। ਇਸ ਦੌਰਾਨ ਪਾਕਿਸਤਾਨ ਦੇ ਰੇਡਰਾਂ ਅਕਲਮ ਨੇ 11, ਅਸਲਮ ਸਹਿਜਾਦ ਨੇ 6, ਬਾਬਰ ਗੁਜ਼ਰ ਨੇ 3, ਸਾਫੀਕ ਚਿਸਤੀ ਨੇ 4 ਅਤੇ ਅਹਰੂਫ਼ ਅਹਿਮ ਨੇ 13 ਅੰਕ ਬਟੋਰੇ ਜਦਕਿ ਪਾਕਿਸਤਾਨ ਦੇ ਜਾਫ਼ੀਆਂ ਮਤਲੂਬ ਅਲੀ ਨੇ 8, ਅਸਲਮ ਡੋਗਰ ਨੇ 6 ਅਤੇ ਤਾਹੀਰ ਨੇ 7 ਅੰਕ ਬਟੋਰੇ। ਦੂਜੇ ਪਾਸੇ ਇੰਗਲੈਂਡ ਦੇ ਰੇਡਰਾਂ ਪਰਮਜੋਤ ਸੰਘੇ ਨੇ 8, ਗੁਰਦੇਵ ਗੋਪੀ ਨੇ 7, ਵਿਪਨਪਾਲ ਨੇ 2 ਅਤੇ ਕਰਪ੍ਰੀਤ ਨੇ 8 ਅੰਕ ਹਾਸਲ ਕੀਤੇ। ਜਦਕਿ ਇੰਗਲੈਂਡ ਦੇ ਜਾਫ਼ੀਆਂ ਸੰਦੀਪ ਨੇ 2, ਅਮਨਦੀਪ ਰਿਆੜ ਨੇ 1 ਅੰਕ ਬਟੋਰਿਆ ਅਤੇ ਗੁਰਦਿੱਤ ਦੀ ਕਾਰਗੁਜ਼ਾਰੀ ਵੀ ਚੰਗੀ ਰਹੀ।

ਇਸ ਦੌਰਾਨ ਕਬੱਡੀ ਪ੍ਰੇਮੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਵੱਲੋਂ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ‘ਚ ਦਰਸ਼ਕਾਂ ਦੇ ਬੈਠਣ ਸਮਰੱਥਾ ਵਧਾਉਣ ਅਤੇ ਇੱਥੇ ਫਲੱਡ ਲਾਇਟਾਂ ਲਗਾਉਣ ਦੇ ਕੀਤੇ ਗਏ ਐਲਾਨ ‘ਤੇ ਬਹੁਤ ਜਲਦ ਅਮਲ ਸ਼ੁਰੂ ਹੋ ਜਾਵੇਗਾ। ਸ. ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਸੂਬੇ ‘ਚ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਾਜ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ 2010 ‘ਚ ਖੇਡਾਂ ਸਬੰਧੀ ਵਿਸਥਾਰਤ ਨੀਤੀ ਬਣਾਈ ਅਤੇ ਖਿਡਾਰੀਆਂ ਨੂੰ ਖੇਡਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਖੇਡਾਂ ਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ।

ਰਾਜ ਸਭਾ ਮੈਂਬਰ ਨੇ ਕਿਹਾ ਕਿ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ 7.54 ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ ਅਤੇ ਸਰਕਾਰੀ ਨੌਕਰੀਆਂ ਲਈ 3 ਫੀਸਦੀ ਕੋਟਾ ਖਿਡਾਰੀਆਂ ਲਈ ਰਾਖਵਾਂ ਰੱਖਿਆ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਨੇ ਗਰੁੱਪ-ਏ ਦੀਆ 10 ਆਸਾਮੀਆਂ ਕੌਮਾਂਤਰੀ ਪੱਧਰ ਦੇ ਤਗਮੇ ਜੇਤੂ ਖਿਡਾਰੀਆਂ ਲਈ ਸਥਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਨੂੰ ਜਿੱਥੇ ਸਰਕਾਰੀ ਨੌਕਰੀਆਂ ਦਿੱਤੀਆਂ ਉੱਥੇ ਹੀ ਕਰੋੜਾਂ ਰੁਪਏ ਦੇ ਇਨਾਮ ਵੀ ਦਿੱਤੇ ਹਨ।

ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਇਕੱਲੀ ਪੰਜਾਬ ‘ਚ ਖੇਡੀ ਜਾਣ ਵਾਲੀ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾ ਦਿੱਤਾ ਹੈ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਕਬੱਡੀ ਨੂੰ ਉਲੰਪਿਕ ‘ਚ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਰਾਸ਼ੀ ਇੱਕ ਲੱਖ ਤੋਂ ਵਧਾਕੇ ਦੋ ਲੱਖ ਰੁਪਏ ਕੀਤੀ ਅਤੇ 67 ਖਿਡਾਰੀਆਂ ਨੂੰ 1.34 ਕਰੋੜ ਰੁਪਏ ਦੇ ਨਗਦ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ।

ਸ. ਢੀਂਡਸਾ ਨੇ ਦੱਸਿਆ ਕਿ ਰਾਜ ‘ਚ 13 ਕੌਮਾਂਤਰੀ ਪੱਧਰ ਦੇ ਖੇਡ ਸਟੇਡੀਅਮਾਂ ਲਈ 200 ਕਰੋੜ ਰੁਪਿਆ ਖਰਚਿਆ ਗਿਆ ਤੇ ਐਸਟਰੋਟਰਫ ਲੱਗੇ 6 ਸਟੇਡੀਅਮ ਬਣਾਏ ਗਏ ਹਨ। ਇਸ ‘ਚ 10 ਮਲਟੀਪਰਪਜ ਖੇਡ ਸਟੇਡੀਅਮ ਅਤੇ ਛੇ ਹਾਕੀ ਦੇ ਅਤਿਆਧੁਨਿਕ ਖੇਡ ਤਿਆਰ ਕਰਨੇ ਵੀ ਸ਼ਾਮਲ ਹਨ। ਇਸੇ ਤਰਾਂ ਹੀ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਸ਼ਹੀਦ ਬਾਬਾ ਦੀਪ ਸਿੰਘ ਸੈਂਟਰ ਫਾਰ ਐਕਸੀਲੈਂਸ ਇਨ ਸਪੋਰਟਸ ਮੋਹਾਲੀ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ, ਜਿਸਦੇ ਚਾਰ ਰੀਜਨਲ ਕੈਂਪਸ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਹੋਣਗੇ।

ਇਸ ਦੌਰਾਨ ਮੁੱਖ ਸੰਸਦੀ ਸਕੱਤਰ ਬਾਬੂ ਸ੍ਰੀ ਪਰਕਾਸ਼ ਚੰਦ ਗਰਗ, ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਸ. ਇਕਬਾਲ ਸਿੰਘ, ਝੂੰਦਾਂ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਜਨਾਬ ਨੁਸਰਤ ਇਕਰਾਮ ਬੱਗੇ ਖਾਨ, ਸ੍ਰੀਮਤੀ ਹਰਜੀਤ ਕੌਰ ਢੀਂਡਸਾ, ਸ੍ਰੀਮਤੀ ਗਗਨਦੀਪ ਕੌਰ ਢੀਂਡਸਾ, ਜਨਾਬ ਇਜ਼ਹਾਰ ਆਲਮ, ਸ. ਸੁਖਵੰਤ ਸਿੰਘ ਸਰਾਉ, ਪੰਜਾਬ ਮੰਡੀ ਬੋਰਡ ਦੇ ਉਪ ਚੇਅਮਰੈਨ ਸ. ਰਵਿੰਦਰ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਸ. ਗੁਰਬਚਨ ਸਿੰਘ ਬਚੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਮਲਕੀਤ ਸਿੰਘ ਚੰਗਾਲ, ਸ. ਨਿਰਮਲ ਸਿੰਘ ਘਰਾਚੋਂ, ਸ. ਜੈਪਾਲ ਸਿੰਘ ਮੰਡੀਆਂ, ਸ. ਅਮਨਬੀਰ ਸਿੰਘ ਚੈਰੀ, ਸ੍ਰੀ ਵਿਸ਼ਾਲ ਗਰਗ, ਜਨਰਲ ਸਕੱਤਰ ਸ. ਰਾਜਿੰਦਰ ਸਿੰਘ ਕਾਂਝਲਾ, ਸਾਬਕਾ ਉਪ ਚੇਅਰਮੈਨ ਸ੍ਰੀ ਸਤਪਾਲ ਸਿੰਗਲਾ, ਕਰਨ ਘੁਮਾਣ ਕੈਨੇਡਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜੋਗੀ ਰਾਮ ਛਾਜਲੀ, ਜਨਰਲ ਸਕੱਤਰ ਬੀ.ਜੇ.ਪੀ. ਸ੍ਰੀ ਜਤਿੰਦਰ ਕਾਲੜਾ, ਸ੍ਰੀ ਵਰਿੰਦਰਪਾਲ ਸਿੰਘ ਟੀਟੂ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਜਥੇਦਾਰ ਰਘਬੀਰ ਸਿੰਘ ਜਖੇਪਲ, ਸ਼ਹਿਰੀ ਪ੍ਰਧਾਨ ਸ. ਮਨਿੰਦਰਪਾਲ ਸਿੰਘ ਬਰਾੜ, ਜ਼ਿਲ੍ਹਾ ਯੂਥ ਪ੍ਰਧਾਨ ਸ. ਸਤਗੁਰ ਸਿੰਘ ਨਮੋਲ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਵਿਰਕ, ਸ. ਚੰਦ ਸਿੰਘ ਚੱਠਾ, ਮੀਡੀਆ ਇੰਚਾਰਜ ਸ. ਗੁਰਮੀਤ ਸਿੰਘ ਜੌਹਲ, ਸ. ਜਸਵਿੰਦਰ ਸਿੰਘ ਲਾਲੀ, ਸ. ਗੁਰਲਾਲ ਸਿੰਘ ਫਤਹਿਗੜ੍ਹ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਡੀ.ਆਈ.ਜੀ. ਸ੍ਰੀ ਸ਼ਿਵੇ ਕੁਮਾਰ ਵਰਮਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਸ. ਦਲਮੇਘ ਸਿੰਘ ਖੱਟੜਾ, ਖੇਡ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਗਿੱਲ, ਡਾਇਰੈਕਟਰ ਟੂਰਨਾਮੈਂਟ ਐਸ.ਐਸ.ਪੀ. ਸ. ਸ਼ਿਵਦੇਵ ਸਿੰਘ, ਸਹਾਇਕ ਡਾਇਰੈਕਟਰ ਸ. ਰੁਪਿੰਦਰ ਸਿੰਘ ਰਵੀ, ਏ.ਡੀ.ਸੀ (ਜ) ਸ. ਪ੍ਰੀਤਮ ਸਿੰਘ ਜੌਹਲ, ਏ.ਡੀ.ਸੀ. (ਡੀ) ਸ. ਜਤਿੰਦਰ ਸਿੰਘ ਤੁੰਗ, ਐਸ.ਡੀ.ਐਮ. ਸ੍ਰੀਮਤੀ ਪੂਨਮਦੀਪ ਕੌਰ, ਡੀ.ਐਸ.ਓ. ਸ੍ਰੀ ਕੌਸ਼ਲ ਕੁਮਾਰ ਸ਼ਰਮਾ ਅਤੇ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਪੰਚ-ਸਰਪੰਚ ਤੇ ਕਬੱਡੀ ਪ੍ਰੇਮੀਆਂ ਦਾ ਵਿਸ਼ਾਲ ਇਕੱਠ ਮੌਜੂਦ ਸੀ।

Facebook Comment
Project by : XtremeStudioz