Close
Menu

ਵਿਕਰੇਤਾ ਨਹੀਂ ਨਿਰਮਾਤਾ ਠਹਿਰਾਏ ਜਾਣਗੇ ਖੇਤੀ ਵਸਤਾਂ ‘ਚ ਮਿਲਾਵਟ ਦੇ ਜਿੰਮੇਵਾਰ – ਸੁਖਬੀਰ

-- 18 February,2014

6ਸਮਾਣਾ ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖੇਤੀ ਵਸਤਾਂ, ਖਾਦਾਂ, ਬੀਜਾਂ ਤੇ ਹੋਰ ਵਸਤਾਂ ਆਦਿ ‘ਚ ਮਿਲਾਵਟ ਖੋਰੀ ਸਬੰਧੀ ਪ੍ਰਚੂਨ ਵਪਾਰੀਆਂ ਨੂੰ ਰਾਹਤ ਦੇਣ ਲਈ ਛੇਤੀ ਹੀ ਇੱਕ ਅਜਿਹੀ ਨੀਤੀ ਲਿਆ ਰਹੀ ਹੈ ਜਿਸ ਨਾਲ ਮਿਲਾਵਟ ਖੋਰੀ ਲਈ ਪ੍ਰਚੂਨ ਵਿਕਰੇਤਾ ਨਹੀਂ ਬਲਕਿ ਮਿਲਾਵਟ ਵਾਲੀਆਂ ਵਸਤਾਂ ਦੇ ਸਾਮਾਨ ਦੇ ਨਿਰਮਾਤਾ ਹੀ ਇਸ ਲਈ ਜਿੰਮੇਵਾਰ ਠਹਿਰਾਏ ਜਾਣਗੇ। ਸ. ਬਾਦਲ ਅੱਜ ਸਮਾਣਾ ਵਿਖੇ ਪਟਿਆਲਾ, ਸੰਗਰੂਰ, ਮਾਨਸਾ, ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵਪਾਰੀਆਂ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਸਕੀਮ ‘ਵਪਾਰੀਆਂ ਲਈ ਰਾਹਤ ਸਕੀਮ’ ਸ਼ੁਰੂ ਕਰਨ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪ੍ਰਚੂਨ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਮਿਲਾਵਟਖੋਰੀ ਤੋਂ ਕਿਸਾਨਾਂ ਦਾ ਵੀ ਬਚਾ ਹੋਵੇਗਾ।

ਪੰਜ ਜ਼ਿਲ੍ਹਿਆਂ ਦੇ ਵਪਾਰੀਆਂ ਅਤੇ ਆਮ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ਾਂ ‘ਚ ਜਾ ਕੇ ਵੇਖਿਆ ਕਿ ਵਪਾਰੀਆਂ ਨੂੰ ਕਿਸੇ ਕਿਸਮ ਦਾ ਰਿਕਾਰਡ ਰੱਖਣ ਦੀ ਕੋਈ ਲੋੜ ਨਹੀਂ ਜਿਸਦੇ ਮੱਦੇਨਜ਼ਰ ਉਨ੍ਹਾਂ ਨੇ ਪੰਜਾਬ ਦੇ ਵਪਾਰੀਆਂ ਨੂੰ ਵੀ ਰਾਹਤ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨੂੰ ਸਰਕਾਰੀ ਦਫ਼ਤਰਾਂ ਤੋਂ ਭੈਅ ਮੁਕਤ ਕਰਨ ਅਤੇ ਇੰਸਪੈਕਟਰੀ ਰਾਜ ਦੇ ਖਾਤਮੇ ਲਈ ਸ਼ੁਰੂ ਕੀਤੀ ਇਸ ਨਿਵੇਕਲੀ ਸਕੀਮ ਨੂੰ ਲਾਗੂ ਕਰਨ ਵਾਲਾ ਪੰਜਾਬ ਦੇਸ਼ ਭਰ ‘ਚੋਂ ਪਹਿਲਾ ਸੂਬਾ ਬਣ ਗਿਆ ਹੈ ਇਸ ਤਹਿਤ ਵਪਾਰੀ ਆਪਣੀ ਸ਼੍ਰੇਣੀ ਤਹਿਤ ਉੱਕਾ ਪੁੱਕਾ ਟੈਕਸ ਭਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਦੂਜੇ ਤੇ ਤੀਜੇ ਦਰਜੇ ਦੇ ਸ਼ਹਿਰਾਂ ‘ਚ ਕਾਮਯਾਬ ਹੋਣ ਮਗਰੋਂ ਨਿਗਮਾਂ ਤੇ ਪਹਿਲੇ ਦਰਜਾਂ ਦੇ ਸ਼ਹਿਰਾਂ ‘ਚ ਵੀ ਲਾਗੂ ਕੀਤਾ ਜਾਵੇਗੀ। ਪੰਜਾਬ ਸਰਕਾਰ ਦਾ ਇਹ ਯਤਨ ਵਪਾਰੀਆਂ ਨੂੰ ਵਪਾਰ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਰਾਹਤ ਦਿਵਾਉਣ ਦਾ ਸੁਹਿਰਦ ਯਤਨ ਹੈ ਤਾਂ ਜੋ ਬਿਨਾਂ ਕਿਸੇ ਡਰ ਦੇ ਸਿਰਫ ਤੇ ਸਿਰਫ ਵਪਾਰ ਵੱਲ ਧਿਆਨ ਦੇ ਸਕਣ।

ਸ. ਬਾਦਲ ਨੇ ਦੱਸਿਆ ਕਿ ਸ਼ੁਰੂ ਕੀਤੀ ਗਈ ਰਾਹਤ ਯੋਜਨਾ ਤਹਿਤ ਪਹਿਲੇ ਪੜ੍ਹਾਅ ਵਿੱਚ ਪੰਜਾਬ ਦੇ 74 ਸ਼ਹਿਰਾਂ/ਕਸਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਗੋਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆਂ ਗਿਆ ਹੈ ਜਿੱਥੇ 1.86 ਲੱਖ ਵਪਾਰੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ 0 ਤੋਂ 25 ਲੱਖ ਤੱਕ ਦੀ ਟਰਨਓਵਰ ਵਾਲੇ ਵਪਾਰੀਆਂ ਨੂੰ 5000 ਰੁਪਏ, 25 ਤੋਂ 50 ਲੱਖ ਵਾਲੇ ਵਪਾਰੀਆਂ ਨੂੰ 10000, ਇਸੇ ਤਰ੍ਹਾਂ 50 ਤੋਂ 75 ਲੱਖ ਵਾਲੇ ਵਪਾਰੀਆਂ ਨੂੰ 15000 ਰੁਪਏ ਅਤੇ 75 ਲੱਖ ਤੋਂ 1 ਕਰੋੜ ਤੱਕ ਦੀ ਟਰਨਓਵਰ ਵਾਲੇ ਵਪਾਰੀਆਂ ਨੂੰ 20 ਹਜ਼ਾਰ ਰੁਪਏ ਉੱਕਾ-ਪੁੱਕਾ ਟੈਕਸ ਦੇਣ ਦੀ ਸੁਵਿਧਾ ਦਿੱਤਾ ਗਈ ਹੈ। ਸ. ਬਾਦਲ ਨੇ ਦੱਸਿਆ ਕਿ ਸੂਬੇ ਵਿੱਚ ਇੰਸਪੈਕਟਰੀ ਰਾਜ ਦੇ ਖਾਤਮੇ ਲਈ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਕਰ ਤੇ ਆਬਕਾਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਕਮਿਸ਼ਨਰ ਦੀ ਮੰਨਜ਼ੂਰੀ ਤੋਂ ਬਿਨਾਂ ਕਿਸੇ ਵਪਾਰੀ, ਦੁਕਾਨਦਾਰ ਦੇ ਦੁਕਾਨ ‘ਤੇ ਛਾਪੇਮਾਰੀ ਨਹੀਂ ਕਰ ਸਕੇਗਾ। ਜੇਕਰ ਵਪਾਰੀ ਦੀ ਕੋਈ ਬੇਨਿਯਮੀ ਨੋਟਿਸ ਵਿੱਚ ਆਉਂਦੀ ਹੈ ਤਾਂ ਕਮਿਸ਼ਨਰ ਕਰ ਤੇ ਆਬਕਾਰੀ ਵੱਲੋਂ ਓਸ ਵਿਰੁੱਧ ਜਾਂਚ ਦੀ ਮੰਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਪਾਰੀਆਂ ਦੀ ਸਹੂਲਤ ਲਈ ਇੱਕ ਹੈਲਪਲਾਈਨ ਨੰਬਰ 18002582580 ਅਤੇ rahatscheme੨੦੧੪0gmail.com ਵੀ ਸ਼ੁਰੂ ਕੀਤੀ ਗਈ ਹੈ ਜਿਥੇ ਕੋਈ ਵੀ ਵਪਾਰੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾ ਸਕੇਗਾ। ਨਵੀਂ ਨੀਤੀ ਨਾਲ ਵਪਾਰੀ ਵੱਡੀ ਪੱਧਰ ‘ਤੇ ਆਪਣੇ ਆਪ ਨੂੰ ਪੰਜਾਬ ਸਰਕਾਰ ਪਾਸ ਰਜਿਸਟਰਡ ਕਰਵਾਉਣਗੇ। ਇਸ ਨਾਲ ਵਪਾਰੀਆਂ ਨੂੰ ਜੀਵਨ ਬੀਮਾ, ਮੈਡੀਕਲ ਬੀਮਾਂ ਅਤੇ ਕੁਦਰਤੀ ਆਫਤ ਤੇ ਅਣਹੋਣੀ ਘਟਨਾ ਲਈ ਬੀਮਾ ਕਵਰ ਵੀ ਮਿਲੇਗਾ।

ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਨਿਸ਼ਾਨਾਂ ਪੰਜਾਬੀਆਂ ਦੀ ਸਰਕਾਰੀ ਦਫ਼ਤਰਾਂ ‘ਚ ਖੱਜਲ ਖੁਆਰੀ ਰੋਕਣ ਅਤੇ ਬਿਹਤਰ ਪ੍ਰਸ਼ਾਸ਼ਨ ਦੇਣਾ ਹੈ ਜਿਸ ਦੇ ਮੱਦੇਨਜ਼ਰ 2014 ਦੇ ਅੰਤ ਤੱਕ ਸਾਰੇ ਸਰਕਾਰੀ ਦਫਤਰਾਂ ਨੂੰ ਆਨ ਲਾਇਨ ਕਰ ਦਿੱਤਾ ਜਾਵੇਗਾ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ 147 ਸੇਵਾਵਾਂ ਆਨ ਲਾਇਨ ਮੁਹੱਈਆ ਹੋਣਗੀਆਂ ਜਿਸ ਨਾਲ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ‘ਚ ਜਾਣ ਦੀ ਵੀ ਲੋੜ ਨਹੀਂ ਰਹੇਗੀ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਨੇ ਰਾਜ ‘ਚ ਉਦਯੋਗਿਕ ਕਰਾਂਤੀ ਲਿਆਉਣ ਲਈ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨਫੋਸਿਸ ਤੇ ਹੋਰ 27 ਕੰਪਨੀਆਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੀਆਂ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅੱਜ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਅਤੇ ਹੁਣ ਵਾਧੂ ਬਿਜਲੀ ਦੂਜੇ ਸੂਬਿਆਂ ਨੂੰ ਵੇਚੀ ਜਾਇਆ ਕਰੇਗੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਲੱਖ ਬਿਜਲੀ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅਤੇ 2013 ਤੱਕ ਦੇ ਬਿਨੇਕਾਰਾਂ ਨੂੰ ਵੀ ਅਗਲੇ ਛੇ ਮਹੀਨਿਆਂ ਤੱਕ ਟਿਊਬਵੈਲ ਕੁਨੈਕਸ਼ਨ ਦੇ ਦਿੱਤੇ ਜਾਣਗੇ।

ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਰਾਜ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ ਹਨ, ਜਿਸ ਤਹਿਤ ਅਗਲੇ ਢਾਈ ਸਾਲਾਂ ‘ਚ 15000 ਕਰੋੜ ਰੁਪਏ ਨਾਲ ਚਾਰ ਤੇ ਛੇ ਮਾਰਗੀ ਸੜਕਾਂ, 150 ਸ਼ਹਿਰਾਂ ਤੇ ਮੰਡੀਆਂ ‘ਚ 10 ਹਜ਼ਾਰ ਕਰੋੜ ਰੁਪਏ ਨਾਲ 100 ਫੀਸਦੀ ਸੀਵਰੇਜ ਤੇ ਜਲ ਸਪਲਾਈ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸ. ਬਾਦਲ ਨੇ ਸਮਾਣਾ ਸ਼ਹਿਰ ‘ਚ ਵੀ ਸੀਵਰੇਜ ਅਤੇ ਜਲ ਸਪਲਾਈ ਦੀ 100 ਫੀਸਦੀ ਸਹੂਲਤ ਦਾ ਵੱਡਾ ਪ੍ਰਾਜੈਕਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਲਾਅਰੇ ਲਾਉਣ ‘ਚ ਨਹੀਂ ਬਲਕਿ ਕੰਮ ਕਰਨ ‘ਚ ਵਿਸ਼ਵਾਸ਼ ਰੱਖਦੇ ਹਨ ਜਦਕਿ ਕਾਂਗਰਸੀ ਕੇਵਲ ਗੱਪਾਂ ਮਾਰਨ ‘ਚ ਹੀ ਮਸ਼ਰੂਫ਼ ਹਨ। ਸ. ਬਾਦਲ ਨੇ ਕਿਹਾ ਕਿ ਅੱਜ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਦੇਸ਼ ਨੂੰ ਤਬਾਹੀ ਦੀ ਕਗਾਰ ‘ਤੇ ਲਿਆ ਖੜ੍ਹਾ ਕੀਤਾ ਹੈ ਜਿਸ ਲਈ ਤਬਦੀਲੀ ਦੀ ਵੱਡੀ ਲੋੜ ਹੈ ਅਤੇ ਦੇਸ਼ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਦੀ ਸਰਕਾਰ ਬਣਾਉਣ ਲਈ ਤਿਆਰ ਹੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਛੋਟੇ-ਛੋਟੇ ਫੈਸਲੇ ਵੀ ਨਾ ਲੈ ਸਕਣ ਵਾਲੇ ਰਾਹੁਲ ਗਾਂਧੀ ਦੀ ਨਹੀਂ ਬਲਕਿ ਦੇਸ਼ ਦੇ ਹਿੱਤਾਂ ਲਈ ਮਜ਼ਬੂਤ ਫੈਸਲੇ ਲੈਣ ਵਾਲੇ ਸ੍ਰੀ ਮੋਦੀ ਦੀ ਲੋੜ ਹੈ, ਇਸ ਲਈ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਐਨ.ਡੀ.ਏ. ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ।

ਇਸ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੁਨੀਆਂ ਦਾ ਬੱਚਾ ਬੱਚਾ ਜਾਣਦਾ ਹੈ ਕਿ ’84 ਦੀ ਸਿੱਖ ਨਸ਼ਲਕੁਸ਼ੀ ਅਤੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਨ ਲਈ ਕਾਂਗਰਸ ਜਿੰਮੇਵਾਰ ਹੈ, ਜਿਸ ਲਈ ਕਾਂਗਰਸੀ ਇਸਦੇ ਦੋਸ਼ਾਂ ਤੋਂ ਬਚ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜਿਸ ਸਮੇਂ ਕਾਂਗਰਸ ਸਰਕਾਰ ਨੇ ਵਿਉਂਤਵੱਧ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਲਾਹਕਾਰ ਸਨ, ਪਰ ਹੁਣ ਉਹ ਰਾਹੁਲ ਗਾਂਧੀ ਸਾਹਮਣੇ ਨੰਬਰ ਬਣਾਉਣ ਲਈ ਝੂਠ ‘ਤੇ ਝੂਠ ਬੋਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦਰਮਿਆਨ ਕਾਂਗਰਸ ਦੇ ਪ੍ਰਧਾਨਗੀ ਨੂੰ ਲੈਕੇ ਲੜਾਈ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਤੇ ਆਪ ਦਾ ਕੋਈ ਭਵਿਖ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵੀ ਪੀ.ਪੀ.ਪੀ. ਵਾਲਾ ਹੀ ਹਾਲ ਹੋਵੇਗਾ। ਸ. ਬਾਦਲ ਨੇ ਐਡਵੋਕੇਟ ਐਚ.ਐਸ. ਫੂਲਕਾ ਨੂੰ ਲੁਧਿਆਣਾ ਤੋਂ ਆਪ ਦਾ ਉਮੀਦਵਾਰ ਬਣਾਏ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਦਿੱਲੀ ਦੇ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਫੀਸ ਲੈਕੇ ਹੀ ਲੜਦੇ ਰਹੇ ਹਨ, ਜਿਸ ਨੂੰ ਹੁਣ ਆਪ ਨੇ ‘ਹਾਇਰ’ ਕਰ ਲਿਆ ਹੈ। ਉਨ੍ਹਾਂ ਕੇਂਦਰੀ ਬਜ਼ਟ ‘ਤੇ ਟਿਪਣੀ ਕਰਦਿਆਂ ਇਸਨੂੰ ਕਾਂਗਰਸ ਦਾ ਆਖਰੀ ਬਜ਼ਟ ਦੱਸਿਆ ਤੇ ਕਿਹਾ ਕਿ ਹੁਣ ਕਾਂਗਰਸ ਦਾ ‘ਭੋਗ’ ਪੈ ਗਿਆ ਹੈ।

ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਸ਼ੁਰੂ ਕਰਕੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪਰ ਕਾਂਗਰਸ ਨੇ ਇਹ ਮਾਹੌਲ ਬਣਾ ਦਿੱਤਾ ਸੀ ਕਿ ਪੰਜਾਬ ਸਰਕਾਰ ਕੇਵਲ ਕਿਸਾਨਾਂ ਦਾ ਹੀ ਸੋਚਦੀ ਹੈ ਪ੍ਰੰਤੂ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਕੋਈ ਵੀ ਵਰਗ ਸਰਕਾਰ ਦੀਆਂ ਸਕੀਮਾਂ ਤੋਂ ਵਾਂਝਾ ਨਹੀਂ ਰਿਹਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਕੇਂਦਰ ‘ਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਦੀ ਸਰਕਾਰ ਬਣਾਈ ਜਾ ਸਕੇ।  ਇਸ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸ. ਬਾਦਲ ਨੂੰ ਜੀ ਆਇਆਂ ਕਹਿੰਦਿਆਂ ਹਲਕਾ ਸਮਾਣਾ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਪਟਿਆਲਾ ਜ਼ਿਲ੍ਹੇ ‘ਚ ਹੋ ਰਹੇ ਵਿਕਾਸ ਕਾਰਜਾਂ ਲਈ ਸ. ਬਾਦਲ ਦਾ ਧੰਨਵਾਦ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਸਰਕਾਰ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਇਸ ਮੌਕੇ ਦਰਜਨ ਦੇ ਕਰੀਬ ਵਪਾਰੀਆਂ ਨੂੰ ਰਾਹਤ ਸਰਟੀਫਿਕੇਟ ਵੀ ਵੰਡੇ ਗਏ।

ਸਮਾਗਮ ਦੌਰਾਨ ਰਾਜ ਸਭਾ ਮੈਂਬਰ ਬੀਬੀ ਅਮਰਜੀਤ ਕੌਰ, ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ, ਸ੍ਰੀ ਸਰੂਪ ਚੰਦ ਸਿੰਗਲਾ, ਸ. ਚਰਨਜੀਤ ਸਿੰਘ ਰੱਖੜਾ, ਪੰਜਾਬ ਟਰੇਡਰਜ ਬੋਰਡ ਦੇ ਚੇਅਰਮੈਨ ਸ੍ਰੀ ਨਰੋਤਮ ਦੇਵ ਰੱਤੀ, ਵਿਧਾਇਕਾ ਵਰਿੰਦਰ ਕੌਰ ਲੂੰਬਾ, ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੰਤਰੀ ਸ੍ਰੀ ਅਜਮੇਰ ਸਿੰਘ ਮੁਖਮੈਲਪੁਰ, ਐਸ.ਜੀ.ਪੀ.ਸੀ. ਮੈਂਬਰ ਸ੍ਰੀ ਨਿਰਮਲ ਸਿੰਘ ਹਰਿਆਊ, ਸ੍ਰੀ ਸਤਵਿੰਦਰ ਸਿੰਘ ਟੌਹੜਾ, ਸ੍ਰੀ ਕੁਲਦੀਪ ਸਿੰਘ ਨੱਸੂਪੁਰ, ਸ੍ਰੀ ਜਮਸੇਰ ਸਿੰਘ ਲਾਛੜੂ, ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਰਾਜ ਖੁਰਾਣਾ, ਸ੍ਰੀ ਫੌਜਇੰਦਰ ਸਿੰਘ ਮੁਖਮੈਲਪੁਰ, ਸ੍ਰੀ ਮੱਖਣ ਸਿੰਘ ਲਾਲਕਾ, ਸ੍ਰੀ ਮਹਿੰਦਰ ਸਿੰਘ ਲਾਲਵਾ, ਸ੍ਰੀ ਸੁਰਜੀਤ ਸਿੰਘ ਅਬਲੋਵਾਲ, ਸ੍ਰੀ ਰਣਧੀਰ ਸਿੰਘ ਰੱਖੜਾ, ਸ੍ਰੀ ਦੀਦਾਰ ਸਿੰਘ ਭੱਟੀ, ਸ੍ਰੀ ਜਗਦੀਪ ਸਿੰਘ ਚੀਮਾ, ਸ੍ਰੀ ਛੱਜੂ ਰਾਮ ਸੋਫ਼ਤ, ਮੇਅਰ ਨਗਰ ਨਿਗਮ ਸ੍ਰੀ ਅਮਰਿੰਦਰ ਸਿੰਘ ਬਜਾਜ, ਸ੍ਰੀ ਸੁੱਖੀ ਰੱਖੜਾ, ਸ੍ਰੀ ਹਰਜੀਤ ਸਿੰਘ ਅਦਾਲਤੀਵਾਲਾ, ਸ੍ਰੀ ਸੁਰਿੰਦਰ ਸਿੰਘ ਪਹਿਲਵਾਨ, ਸ੍ਰੀ ਹਰੀ ਸਿੰਘ ਪ੍ਰੀਤ ਕੰਬਾਇਨ, ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ੍ਰੀ ਕਪੂਰ ਚੰਦ ਬਾਂਸਲ, ਸ੍ਰੀ ਅਸ਼ੋਕ ਮੌਦਗਿੱਲ, ਡਾ. ਲਛਮਣ ਦਾਸ ਸੇਵਕ, ਸ੍ਰੀ ਹਰਮੀਤ ਸਿੰਘ ਪਠਾਣ ਮਾਜਰਾ, ਸ੍ਰੀ ਤਰਸੇਮ ਸੈਣੀ, ਸ੍ਰੀ ਰਮੇਸ਼ ਗਰਗ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਜਸਪਾਲ ਸਿੰਘ ਕਲਿਆਣ, ਡਾ. ਨਵੀਨ ਸਾਰੋਂਵਾਲਾ, ਡਾ. ਯਸ਼ਪਾਲ ਖੰਨਾ, ਸ੍ਰੀ ਜਸਵਿੰਦਰ ਸਿੰਘ ਚੀਮਾ, ਸ੍ਰੀ ਰਵੀ ਆਹਲੂਵਾਲੀਆ, ਸ੍ਰੀ ਸ਼ਾਮ ਲਾਲ ਗਰਗ, ਸ੍ਰੀ ਰਜੇਸ਼ ਮੋਦਗਿੱਲ, ਸ੍ਰੀ ਸੰਜੀਵ ਕੋਸ਼ਿਕ, ਸ੍ਰੀ ਕ੍ਰਿਸ਼ਨ ਗੋਇਲ, ਸ੍ਰੀ ਕਰਮ ਸਿੰਘ ਬਠੋਈ, ਸ੍ਰੀ ਪਤਵਿੰਦਰ ਸਿੰਘ ਪੰਜਰਥ, ਵਿੱਤੀ ਕਮਿਸ਼ਨਰ ਪੰਜਾਬ ਸ੍ਰੀ ਡੀ.ਪੀ. ਰੈਡੀ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਵਿਸ਼ੇਸ਼ ਪ੍ਰਮੁੱਖ ਸਕੱਤਰ ਉੱਪ ਮੁੱਖ ਮੰਤਰੀ ਸ. ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਸਮੇਤ ਵੱਡੀ ਗਿਣਤੀ ‘ਚ ਕਈ ਜ਼ਿਲ੍ਹਿਆਂ ਦੇ ਵਪਾਰੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪਿੰਡਾਂ ਦੇ ਵਸਨੀਕ, ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਮੌਜੂਦ ਸਨ।

Facebook Comment
Project by : XtremeStudioz