Close
Menu

ਵਾਇਨਾਡ ’ਚ ਝੂਠੇ ਵਾਅਦੇ ਕਰਨ ਨਹੀਂ ਆਇਆ: ਰਾਹੁਲ

-- 18 April,2019

ਸੁਲਤਾਨ ਬਾਥੇਰੀ (ਕੇਰਲਾ), 18 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਵਾਇਨਾਡ ਸੰਸਦੀ ਹਲਕੇ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਮਨ ਦੀ ਗੱਲ ਸੁਣ ਕੇ ਉਹ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਵਚਨਬੱਧ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਉਹ ਇਥੇ ਆਪਣੇ ‘ਮਨ ਕੀ ਬਾਤ’ ਕਰਨ ਲਈ ਨਹੀਂ ਆਏ ਹਨ ਸਗੋਂ ਲੋਕਾਂ ਦੀਆਂ ਮੁਸ਼ਕਲਾਂ ਜਿਵੇਂ ਰਾਤ ਵੇਲੇ ਸਫ਼ਰ ਕਰਨ ’ਤੇ ਪਾਬੰਦੀ, ਮਨੁੱਖ-ਪਸ਼ੂ ਸੰਘਰਸ਼ ਅਤੇ ਮੈਡੀਕਲ ਸਹੂਲਤਾਂ ਦੀ ਘਾਟ ਆਦਿ ਨੂੰ ਸਮਝਣ ਲਈ ਆਏ ਹਨ। ਰੈਲੀ ’ਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ ਮੈਂ ਪ੍ਰਧਾਨ ਮੰਤਰੀ ਵਾਂਗ ਨਹੀਂ ਹਾਂ। ਇਥੇ ਇਹ ਆਖਣ ਲਈ ਨਹੀਂ ਆਇਆ ਕਿ ਮੈਂ ਤੁਹਾਨੂੰ ਦੋ ਕਰੋੜ ਨੌਕਰੀਆਂ ਦੇਵਾਂਗਾ। ਤੁਹਾਡੇ ਖਾਤਿਆਂ ’ਚ 15-15 ਲੱਖ ਰੁਪਏ ਆਉਣਗੇ। ਕਿਸਾਨਾਂ ਨੂੰ ਜੋ ਕੁਝ ਚਾਹੀਦਾ ਹੈ, ਉਹ ਸਭ ਦੇਵਾਂਗਾ। ਮੈਂ ਝੂਠ ਨਹੀਂ ਬੋਲਾਂਗਾ।’’ ਉਨ੍ਹਾਂ ਕਿਹਾ ਕਿ ਉਹ ਸਿਰਫ਼ ਕੁਝ ਮਹੀਨਿਆਂ ਦਾ ਨਹੀਂ ਸਗੋਂ ਉਮਰ ਭਰ ਦਾ ਰਿਸ਼ਤਾ ਚਾਹੁੰਦੇ ਹਨ। ‘ਵਾਇਨਾਡ ਦੀਆਂ ਭੈਣਾਂ ਆਖਣ ਕਿ ਮੈਂ ਉਨ੍ਹਾਂ ਦੇ ਭਰਾ ਵਰਗਾ ਹਾਂ, ਮਾਪੇ ਆਖਣ ਕਿ ਮੈਂ ਉਨ੍ਹਾਂ ਦਾ ਪੁੱਤਰ ਹਾਂ।’ ਇਸ ਤੋਂ ਪਹਿਲਾਂ ਕੰਨੂਰ ’ਚ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਮੁਲਕ ਨੂੰ ‘ਵੰਡ’ ਕੇ ਦੇਸ਼ ਦੇ ਲੋਕਾਂ ਨੂੰ ਆਪਸ ’ਚ ਹੀ ਲੜਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਵਧਦੀ ਬੇਰੁਜ਼ਗਾਰੀ, ਕਿਸਾਨਾਂ ਵੱਲੋਂ ਖੁਦਕੁਸ਼ੀਆਂ ਅਤੇ ਰਾਫ਼ਾਲ ਸੌਦੇ ਤਹਿਤ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੇਣ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ।

Facebook Comment
Project by : XtremeStudioz