Close
Menu

ਵਾਜਪਾਈ ਮੋਦੀ ਨੂੰ ਕੱਢਣਾ ਚਾਹੁੰਦੇ ਸਨ ਪਰ ਅਡਵਾਨੀ ਅੜੇ: ਸਿਨਹਾ

-- 11 May,2019

ਭੁਪਾਲ, 11 ਮਈ
ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨਹਾ ਨੇ ਦਾਅਵਾ ਕੀਤਾ ਹੈ ਕਿ ਸਾਲ 2002 ਵਿੱਚ ਗੁਜਰਾਤ ਦੇ ਗੋਧਰਾ ਦੰਗਿਆਂ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਨਰਿੰਦਰ ਮੋਦੀ ਜੋ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਲੈ ਲਿਆ ਸੀ ਪਰ ਇਹ ਫੈਸਲਾ ਤਤਕਾਲੀ ਗ੍ਰਹਿ ਮੰਤਰੀ ਐੱਲ ਕੇ ਅਡਵਾਨੀ ਨੇ ਰੋਕ ਲਿਆ ਕਿਉਂਕਿ ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੀ ਧਮਕੀ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸ੍ਰੀ ਸਿਨਹਾ ਵੀ ਵਾਜਪਾਈ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਸਨ।
ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਥੇ ਦੱਸਿਆ ਕਿ ਗੋਆ ਵਿੱਚ 2002 ਵਿੱਚ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਅਟਲ ਜੀ ਨੇ ਆਪਣਾ ਮਨ ਬਣਾ ਲਿਆ ਸੀ ਕਿ ਜੇ ਨਰਿੰਦਰ ਮੋਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ ਤਾਂ ਗੁਜਰਾਤ ਸਰਕਾਰ ਨੂੰ ਬਰਤਰਫ਼ ਕਰ ਦਿੱਤਾ ਜਾਵੇ। ਮੇਰੀ ਜਾਣਕਾਰੀ ਅਨੁਸਾਰ ਇਹ ਫੈਸਲਾ ਪਾਰਟੀ ਦਾ ਅੰਦਰੂਨੀ ਫੈਸਲਾ ਸੀ ਅਤੇ ਅਡਵਾਨੀ ਜੀ ਨੇ ਮੋਦੀ ਸਰਕਾਰ ਨੂੰ ਬਰਤਰਫ਼ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਅਟਲ ਜੀ ਨੂੰ ਕਿਹਾ ਸੀ ਕਿ ਜੇ ਮੋਦੀ ਜੀ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਸਰਕਾਰ ਤੋਂ ਅਸਤੀਫ਼ਾ ਦੇ ਦੇਣਗੇ। ਇਸ ਤਰ੍ਹਾਂ ਅਟਲ ਜੀ ਨੇ ਮਨ ਬਦਲ ਲਿਆ ਤੇ ਮੋਦੀ ਜੀ ਬਰਕਰਾਰ ਰਹਿ ਗਏ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਨਹਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਜੰਗੀ ਬੇੜੇ ਆਈਐੱਨਐੱਸ ਵਿਰਾਟ ਦੀ ਕੀਤੀ ਕਥਿਤ ਦੁਰਵਰਤੋਂ ਦੇ ਮੋਦੀ ਵੱਲੋਂ ਲਾਏ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਕਿਹਾ ਕਿ ਇਸ ਬਾਰੇ ਜਲ ਸੈਨਾ ਅਧਿਕਾਰੀਆਂ ਦਾ ਬਿਆਨ ਆ ਚੁੱਕਾ ਹੈ ਅਤੇ ਝੂਠ ਬੋਲਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।

Facebook Comment
Project by : XtremeStudioz