Close
Menu

ਵਾਰਨਰ ਤੋਂ ਬਿਨਾਂ ਉਤਰੇਗਾ ਸਨਰਾਈਜ਼ਰਜ਼ ਹੈਦਰਾਬਾਦ

-- 02 May,2019

ਮੁੰਬਈ, 2 ਮਈ
ਬੱਲੇਬਾਜ਼ੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਆਸਟਰੇਲਿਆਈ ਖਿਡਾਰੀ ਡੇਵਿਡ ਵਾਰਨਰ ਹੁਣ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਨਹੀਂ ਹੋਵੇਗਾ, ਜੋ ਵੀਰਵਾਰ ਨੂੰ ਇੱਥੇ ਹੋਣ ਵਾਲੇ ਅਹਿਮ ਆਈਪੀਐਲ ਮੈਚ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਉਤਰੇਗੀ। ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਇਸ ਵਿੱਚ ਜਿੱਤਣ ਵਾਲੀ ਟੀਮ ਦੀ ਪਲੇਅ-ਆਫ ਵਿੱਚ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ, ਜਦਕਿ ਹਾਰਨ ਵਾਲੀ ਟੀਮ ਬਾਹਰ ਹੋਣ ਕਿਨਾਰੇ ਪਹੁੰਚ ਜਾਵੇਗੀ।
ਚੇਨੱਈ ਸੁਪਰਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਨੇ ਪਲੇਅ-ਆਫ ਵਿੱਚ ਆਪਣੀ ਥਾਂ ਪਹਿਲਾਂ ਹੀ ਬਣਾ ਲਈ ਹੈ, ਜਦਕਿ ਹੋਰ ਦੋ ਸਥਾਨਾਂ ਬਾਰੇ ਫ਼ੈਸਲਾ ਹਾਲੇ ਹੋਣਾ ਹੈ। ਇਸ ਸਮੇਂ ਮੁੰਬਈ ਇੰਡੀਅਨਜ਼ ਦੀ ਟੀਮ 12 ਮੈਚਾਂ ਵਿੱਚ 14 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਹੈਦਰਾਬਾਦ ਇੰਨ੍ਹੇ ਹੀ ਮੈਚਾਂ ਵਿੱਚ 12 ਅੰਕ ਨਾਲ ਚੌਥੇ ਨੰਬਰ ’ਤੇ ਹੈ। ਜੇਕਰ ਮੁੰਬਈ ਕੱਲ੍ਹ ਜਿੱਤ ਜਾਂਦੀ ਹੈ ਤਾਂ ਉਹ ਪਲੇਅ-ਆਫ ਲਈ ਕੁਆਲੀਫਾਈ ਕਰ ਲਵੇਗੀ, ਜਦਕਿ ਹੈਦਰਾਬਾਦ ਦੇ ਇਸ ਵਿੱਚ ਜਿੱਤ ਨਾਲ 14 ਅੰਕ ਹੋ ਜਾਣਗੇ ਅਤੇ ਦੋਵਾਂ ਟੀਮਾਂ ਦੇ ਬਰਾਬਰ ਅੰਕ ਹੋਣਗੇ, ਜਿਸ ਕਾਰਨ ਉਸ ਨੂੰ ਆਪਣੀ ਕਿਸਮਤ ਲਈ ਸਮੀਕਰਨ ਦੇ ਜੋੜ-ਤੋੜ ’ਤੇ ਨਜ਼ਰ ਰੱਖਣੀ ਪਵੇਗੀ। ਵਾਰਨਰ ਨੇ 12 ਮੈਚਾਂ ਵਿੱਚ 692 ਦੌੜਾਂ ਬਣਾਈਆਂ ਹਨ ਅਤੇ ਉਹ ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਕੌਮੀ ਟੀਮ ਦੇ ਕੈਂਪ ਵਿੱਚ ਸ਼ਾਮਲ ਹੋਣ ਲਈ ਸਵਦੇਸ਼ ਪਰਤ ਗਿਆ ਹੈ।
ਉਸ ਦੇ ਜਾਣ ਨਾਲ ਟੀਮ ਵਿੱਚ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨ ਦੀ ਜ਼ਿੰਮਵਾਰੀ ਕਪਤਾਨ ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਹਰਫ਼ਨਮੌਲਾ ਵਿਜੈ ਸ਼ੰਕਰ ਅਤੇ ਵਾਪਸੀ ਕਰਨ ਵਾਲੇ ਰਿਧੀਮਾਨ ਸਾਹਾ ਨੂੰ ਸੰਭਾਲਣੀ ਹੋਵੇਗੀ।
ਮੁੰਬਈ ਦੇ ਸੀਨੀਅਰ ਕ੍ਰਮ ਵਿੱਚ ਦੱਖਣੀ ਅਫਰੀਕਾ ਦਾ ਕਵਿੰਟਨ ਡੀ ਕਾਕ (393 ਦੌੜਾਂ) ਅਤੇ ਕਪਤਾਨ ਰੋਹਿਤ ਸ਼ਰਮਾ (307 ਦੌੜਾਂ) ਵਧੀਆ ਖੇਡ ਰਹੇ ਹਨ। ਉਸ ਕੋਲ ਹਰਫ਼ਨਮੌਲਾ ਹਾਰਦਿਕ ਪਾਂਡਿਆ (355 ਦੌੜਾਂ) ਅਤੇ ਵੈਸਟ ਇੰਡੀਜ਼ ਦੇ ਕੀਰੇਨ ਪੋਲਾਰਡ (228 ਦੌੜਾਂ) ਵਜੋਂ ਤੂਫ਼ਾਨੀ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਮੌਜੂਦ ਹਨ। ਇਹ ਖਿਡਾਰੀ ਆਖ਼ਰੀ ਓਵਰਾਂ ਵਿੱਚ ਗੇਂਦਬਾਜ਼ਾਂ ਨੂੰ ਚੰਗਾ ਨਿਸ਼ਾਨਾ ਬਣਾਉਂਦੇ ਹਨ। ਸੂਰਿਆ ਕੁਮਾਰ ਯਾਦਵ ਅਤੇ ਕਰੁਣਾਲ ਪਾਂਡਿਆ ਨੂੰ ਹੈਦਰਾਬਾਦ ਖ਼ਿਲਾਫ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣਾ ਹੋਵੇਗਾ। ਸਨਰਾਈਜ਼ਰਜ਼ ਟੀਮ ਵਿੱਚ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ (14 ਵਿਕਟਾਂ) ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਹੈਦਰਾਬਾਦ ਦੇ ਗੇਂਦਬਾਜ਼ੀ ਹਮਲੇ ਵਿੱਚ ਸੰਦੀਪ ਸ਼ਰਮਾ (12 ਵਿਕਟਾਂ), ਖਲੀਲ ਅਹਿਮਦ (11 ਵਿਕਟਾਂ) ਅਤੇ ਅਨੁਭਵੀ ਭੁਵਨੇਸ਼ਵਰ ਕੁਮਾਰ (ਅੱਠ ਵਿਕਟਾਂ) ਤੋਂ ਇਲਾਵਾ ਦੋ ਸਪਿੰਨਰ ਰਾਸ਼ਿਦ ਅਤੇ ਮੁਹੰਮਦ ਨਬੀ ਮੌਜੂਦ ਹਨ।

Facebook Comment
Project by : XtremeStudioz