Close
Menu

ਵਿਕਟੋਰੀਆ ਸੰਸਦੀ ਚੋਣਾਂ ’ਚ ਲੇਬਰ ਪਾਰਟੀ ਮੁੜ ਜਿੱਤੀ

-- 27 November,2018

ਮੈਲਬਰਨ, 27 ਨਵੰਬਰ
ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ 59ਵੀਂ ਸੰਸਦ ਲਈ ਹੋਈਆਂ ਚੋਣਾਂ ’ਚ ਲੇਬਰ ਪਾਰਟੀ ਨੇ ਦੁਬਾਰਾ ਜਿੱਤ ਹਾਸਲ ਕਰ ਲਈ ਹੈ।  ਮੁੱਖ ਵਿਰੋਧੀ ਧਿਰ ਲਿਬਰਲ ਪਾਰਟੀ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਮੁੜ ਸੱਤਾ ਹਾਸਲ ਕਰਨ ਵਾਲੀ ਲੇਬਰ ਪਾਰਟੀ ਨੂੰ ਖ਼ਬਰ ਲਿਖੇ ਜਾਣ ਤੱਕ ਕੁੱਲ 88 ਸੀਟਾਂ ’ਚੋਂ 51 ਸੀਟਾਂ ਹਾਸਲ ਹੋਈਆਂ ਸਨ। ਜਦਕਿ ਲਿਬਰਲ ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 11 ਸੀਟਾਂ ’ਤੇ ਨਤੀਜੇ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਮੈਲਬਰਨ ਸ਼ਹਿਰ ਦੀ ਇੱਕ ਸੀਟ ਗਰੀਨਜ਼ ਪਾਰਟੀ ਦੇ ਹਿੱਸੇ ਆਈ ਹੈ ਜਦਕਿ ਖੇਤਰੀ ਇਲਾਕਿਆਂ ’ਚੋਂ ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਸੰਨ 2002 ਤੋਂ ਬਾਅਦ ਐਨੇ ਵੱਡੇ ਫਰਕ ਨਾਲ ਸੂਬੇ ’ਚ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੀ ਲੇਬਰ ਪਾਰਟੀ ਇਸ ਜਿੱਤ ਨੂੰ ਅਗਲੀਆਂ ਆਮ ਚੋਣਾਂ ਲਈ ਸ਼ੁਭ ਸੰਕੇਤ ਦੱਸ ਰਹੀ ਹੈ। ਲਿਬਰਲ ਪਾਰਟੀ ਦੀ ਹਾਰ ਦਾ ਕਾਰਨ ਕੇਂਦਰੀ ਪੱਧਰ ’ਤੇ ਆਪਸੀ ਖਿੱਚੋਤਾਣ ਨੂੰ ਦੱਸਿਆ ਜਾ ਰਿਹਾ ਹੈ।
ਇਨ੍ਹਾਂ ਚੋਣਾਂ ’ਚ ਭਾਵੇਂ ਕੋਈ ਵੀ ਪੰਜਾਬੀ ਮੂਲ ਦਾ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ, ਪਰ ਕਈ ਹਲਕਿਆਂ ਵਿਚ ਵੋਟ ਫੀਸਦ ’ਚ ਪਹਿਲਾਂ ਨਾਲੋਂ ਫ਼ਰਕ ਦੇਖਣ ਨੂੰ ਮਿਲਿਆ ਹੈ।
ਸ਼ਹਿਰ ਨੇੜਲੇ ਫ਼ੌਰੈਸਟ ਹਿੱਲ ਤੋੰ ਭਾਰਤੀ ਮੂਲ ਦੇ ਮਨੋਜ ਕੁਮਾਰ ਅਤੇ ਲਿਬਰਲ ਪਾਰਟੀ ਦੇ ਜੇਤੂ ਉਮੀਦਵਾਰ ’ਚ ਫ਼ਸਵਾਂ ਮੁਕਾਬਲਾ ਰਿਹਾ। ਮਨੋਜ ਕੁਮਾਰ ਨੂੰ 13,710 ਵੋਟਾਂ ਮਿਲੀਆਂ ਤੇ ਉਹ 1,012 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਮੈਥਿਊ ਗਾਏ ਨੇ ਹਾਰ ਕਬੂਲਦਿਆਂ ਪਾਰਟੀ ’ਚ ਇਕਜੁੱਟਤਾ ਅਤੇ ਮਜ਼ਬੂਤ ਵਿਰੋਧੀ ਧਿਰ ਵੱਜੋੰ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ। ਸੂਬੇ ਦੇ ਦੁਬਾਰਾ ਬਣਨ ਵਾਲੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਲੋਕਾਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz