Close
Menu

ਵਰਵਰਾ ਰਾਓ ਸਣੇ ਪੰਜ ਖੱਬੇਪੱਖੀ ਬੁੱਧੀਜੀਵੀ ਗ੍ਰਿਫ਼ਤਾਰ

-- 29 August,2018

ਪੁਣੇ,ਮਹਾਰਾਸ਼ਟਰ ਪੁਲੀਸ ਨੇ ਅੱਜ ਵੱਖ ਵੱਖ ਰਾਜਾਂ ਵਿੱਚ ਛਾਪੇ ਮਾਰ ਕੇ ਪੰਜ ਉੱਘੇ ਖੱਬੇ ਪੱਖੀ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪੁਲੀਸ ਦੀ ਇਸ ਕਾਰਵਾਈ ਦੀ ਵੱਡੇ ਪੱਧਰ ’ਤੇ ਨਿਖੇਧੀ ਹੋ ਰਹੀ ਹੈ।
ਇਕ ਸੀਨੀਅਰ ਪੁਲੀਸ ਅਫ਼ਸਰ ਨੇ ਆਪਣੀ ਪਛਾਣ ਜ਼ਾਹਰ ਨਾ ਕਰਦਿਆਂ ਦੱਸਿਆ ਕਿ ਲਗਪਗ ਇਕੋ ਸਮੇਂ ਛਾਪੇ ਮਾਰ ਕੇ ਤੈਲਗੂ ਕਵੀ ਵਰਵਰਾ ਰਾਓ ਨੂੰ ਹੈਦਰਾਬਾਦ, ਸਮਾਜਕ ਕਾਰਕੁਨ ਵਰਨੌਨ ਗੌਂਜ਼ਾਲਵੇਜ਼ ਤੇ ਅਰੁਣ ਫਰੇਰਾ ਨੂੰ ਮੁੰਬਈ, ਟਰੇਡ ਯੂਨੀਅਨ ਕਾਰਕੁਨ ਸੁਧਾ ਭਾਰਦਵਾਜ ਨੂੰ ਫ਼ਰੀਦਾਬਾਦ ਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ 31 ਦਸੰਬਰ ਨੂੰ ਪੁਣੇ ਵਿੱਚ ‘ਐਲਗਰ ਪ੍ਰੀਸ਼ਦ’ ਨਾਮੀ ਜਥੇਬੰਦੀ ਵੱਲੋਂ ਕਰਵਾਏ ਗਏ ਕੋਰੇਗਾਓਂ ਭੀਮਾ ਪਿੰਡ ਵਿੱਚ ਸਮਾਗਮ ਦੌਰਾਨ ਹੋਈ ਹਿੰਸਾ ਦੀ ਜਾਂਚ ਦੇ ਸਿਲਸਿਲੇ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਸੁਰੱਖਿਆ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੁਝ ਹੋਰ ਹਸਤੀਆਂ ਨੂੰ ਮਾਰਨ ਦੀ ਯੋਜਨਾ ਬਾਰੇ ਪ੍ਰਾਪਤ ਹੋਈਆਂ ਦੋ ਚਿੱਠੀਆਂ ਵੀ ਿੲਸ ਕਾਰਵਾਈ ਦਾ ਕਾਰਨ ਬਣੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਮਾਓਵਾਦੀਆਂ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਹਨ ਜੋ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ।
ਜੂਨ ਮਹੀਨੇ ਦਲਿਤ ਕਾਰਕੁਨ ਸੁਧੀਰ ਧਾਵਲੇ ਨੂੰ ਮੁੰਬਈ ’ਚ ਉਸ ਦੇ ਘਰੋਂ ਜਦਕਿ ਵਕੀਲ ਸੁਰੇਂਦਰ ਗਾਡਲਿੰਗ, ਕਾਰਕੁਨ ਮਹੇਸ਼ ਰਾਓਤ ਤੇ ਸ਼ੋਮਾ ਸੇਨ ਨੂੰ ਨਾਗਪੁਰੋਂ ਤੇ ਰੋਨਾ ਵਿਲਸਨ ਨੂੰ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਨਾਗਰਿਕ ਹੱਕਾਂ ਦੇ ਕਾਰਕੁਨ ਗੌਤਮ ਨਵਲੱਖਾ ਜਿਸ ਨੂੰ ਮਹਾਰਾਸ਼ਟਰ ਪੁਲੀਸ ਵੱਲੋਂ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ, ਨੂੰ ਕੌਮੀ ਰਾਜਧਾਨੀ ਤੋਂ ਬਾਹਰ ਨਹੀਂ ਲਿਜਾਇਆ ਜਾਣਾ ਚਾਹੀਦਾ। ਹਾਈ ਕੋਰਟ ਨੇ ਕਿਹਾ ਕਿ ਨਵਲੱਖਾ ਨੂੰ ਪੁਲੀਸ ਪਹਿਰੇ ਤਹਿਤ ਉਸ ਦੇ ਘਰ ਵਿੱਚ ਹੀ ਰੱਖਿਆ ਜਾਵੇ ਅਤੇ ਉਸ ਨੂੰ ਸਿਰਫ ਆਪਣੇ ਵਕੀਲਾਂ ਨਾਲ ਮਿਲਣ ਦੀ ਆਗਿਆ ਹੋਵੇ। ਸ੍ਰੀ ਨਵਲੱਖਾ ਖ਼ਿਲਾਫ਼ ਪੁਲੀਸ ਦੇ ਕੇਸ ਬੁੱਧਵਾਰ ਸਵੇਰੇ ਸੁਣਵਾਈ ਹੋਵੇਗੀ।

ਇਸ ਦੌਰਾਨ, ਨਾਗਰਿਕ ਅਧਿਕਾਰਾਂ ਦੇ ਕਾਰਕੁਨਾਂ ਦੀ ਫੜੋ-ਫੜੀ ਦਾ ਬਹੁਤ ਸਾਰੇ ਵਕੀਲਾਂ, ਵਿਦਵਾਨਾਂ ਤੇ ਲੇਖਕਾਂ ਨੇ ਸਖ਼ਤ ਨਿਖੇਧੀ ਕੀਤੀ ਹੈ ਤੇ ਇਨ੍ਹਾਂ ਨੇ ਮਹਾਰਾਸ਼ਟਰ ਪੁਲੀਸ ਦੀ ਇਹ ਕਾਰਵਾਈ ਬਹੁਤ ਹੀ ਖ਼ੌਫਨਾਕ ਹੈ ਜਦਕਿ ਕੁਝ ਹਸਤੀਆਂ ਨੇ ਇਸ ਦੀ ਦੇਸ਼ ਅੰਦਰ ਅਣਐਲਾਨੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ।
ਪੁਰਸਕਾਰ ਜੇਤੂ ਲੇਖਕਾ ਅਰੁੰਧਤੀ ਰਾਏ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਇਸ ਗੱਲ ਦਾ ਸੰਕੇਤ ਹਨ ਕਿ ਸਰਕਾਰ ਨੂੰ ਆਪਣਾ ਫਤਵਾ ਖੁੱਸਣ ਦਾ ਡਰ ਹੈ ਤੇ ਇਹ ਘਬਰਾਈ ਹੋਈ ਹੈ। ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਹੱਕਾਂ ਦੇ ਕਾਰਕੁਨਾਂ ਤੇ ਬੁੱਧੀਜੀਵੀਆਂ ਨੂੰ ਬੇਸਿਰ ਪੈਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਵਕੀਲ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਸੀਪੀਆਈ-ਐਮ ਤੇ ਸੀਪੀਆਈ-ਐਮਐਲ (ਲਿਬਰੇਸ਼ਨ) ਨੇ ਵੀ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਘੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਇਸ ਕਾਰਵਾਈ ਨੂੰ ਬੇਹੱਦ ਖ਼ੌਫਨਾਕ ਕਰਾਰ ਦਿੰਦਿਆਂ ਮੰਗ ਕੀਤੀ ਕਿ ਸੁਪਰੀਮ ਕੋਰਟ ਤੁਰੰਤ ਦਖ਼ਲ ਦੇ ਕੇ ਆਜ਼ਾਦਾਨਾ ਆਵਾਜ਼ਾਂ ਨੂੰ ਦਬਾਉਣ ਤੇ ਸਤਾਉਣ ਦੀ ਇਸ ਕਾਰਵਾਈ ’ਤੇ ਲਗਾਮ ਲਾਵੇ।

Facebook Comment
Project by : XtremeStudioz