Close
Menu

ਵਿਆਪਮ ਘੁਟਾਲਾ ਮਾਮਲੇ ‘ਚ 36ਵੀਂ ਮੌਤ ਦਾ ਹੋਇਆ ਖੁਲਾਸਾ

-- 09 July,2015

ਨਵੀਂ ਦਿੱਲੀ, 9 ਜੁਲਾਈ – ਵਿਆਪਮ ਘੁਟਾਲੇ ‘ਚ ਹੁਣ ਤੱਕ 36ਵੀਂ ਮੌਤ ਦਾ ਖੁਲਾਸਾ ਹੋਇਆ ਹੈ। ਦਰਅਸਲ ਇਸ ਮਾਮਲੇ ‘ਚ ਗਵਾਹ ਬਣੇ ਸਿਪਾਹੀ ਸੰਜੈ ਯਾਦਵ ਦੀ ਦੋ ਮਹੀਨੇ ਪਹਿਲਾ ਮੌਤ ਹੋ ਗਈ ਸੀ। ਇਹ ਜਾਣਕਾਰੀ ਐਸ.ਟੀ.ਐਫ. ਨੇ ਅਦਾਲਤ ‘ਚ ਦਿੱਤੀ ਹੈ। ਦਰਅਸਲ, ਉਤਰ ਪ੍ਰਦੇਸ਼ ਦੇ ਰਹਿਣ ਵਾਲੇ 36 ਸਾਲਾਂ ਸੰਜੈ ਯਾਦਵ ‘ਤੇ ਇਹ ਦੋਸ਼ ਸੀ ਕਿ ਉਸ ਨੇ ਪੁਲਿਸ ਅਕਾਦਮੀ ਤੋਂ ਤਿੰਨ ਸਿਪਾਹੀਆਂ ਨੂੰ ਭਜਾਉਣ ‘ਚ ਮਦਦ ਕੀਤੀ ਸੀ। ਇਸ ਘੁਟਾਲੇ ਦੀ ਜਾਂਚ ਕਰ ਰਹੀ ਟੀਮ ਦੀ ਨਿਗਰਾਨੀ ਕਰਨ ਵਾਲੇ ਜਸਟਿਸ ਚੰਦਰੇਸ਼ ਭੂਸ਼ਨ ਨੇ ਕਿਹਾ ਕਿ ਇਸ ਘੁਟਾਲੇ ਨਾਲ ਸਬੰਧਤ ਮੌਤਾਂ ਦੀ ਗਿਣਤੀ ਹੈਰਾਨ ਕਰਨ ਵਾਲੀਆਂ ਹਨ ਪਰ ਉਨ੍ਹਾਂ ਨੇ ਕਿਹਾ ਕਿ ਘੁਟਾਲੇ ਦੀ ਜਾਂਚ ਕਰ ਰਹੀ ਐਸ.ਟੀ.ਐਫ. ਟੀਮ ਨੂੰ ਕੋਈ ਅਜਿਹਾ ਕਾਰਨ ਨਹੀਂ ਮਿਲਿਆ ਹੈ ਕਿ ਜਿਸ ਨਾਲ ਇਹ ਸਿੱਧ ਹੋ ਸਕੇ ਕਿ 2012 ਤੋਂ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਉਨ੍ਹਾਂ ਦੀਆਂ ਮੌਤਾਂ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਨਾਲ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਕਿ ਵਿਰੋਧੀ ਧਿਰ ਕਾਂਗਰਸ ਦਾ ਦੋਸ਼ ਹੈ। ਇਸ ਘੁਟਾਲੇ ਦੇ ਸਿਲਸਿਲੇ ‘ਚ 2013 ਤੋਂ ਹੁਣ ਤੱਕ ਕਰੀਬ 2 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਬਹੁਚਰਚਿਤ ਘੁਟਾਲੇ ‘ਚ ਹਜ਼ਾਰਾਂ ਲੋਕਾਂ ਨੇ ਕਥਿਤ ਤੌਰ ‘ਤੇ ਰਿਸ਼ਵਤ ਦੇ ਕੇ ਨੌਕਰੀ ਹਾਸਲ ਕੀਤੀ ਸੀ।

Facebook Comment
Project by : XtremeStudioz