Close
Menu

ਵਾਅਦਿਆਂ ਦੀ ਗੋਲੀ ਦੇਣ ਵਾਲਿਆਂ ਨੂੰ ਗੋਲੀ ਦਾ ਡਰ

-- 04 April,2019

ਬਠਿੰਡਾ, ਜਦੋਂ ਹੁਣ ਚੋਣਾਂ ਦਾ ਪਿੜ ਭਖਿਆ ਹੈ ਤਾਂ ਲੀਡਰਾਂ ਨੇ ਬੁਲੇਟ ਪਰੂਫ਼ ਗੱਡੀਆਂ ਦਾ ਆਸਰਾ ਤੱਕਿਆ ਹੈ। ਭਾਸ਼ਣਾਂ ’ਚ ਸੇਕ ਕੱਢਣ ਵਾਲੇ ਨੇਤਾ ਹੁਣ ਲੋਕ ਸਭਾ ਚੋਣਾਂ ਮੌਕੇ ਭੈਅ ਖਾਣ ਲੱਗੇ ਹਨ। ਤਾਹੀਓਂ ਵੱਡੇ ਆਗੂਆਂ ਨੇ ਪ੍ਰਾਈਵੇਟ ਤੌਰ ’ਤੇ ਸੁਰੱਖਿਆ ਲਈ ਪਾਪੜ ਵੇਲਣੇ ਸ਼ੁਰੂ ਕੀਤੇ ਹਨ। ਬੁਲੇਟ ਪਰੂਫ਼ ਗੱਡੀਆਂ ਦੇ ਕਾਰੋਬਾਰ ਨੂੰ ਇਨ੍ਹਾਂ ਲੀਡਰਾਂ ਦੇ ਡਰ ਨੇ ਚਮਕਣ ਲਾ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਹੀ ਜੈਪੁਰ, ਕੋਟਾ, ਜਲੰਧਰ ਤੇ ਦਿੱਲੀ ਦੀਆਂ ਪ੍ਰਾਈਵੇਟ ਸਨਅਤਾਂ ਤੋਂ ਕਰੀਬ 100 ਵੱਡੇ ਲੀਡਰਾਂ ਨੇ ਬੁਲੇਟ ਪਰੂਫ਼ ਗੱਡੀਆਂ ਤਿਆਰ ਕਰਾਈਆਂ ਹਨ। ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਆਗੂਆਂ ਨੇ ਜਲੰਧਰ ਤੋਂ ਬੁਲੇਟ ਪਰੂਫ਼ ਵਾਹਨ ਤਿਆਰ ਕਰਾਏ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਜਲੰਧਰ ਦੀ ਪੁਰਾਣੀ ਲੱਗਰ ਇੰਡਸਟਰੀਜ਼ ਤੋਂ ਤਿੰਨ ਦਰਜਨ ਲੀਡਰਾਂ ਨੇ ਬੁਲੇਟ ਪਰੂਫ਼ ਵਾਹਨ ਤਿਆਰ ਕਰਾਏ ਹਨ ਜਿਨ੍ਹਾਂ ਦੀ ਚੋਣ ਪ੍ਰਚਾਰ ਵਿੱਚ ਵਰਤੋਂ ਹੋਣੀ ਹੈ। ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਲੀਡਰਾਂ ਨੇ ਇਹ ਵਾਹਨ ਜਲੰਧਰ ਤੋਂ ਬੁਲੇਟ ਪਰੂਫ਼ ਕਰਾਏ ਹਨ। ਜਲੰਧਰ ਦੀ ਇਸ ਫੈਕਟਰੀ ਵਿਚ ਕਰੀਬ ਇੱਕ ਸਾਲ ਪਹਿਲਾਂ ਹੀ ਲੀਡਰਾਂ ਨੇ ਆਪਣੀਆਂ ਐੱਸਯੂਵੀ ਗੱਡੀਆਂ ਭੇਜ ਦਿੱਤੀਆਂ ਸਨ। ਗੱਡੀ ਨੂੰ ਬੁਲੇਟ ਪਰੂਫ਼ ਕਰਾਉਣ ਲਈ 6 ਤੋਂ 40 ਲੱਖ ਤੱਕ ਦਾ ਖਰਚਾ ਆਉਂਦਾ ਹੈ। ਸਿਆਸੀ ਆਗੂ ਲੈਂਡ ਕਰੂਜ਼ਰ, ਟੋਇਟਾ ਫਾਰਚੂਨਰ, ਇਨੋਵਾ, ਐਂਡੇਵਰ ਆਦਿ ਗੱਡੀਆਂ ਬੁਲੇਟ ਪਰੂਫ਼ ਕਰਾ ਰਹੇ ਹਨ। ਇਨ੍ਹਾਂ ਸਨਅਤਾਂ ’ਚ ਸਾਲ ਭਰ ਤੋਂ ਕਾਫ਼ੀ ਭੀੜ ਹੈ।

ਜਲੰਧਰ ਦੇ ਕਾਰੋਬਾਰੀ ਸੰਚਿਤ ਸੋਬਤੀ (ਲੱਗਰ ਇੰਡਸਟਰੀਜ਼) ਨੇ ਦੱਸਿਆ ਕਿ ਉਹ ਹੁਣ ਤੱਕ ਦੂਜੇ ਸੂਬਿਆਂ ਦੇ ਸਿਆਸੀ ਲੋਕਾਂ ਨੂੰ ਕਰੀਬ 32 ਗੱਡੀਆਂ ਬੁਲੇਟ ਪਰੂਫ਼ ਬਣਾ ਕੇ ਸਪਲਾਈ ਕਰ ਚੁੱਕੇ ਹਨ ਜਦਕਿ ਚਾਰ ਕੁ ਗੱਡੀਆਂ ਦੀ ਡਲਿਵਰੀ ਬਾਕੀ ਹੈ। ਉੁਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਕਰੀਬ ਸਾਲ ਪਹਿਲਾਂ ਹੀ ਬੁਲੇਟ ਪਰੂਫ਼ ਗੱਡੀਆਂ ਦੇ ਆਰਡਰ ਆ ਗਏ ਸਨ। ਉਨ੍ਹਾਂ ਦੱਸਿਆ ਕਿ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਲੋਕ ਵੀ ਬੁਲੇਟ ਪਰੂਫ਼ ਗੱਡੀਆਂ ਬਣਾ ਰਹੇ ਹਨ। ਪਤਾ ਲੱਗਾ ਹੈ ਕਿ ਕੇਂਦਰੀ ਵਜ਼ੀਰਾਂ ਤੇ ਸਾਬਕਾ ਮੰਤਰੀਆਂ ਤੋਂ ਇਲਾਵਾ ਮੌਜੂਦਾ ਸੰਸਦ ਮੈਂਬਰਾਂ ਨੇ ਵੀ ਇਹ ਵਾਹਨ ਤਿਆਰ ਕਰਾਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਬੁਲੇਟ ਪਰੂਫ਼ ਵਾਹਨ ਵਰਤ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਨਵਜੋਤ ਸਿੱਧੂ ਨੂੰ ਵੀ ਬੁਲੇਟ ਪਰੂਫ਼ ਲੈਂਡ ਕਰੂਜ਼ਰ ਮਿਲੀ ਹੈ। ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਬੁਲੇਟ ਪਰੂਫ਼ ਗੱਡੀ ਦੀ ਪ੍ਰਵਾਨਗੀ ਮਿਲ ਗਈ ਹੈ। ਡੇਰਾ ਸਿਰਸਾ ਦੇ ਰਿਸ਼ਤੇਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲ ਵੀ ਬੁਲੇਟ ਪਰੂਫ਼ ਗੱਡੀ ਹੈ।

ਸਰਕਾਰੀ ਸਪਲਾਈ ਦੇ ਰਹੇ ਹਾਂ
ਜੀਸੀਬੀਐੱਲ ਕੰਪਨੀ (ਲਾਲੜੂ ਪਲਾਂਟ) ਦੇ ਮੁੱਖ ਕਾਰਜਕਾਰੀ ਅਫਸਰ ਆਰ ਦੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁੱਖ ਕਾਰੋਬਾਰ ਸਰਕਾਰੀ ਵਾਹਨਾਂ ਦਾ ਹੈ ਅਤੇ ਹਰ ਸਾਲ ਉਹ ਔਸਤਨ 70 ਤੋਂ 80 ਸਰਕਾਰੀ ਵਾਹਨਾਂ ਨੂੰ ਬੁਲੇਟ ਪਰੂਫ ਕਰਦੇ ਹਨ। ਉਨ੍ਹਾਂ ਦੇ ਪਲਾਂਟ ਦੀ ਸਮਰੱਥਾ ਕਰੀਬ ਇੱਕ ਹਜ਼ਾਰ ਗੱਡੀਆਂ ਦੀ ਹੈ। ਚੋਣਾਂ ਦਾ ਬਹੁਤਾ ਲੋਡ ਉਨ੍ਹਾਂ ’ਤੇ ਨਹੀਂ ਹੈ ਪਰ ਬੁਲੇਟ ਪਰੂਫ ਗੱਡੀਆਂ ਦੀ ਸਰਕਾਰੀ ਸਪਲਾਈ ਕਾਫੀ ਸੂਬਿਆਂ ਨੂੰ ਦਿੱਤੀ ਗਈ ਹੈ। ਉਨ੍ਹਾਂ ਸਾਲ 2016 ਵਿੱਚ ਪੰਜਾਬ ਸਰਕਾਰ ਨੂੰ ਵੀ ਬੁਲੇਟ ਪਰੂਫ ਲੈਂਡ ਕਰੂਜ਼ਰ ਦੀ ਸਪਲਾਈ ਦਿੱਤੀ ਸੀ।

ਚੋਣ ਕਮਿਸ਼ਨ ਦੀ ਵਾਹਨਾਂ ’ਤੇ ਅੱਖ
ਚੋਣ ਕਮਿਸ਼ਨ ਦੀ ਨਜ਼ਰ ਵੀ ਇਨ੍ਹਾਂ ਬੁਲੇਟ ਪਰੂਫ਼ ਵਾਹਨ ’ਤੇ ਟਿਕੀ ਹੋਈ ਹੈ। ਪਤਾ ਲੱਗਾ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਜੋ ਵੀ ਬੁਲੇਟ ਪਰੂਫ਼ ਵਾਹਨ ਚੋਣ ਪ੍ਰਚਾਰ ’ਚ ਵਰਤੇ ਜਾਣਗੇ, ਉਨ੍ਹਾਂ ਦੇ ਖਰਚੇ ਦੇ ਬਿੱਲ ਉਮੀਦਵਾਰਾਂ ਜਾਂ ਸਬੰਧਤ ਲੀਡਰਾਂ ਦੀ ਪਾਰਟੀ ਨੂੰ ਭੇਜੇ ਜਾਣਗੇ।

Facebook Comment
Project by : XtremeStudioz